ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨਾਲ ਕੱਚੇ ਕਾਮਿਆਂ ਦੀ ਹੋਣ ਵਾਲੀ ਪੈਨਲ ਮੀਟਿੰਗ ਐਨ ਮੌਕੇ ਰੱਦ

ਅਗਲੇ ਹਫ਼ਤੇ ਤੱਕ ਮੰਗਾਂ ਦਾ ਹੱਲ ਨਾ ਕਰਨ ਦੀ ਸੂਰਤ ਵਿੱਚ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਕਰਨ ਦਾ ਐਲਾਨ

ਨਬਜ਼-ਏ-ਪੰਜਾਬ, ਮੁਹਾਲੀ, 3 ਦਸੰਬਰ:
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਪੇਂਡੂ ਜਲ ਸਪਲਾਈ ਸਕੀਮਾਂ, ਫ਼ੀਲਡ ਅਤੇ ਦਫ਼ਤਰਾਂ ਵਿੱਚ ਸਾਲਾਂ-ਬੱਧੀ ਸੇਵਾਵਾਂ ਨਿਭਾ ਰਹੇ ਇਨਲਿਸਟਮੈਂਟ ਅਤੇ ਆਊਟਸੋਰਸ ਠੇਕਾ ਆਧਾਰਿਤ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਮੇਤ ਹੋਰ ਜਾਇਜ਼ ਅਤੇ ਹੱਕੀ ਮੰਗਾਂ ਸਬੰਧੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨਾਲ ਹੋਣ ਵਾਲੀ ਪੈਨਲ ਮੀਟਿੰਗ ਐਨ ਮੌਕੇ ਰੱਦ ਹੋਣ ਕਾਰਨ ਕੱਚੇ ਕਾਮਿਆਂ ਵਿੱਚ ਭਾਰੀ ਰੋਸ ਹੈ।
ਅੱਜ ਇੱਥੇ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ, ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਵਾਲਾ ਅਤੇ ਮੀਤ ਪ੍ਰਧਾਨ ਜਸਬੀਰ ਸਿੰਘ ਜਿੰਦਬੜੀ ਨੇ ਕਿਹਾ ਕਿ ਪੰਜਾਬ ਦੇ ਹੁਕਮਰਾਨ ਅਤੇ ਉੱਚ ਅਧਿਕਾਰੀ ਕੱਚੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਮੰਨਣ ਤੋਂ ਟਾਲਾ ਵੱਟ ਰਹੇ ਹਨ ਅਤੇ ਹੁਣ ਨਿਰਧਾਰਿਤ ਮੀਟਿੰਗਾਂ ਕਰਨ ਤੋਂ ਵੀ ਭੱਜਣ ਲੱਗ ਪਏ ਹਨ। ਜਿਸ ਤੋਂ ‘ਆਪ’ ਸਰਕਾਰ ਦਾ ਦੋਗਲਾ ਚਿਹਰਾ ਬੇਨਿਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਵਿਭਾਗ ਦੇ ਮੰਤਰੀ ਹਰਦੀਪ ਸਿੰਘ ਮੁੰਡੀਆ ਪੈਨਲ ਮੀਟਿੰਗ ਹੋਣੀ ਸੀ ਪ੍ਰੰਤੂ ਮੰਤਰੀ ਦੇ ਘਰੇਲੂ ਰੁਝੇਵਿਆਂ ਦਾ ਹਵਾਲਾ ਦੇ ਕੇ ਐਨ ਮੌਕੇ ਮੀਟਿੰਗ ਰੱਦ ਕਰ ਦਿੱਤੀ ਗਈ। ਇਹ ਮੀਟਿੰਗ ਉਸ ਵੇਲੇ ਰੱਦ ਕੀਤੀ ਗਈ ਜਦੋਂ ਤੈਅ ਸਮੇਂ ਮੁਤਾਬਕ ਮੁਲਾਜ਼ਮ ਜਥੇਬੰਦੀ ਦੀ ਸੂਬਾਈ ਲੀਡਰਸ਼ਿਪ ਉਨ੍ਹਾਂ ਦੇ ਦਫ਼ਤਰ ਪਹੁੰਚ ਚੁੱਕੀ ਸੀ। ਮੀਟਿੰਗ ਵਿੱਚ ਮੰਤਰੀ ਦੇ ਨਾ ਆਉਣ ਕਾਰਨ ਉਨ੍ਹਾਂ ਨੂੰ ਬੇਰੰਗ ਵਾਪਸ ਆਉਣਾ ਪਿਆ।
ਸੂਬਾਈ ਆਗੂਆਂ ਨੇ ਪੰਜਾਬ ਸਰਕਾਰ ਨੂੰ ਹਫ਼ਤੇ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਕੈਬਨਿਟ ਮੰਤਰੀ ਮੁੰਡੀਆ ਨੇ ਦੁਬਾਰਾ ਮੀਟਿੰਗ ਸੱਦ ਕੇ ਇਨਲਿਸਟਮੈਂਟ ਅਤੇ ਆਊਟਸੋਰਸ ਠੇਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਹਾਮੀ ਨਹੀਂ ਭਰੀ ਅਤੇ ਕਿਰਤ ਕਾਨੂੰਨ ਮੁਤਾਬਕ ਵਧੀਆ ਉਜ਼ਰਤਾਂ ਅਨੁਸਾਰ ਤਨਖ਼ਾਹ ਵਿੱਚ ਵਾਧਾ ਕਰਨ ਸਮੇਤ ਹੋਰ ਜਾਇਜ਼ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਠੇਕਾ ਮੁਲਾਜ਼ਮਾਂ ਵੱਲੋਂ ਅਗਲੇ ਹਫ਼ਤੇ ਕੈਬਨਿਟ ਮੰਤਰੀ ਦੇ ਹਲਕੇ ਸਹਾਨੇਵਾਲ ਵਿੱਚ ਸੰਘਰਸ਼ ਵਿੱਢਿਆ ਜਾਵੇਗਾ। ਨਾਲ ਹੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਧੀਨ ਚੱਲ ਰਹੀਆਂ ਜਲ ਸਪਲਾਈ ਸਕੀਮਾਂ ’ਤੇ ਸਕਾਡਾ ਸਿਸਟਮ ਲਗਾਉਣ, ਪੰਚਾਇਤੀਕਰਨ ਅਤੇ ਨਿੱਜੀਕਰਨ ਨੀਤੀਆ ਦਾ ਵਿਰੋਧ ਪ੍ਰਦਰਸ਼ਨ ਸਬੰਧੀ ਉਲੀਕਿਆ ਪ੍ਰੋਗਰਾਮ ਜਾਰੀ ਰੱਖਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਕੰਪਿਊਟਰ ਅਧਿਆਪਕਾਂ ਵੱਲੋਂ ਨਵੇਂ ਨਿਯਮ ਰੱਦ ਕਰਵਾਉਣ ਤੇ ਹੱਕੀ ਮੰਗਾਂ ਮਨਵਾਉਣ ਲਈ ਸਿੱਖਿਆ ਭਵਨ ਦਾ ਘਿਰਾਓ

ਕੰਪਿਊਟਰ ਅਧਿਆਪਕਾਂ ਵੱਲੋਂ ਨਵੇਂ ਨਿਯਮ ਰੱਦ ਕਰਵਾਉਣ ਤੇ ਹੱਕੀ ਮੰਗਾਂ ਮਨਵਾਉਣ ਲਈ ਸਿੱਖਿਆ ਭਵਨ ਦਾ ਘਿਰਾਓ ਨਵ…