
ਜੁਝਾਰ ਨਗਰ ਵਿੱਚ ਮਰੀਜ਼ ਦੀ ਭੇਤਭਰੀ ਹਾਲਤ ’ਚ ਮੌਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਾਰਚ:
ਇੱਥੋਂ ਦੇ ਜੁਝਾਰ ਨਗਰ ਵਿੱਚ ਐਤਵਾਰ ਨੂੰ ਇੱਕ ਵਿਅਕਤੀ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਵੀਨ ਕੁਮਾਰ (29) ਪੁੱਤਰ ਅਭੈ ਕੁਮਾਰ ਦਾਸ ਵਾਸੀ 187, ਬਾਲਾਜੀ ਫੈਕਟਰੀ, ਸੈਕਟਰ-29, ਪਾਣੀਪਤ (ਹਰਿਆਣਾ) ਵਜੋਂ ਹੋਈ ਹੈ। ਮਰਨ ਵਾਲਾ ਕਿਸੇ ਬਿਮਾਰੀ ਤੋਂ ਪੀੜਤ ਜਾਪਦਾ ਸੀ। ਉਸ ਦੀ ਸੱਜੀ ਬਾਂਹ ਉੱਤੇ ਗੁਲੂਕੋਸ ਜਾਂ ਨਸ ਵਿੱਚ ਟੀਕਾ ਲਗਾਉਣ ਲਈ ਵੈਨ ਫਲੋ (ਏਨੂਲਾ) ਲੱਗੀ ਹੋਈ ਸੀ। ਸੂਚਨਾ ਮਿਲਣ ’ਤੇ ਬਲੌਂਗੀ ਥਾਣਾ ਦੇ ਏਐਸਆਈ ਅੰਗਰੇਜ਼ ਸਿੰਘ ਤੇ ਹੋਰ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮੌਕੇ ’ਤੇ ਮੌਜੂਦ ਕੁੱਝ ਵਿਅਕਤੀਆਂ ਨੇ ਪੁਲੀਸ ਨੂੰ ਦੱਸਿਆ ਕਿ ਅੱਜ ਸਵੇਰੇ ਕਰੀਬ 11 ਵਜੇ ਉਕਤ ਵਿਅਕਤੀ ਨੂੰ ਜੁਝਾਰ ਨਗਰ ਵਿੱਚ ਖਾਣਾ ਖਾਂਦੇ ਹੋਏ ਦੇਖਿਆ ਗਿਆ ਸੀ ਪ੍ਰੰਤੂ ਕੁੱਝ ਸਮੇਂ ਬਾਅਦ ਉਹ ਅਚਾਨਕ ਜ਼ਮੀਨ ’ਤੇ ਲੰਮਾ ਪੈ ਗਿਆ ਅਤੇ ਦੁਬਾਰਾ ਬੈਠਾ ਨਹੀਂ ਹੋਇਆ। ਜਦੋਂ ਲੋਕਾਂ ਨੇ ਨੇੜੇ ਜਾ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਸੱਜੀ ਬਾਂਹ ਉੱਤੇ ਵੈਨ ਫਲੋ (ਏਨੂਲਾ) ਲੱਗੀ ਹੋਈ ਸੀ। ਜਿਸ ਤੋਂ ਇਹ ਜਾਪਦਾ ਹੈ ਕਿ ਸ਼ਾਇਦ ਉਹ ਬਿਮਾਰ ਸੀ ਅਤੇ ਉਸ ਦਾ ਕਿਤੇ ਇਲਾਜ ਚੱਲ ਰਿਹਾ ਸੀ। ਉਂਜ ਲਾਸ਼ ਕੋਲੋਂ ਕਿਸੇ ਡਾਕਟਰ ਦੀ ਪਰਚੀ ਵਗੈਰਾ ਨਹੀਂ ਮਿਲੀ ਹੈ।
ਜਾਂਚ ਅਧਿਕਾਰੀ ਨੇ ਹਾਲਾਂਕਿ ਲਾਸ਼ ਕੋਲੋਂ ਮਿਲੇ ਆਧਾਰ ਕਾਰਡ ਦੇ ਮੁਤਾਬਕ ਮ੍ਰਿਤਕ ਪ੍ਰਵੀਨ ਕੁਮਾਰ ਪੁੱਤਰ ਅਭੈ ਕੁਮਾਰ ਦਾਸ ਵਾਸੀ 187, ਬਾਲਾਜੀ ਫੈਕਟਰੀ, ਸੈਕਟਰ-29, ਪਾਣੀਪਤ (ਹਰਿਆਣਾ) ਰਹਿਣ ਵਾਲਾ ਹੈ ਪ੍ਰੰਤੂ ਮ੍ਰਿਤਕ ਵਿਅਕਤੀ ਦੀ ਸ਼ਨਾਖ਼ਤ ਲਈ 72 ਘੰਟੇ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਜਾਵੇਗਾ। ਜੇਕਰ ਇਸ ਦੌਰਾਨ ਕੋਈ ਵਿਅਕਤੀ ਉਸ ਦੀ ਸ਼ਨਾਖ਼ਤ ਲਈ ਨਹੀਂ ਆਇਆ ਤਾਂ ਲਾਸ਼ ਨੂੰ ਲਾਵਾਰਿਸ ਕਰਾਰ ਦੇ ਕੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ।