Share on Facebook Share on Twitter Share on Google+ Share on Pinterest Share on Linkedin ਪੰਜਾਬ ਨਰਸਿੰਗ ਕੌਂਸਲ ਦੇ ਦਫ਼ਤਰ ਐਨਓਸੀ ਹਾਸਲ ਕਰਨ ਲਈ ਖੱਜਲ ਖੁਆਰ ਹੋ ਰਹੇ ਨੇ ਲੋਕ ਪੀੜਤ ਲੋਕਾਂ ਨੇ ਕੌਂਸਲ ਦਫ਼ਤਰ ਦੇ ਕਰਮਚਾਰੀ ’ਤੇ ਲਗਾਇਆ ਪੈਸੇ ਲੈ ਕੇ ਸਰਟੀਫਿਕੇਟ ਜਾਰੀ ਕਰਨ ਦਾ ਦੋਸ਼, ਕਰਮਚਾਰੀ ਨੇ ਦੋਸ਼ ਨਕਾਰੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ: ਪਿਛਲੇ ਲੰਮੇ ਸਮੇਂ ਤੋਂ ਵਿਵਾਦਾਂ ਦਾ ਕੇਂਦਰ ਬਿੰਦੂ ਬਣੀ ਰਹੀ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਦੇ ਦਫ਼ਤਰ ਵਿੱਚ ਆਪਣੀ ਐਨਓਸੀ ਹਾਸਲ ਕਰਨ ਲਈ ਗੇੜੇ ਮਾਰ ਰਹੇ ਰਾਜਸਥਾਨ ਤੋਂ ਪਹੁੰਚੇ ਲੋਕਾਂ ਨੇ ਅੱਜ ਇਲਜਾਮ ਲਗਾਇਆ ਕਿ ਨਰਸਿੰਗ ਕੌਂਸਲ ਦੇ ਕਰਮਚਾਰੀ ਜਾਣਬੁੱਝ ਕੇ ਉਨ੍ਹਾਂ ਨੂੰ ਖੱਜਲ ਖੁਆਰ ਕਰਦੇ ਹਨ ਅਤੇ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਐਨਓਸੀ ਮਿਲਦੀ ਹੈ ਜਿਸ ਵਲੋਂ ਸਬੰਧਤ ਕਰਮਚਾਰੀ ਨੂੰ ਪੈਸੇ ਦਿੱਤੇ ਜਾਂਦੇ ਹਨ। ਰਾਜਸਥਾਨ ਵਾਸੀ ਰਾਜੇਸ਼ ਕੁਮਾਰ, ਬਿਕਰਮ ਕੁਮਾਰ, ਹਰਜਾ ਰਾਮ ਅਤੇ ਹੋਰਨਾਂ ਨੇ ਦੱਸਿਆ ਕਿ ਉਹ ਰਾਜਸਥਾਨ ਦੇ ਦੂਰ ਦੁਰਾਡੇ ਵਾਲੇ ਇਲਾਕਿਆਂ ਤੋਂ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਦੇ ਦਫ਼ਤਰ ਵਿੱਚ ਐਨਓਸੀ ਲੈਣ ਲਈ ਪਿਛਲੇ 5 ਦਿਨਾਂ ਤੋਂ ਖੱਜਲ ਖੁਆਰ ਹੋ ਰਹੇ ਹਨ ਪਰ ਉਨ੍ਹਾਂ ਨੂੰ ਐਨਓਸੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜਦੋਂ ਉਹ ਐਨਓਸੀ ਲੈਣ ਲਈ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਦੇ ਦਫ਼ਤਰ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਦਫ਼ਤਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਜਿਸ ਕਾਰਨ ਉਨ੍ਹਾਂ ਦਾ ਸਮਾਂ ਅਤੇ ਪੈਸਾ ਬਰਬਾਦ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ’ਚੋਂ ਕਈ ਵਿਅਕਤੀ ਤਾਂ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਹੀ ਨਰਸਿੰਗ ਕੌਂਸਲ ਦੇ ਦਫ਼ਤਰ ਵਿੱਚ ਐਨਓਸੀ ਲੈਣ ਲਈ ਚੱਕਰ ਮਾਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੋਸ਼ ਲਗਾਇਆ ਕਿ ਕੌਂਸਲ ਦੇ ਦਫਤਰ ਵਿੱਚ ਜੋ ਵਿਅਕਤੀ ਪੈਸੇ ਦੇ ਦਿੰਦਾ ਹੈ, ਉਸ ਦਾ ਕੰਮ ਤੁਰੰਤ ਹੋ ਜਾਂਦਾ ਹੈ। ਦਰਅਸਲ ਹੋਰਨਾਂ ਸੂਬਿਆਂ ਦੇ ਜਿਹੜੇ ਵਿਦਿਆਰਥੀ ਪੰਜਾਬ ਦੇ ਨਰਸਿੰਗ ਕਾਲੇਜਾਂ ਤੋਂ ਡਿਗਰੀ ਕਰਦੇ ਹਨ ਉਹਨਾਂ ਦੀ ਰਜਿਸਟ੍ਰੇਸ਼ਨ ਪੰਜਾਬ ਨਰਸਿੰਗ ਕੌਂਸਲ ਵਿੱਚ ਖੁਦਬਖੁਦ ਹੋ ਜਾਂਦੀ ਹੈ। ਜਦੋਂ ਇਹਨਾਂ ਲੋਕਾਂ ਨੇ ਆਪਣੇ ਪਿਤਰੀ ਰਾਜ ਵਿੱਚ ਨੌਕਰੀ ਲਈ ਅਰਜੀ ਦੇਣੀ ਹੁੰਦੀ ਹੈ ਤਾਂ ਉਹਨਾਂ ਨੂੰ ਆਪਣੇ ਰਾਜ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਪੈਂਦੀ ਹੈ ਜਿਸ ਲਈ ਪੰਜਾਬ ਨਰਸਿੰਗ ਕੌਂਸਲ ਦੀ ਐਨਓਸੀ ਦੀ ਲੋੜ ਪੈਂਦੀ ਹੈ। ਇਸ ਵੇਲੇ ਰਾਜਸਥਾਨ ਵਿੱਚ ਨਰਸਿੰਗ ਦੀਆਂ ਅਸਾਮੀਆਂ ਨਿਕਲੀਆਂ ਹੋਈਆਂ ਹਨ। ਜਿਨ੍ਹਾਂ ਵਿੱਚ ਅਪਲਾਈ ਕਰਨ ਵਾਸਤੇ ਇਨ੍ਹਾਂ ਲੋਕਾਂ ਨੂੰ ਐਨਓਸੀ ਦੀ ਲੋੜ ਹੈ। ਇਸ ਮੌਕੇ ਨਰਸਿੰਗ ਕੌਂਸਲ ਵਿੱਚ ਐਨਓਸੀ ਸਬੰਧੀ ਰਿਕਾਰਡ ਰੱਖਣ ਵਾਲਾ ਕਰਮਚਾਰੀ ਗੈਰਹਾਜਿਰ ਸੀ। ਨਰਸਿੰਗ ਕੌਂਸਲ ਦੀ ਸੁਪਰਡੈਂਟ ਸ੍ਰੀਮਤੀ ਦਲਜੀਤ ਕੌਰ ਨੇ ਸੰਪਰਕ ਕਰਨ ’ਤੇ ਕਿਹਾ ਕਿ ਇਸ ਸਬੰਧੀ ਡੀਲਿੰਗ ਹੈਂਡ ਕਰਮਚਾਰੀ ਦੇ ਅਕਸਰ ਗੈਰਹਾਜਿਰ ਰਹਿਣ ਅਤੇ ਮਨਮਰਜੀ ਨਾਲ ਕੰਮ ਕਰਨ ਕਾਰਨ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਇਨ੍ਹਾਂ ਲੋਕਾਂ ਨੂੰ ਵਾਪਸ ਮੁੜਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੁੱਝ ਕੇਸਾਂ ਵਿੱਚ ਦੇਰੀ ਹੋਣ ਦਾ ਕਾਰਨ ਇਹ ਵੀ ਹੈ ਕਿ ਸਬੰਧਤ ਸੂਬਿਆਂ ਤੋਂ ਉਮੀਦਵਾਰ ਦੇ ਦਸਤਾਵੇਜ਼ ਆਉਣ ਵਿੱਚ ਦੇਰੀ ਹੁੰਦੀ ਹੈ ਅਤੇ ਉਸਦੇ ਕਾਗਜ ਨਰਸਿੰਗ ਕੌਂਸਲ ਵਿੱਚ ਨਾ ਪਹੁੰਚਣ ਕਾਰਨ ਐਨਓਸੀ ਜਾਰੀ ਕਰਨ ਵਿੱਚ ਦੇਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਦਫ਼ਤਰ ਵਿੱਚ ਕੁੱਝ ਮੁਲਾਜ਼ਮ ਸਿਫਾਰਸ਼ੀ ਭਰਤੀ ਹਨ, ਜੋ ਨਾ ਤਾਂ ਕਿਸੇ ਦੀ ਪ੍ਰਵਾਹ ਕਰਦੇ ਹਨ ਅਤੇ ਨਾ ਹੀ ਕੰਮ ਕਰਨ ਲਈ ਰਾਜੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਐਨਓਸੀ ਸਬੰਧੀ ਫਾਈਲਾਂ ਜਿਸ ਮੁਲਾਜ਼ਮ ਕੋਲ ਹਨ। ਉਹ ਮਨਮਰਜੀ ਨਾਲ ਹੀ ਦਫ਼ਤਰ ਆਉਂਦਾ ਹੈ ਅਤੇ ਜਿਸ ਅਲਮਾਰੀ ਵਿੱਚ ਇਹ ਫਾਈਲਾਂ ਪਈਆਂ ਹਨ, ਉਸ ਅਲਮਾਰੀ ਦੀ ਚਾਬੀ ਵੀ ਉਸ ਮੁਲਾਜ਼ਮ ਕੋਲ ਹੀ ਹੈ। ਪੱਤਰਕਾਰਾਂ ਵਲੋਂ ਦਫ਼ਤਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਬਾਅਦ ਦੁਪਹਿਰ ਸਬੰਧਤ ਕਰਮਚਾਰੀ ਅਤਿੰਦਰਪਾਲ ਸਿੰਘ ਵੀ ਦਫ਼ਤਰ ਪਹੁੰਚ ਗਿਆ ਅਤੇ ਉਸ ਨੇ ਐਨਓਸੀ ਨਾਲ ਸਬੰਧਤ ਫਾਈਲਾਂ ਕਲੀਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਸੰਬੰਧੀ ਸੰਪਰਕ ਕਰਨ ’ਤੇ ਉਸਨੇ ਕਿਹਾ ਕਿ ਉਹ ਅਕਸਰ ਬਿਮਾਰ ਰਹਿੰਦਾ ਹੈ ਅਤੇ ਉਸ ਦਾ ਬਲੱਡ ਪ੍ਰੈਸ਼ਰ ਬਹੁਤ ਵੱਧ ਜਾਣ ਕਾਰਨ ਉਸ ਨੇ ਛੁੱਟੀ ਲਈ ਸੀ। ਉਸ ਦੀਆਂ ਅੱਖਾਂ ਵੀ ਖਰਾਬ ਹਨ। ਬਾਹਰੋਂ ਆਉਣ ਵਾਲੇ ਉਮੀਦਵਾਰਾਂ ਵਲੋਂ ਐਨਓਸੀ ਜਾਰੀ ਕਰਨ ਲਈ ਪੈਸੇ ਲੈਣ ਦੇ ਇਲਜਾਮਾਂ ਨੂੰ ਬਿਲਕੁਲ ਬੇਬੁਨਿਆਦ ਦੱਸਦਿਆਂ ਉਸਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਉਸ ਨੂੰ ਬਿਨਾਂ ਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਅੱਜ ਉਹ ਬਿਮਾਰੀ ਦੀ ਹਾਲਤ ਵਿੱਚ ਵੀ ਦਫ਼ਤਰ ਆਇਆ ਹੈ ਤਾਂ ਜੋ ਇਸ ਸੰਬੰਧੀ ਕੰਮ ਮੁਕੰਮਲ ਕੀਤਾ ਜਾ ਸਕੇ ਅਤੇ ਉਸ ਦੀ ਅਲਮਾਰੀ ਦੀ ਚਾਬੀ ਉਸਨੇ ਪਹਿਲਾਂ ਹੀ ਦਫ਼ਤਰ ਦੇ ਇੱਕ ਕਰਮਚਾਰੀ ਨੂੰ ਦਿੱਤੀ ਹੋਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ