
ਸ਼ਾਹੀਮਾਜਰਾ ਦੇ ਲੋਕਾਂ ਨੂੰ ਮਿਲੇਗਾ ਸੀਵਰੇਜ ਓਵਰਫਲੋ ਦੀ ਸਮੱਸਿਆ ਤੋਂ ਛੁਟਕਾਰਾ: ਜੀਤੀ ਸਿੱਧੂ
ਟੁੱਟੀਆਂ ਪਾਈਪਾਂ ਦੀ ਥਾਂ ਨਵੀਆਂ ਪਾਈਪਾਂ ਨਵੇਂ ਮੇਨ ਹੋਲ ਬਣਾਏ
ਇਲਾਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਹੋਈ ਪੂਰੀ, ਸੀਵਰੇਜ ਨਿਕਾਸੀ ਦਾ ਹੋਇਆ ਪੱਕਾ ਪ੍ਰਬੰਧ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪਿੰਡ ਸ਼ਾਹੀਮਾਜਰਾ ਵਿਖੇ ਨਵੇਂ ਬਣ ਰਹੇ ਮੇਨ ਹੋਲਾਂ ਦੇ ਕੰਮ ਦਾ ਜਾਇਜ਼ਾ ਲਿਆ। ਇੱਥੇ ਮੇਨਹੋਲਾਂ ਦੀ ਰਿਪੇਅਰ ਨਾ ਹੋਣ ਕਾਰਨ ਅਤੇ ਪਾਈਪਾਂ ਟੁੱਟੀਆਂ ਹੋਣ ਕਾਰਨ ਸੀਵਰੇਜ ਓਵਰਫਲੋ ਹੁੰਦਾ ਸੀ ਅਤੇ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਇੱਥੇ ਨਵੇਂ ਮੇਨਹੋਲ ਬਣਾਏ ਜਾ ਰਹੇ ਹਨ ਅਤੇ ਨਵੀਆਂ ਪਾਈਪਾਂ ਪਾਈਆਂ ਗਈਆਂ ਹਨ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਕੌਂਸਲਰ ਜਗਦੀਸ਼ ਸਿੰਘ ਜੱਗਾ ਵੀ ਹਾਜ਼ਰ ਸਨ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੱਸਿਆ ਕਿ ਇਲਾਕੇ ਦੇ ਕੌਂਸਲਰ ਜਗਦੀਸ਼ ਸਿੰਘ ਜੱਗਾ ਨੇ ਉਨ੍ਹਾਂ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਸੀ ਕਿ ਇਲਾਕੇ ਵਿਚ ਸੀਵਰੇਜ ਜਾਮ ਹੋ ਕੇ ਓਵਰਫਲੋ ਹੁੰਦਾ ਹੈ ਕਿਉਂਕਿ ਇੱਥੇ ਸੀਵਰੇਜ ਦੀ ਨਿਕਾਸੀ ਦਾ ਕਾਫੀ ਕੰਮ ਹੋਣ ਵਾਲਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਨੂੰ ਇਸ ਸਮੱਸਿਆ ਤੋਂ ਪੱਕੀ ਰਾਹਤ ਦੇਣ ਲਈ ਇੱਥੇ ਨਵੇਂ ਮੈਨਹੋਲ ਬਣਾਏ ਜਾ ਰਹੇ ਹਨ ਪੁਰਾਣੇ ਮੈਨਹੋਲਾਂ ਦੀ ਰਿਪੇਅਰ ਕੀਤੀ ਤਿਆਰੀ ਅਤੇ ਟੁੱਟੀਆਂ ਪਾਈਪਾਂ ਦੀ ਥਾਂ ਤੇ ਨਵੀਆਂ ਪਾਈਪਾਂ ਪਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਕ ਦੋ ਦਿਨਾਂ ਤੱਕ ਇੱਥੇ ਸੀਵਰੇਜ ਦੀ ਨਿਕਾਸੀ ਆਰੰਭ ਹੋ ਜਾਵੇਗੀ ਅਤੇ ਲੋਕਾਂ ਨੂੰ ਮੁੜ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਇਸ ਮੌਕੇ ਇਲਾਕੇ ਦੇ ਕੌਂਸਲਰ ਜਗਦੀਸ਼ ਸਿੰਘ ਜੱਗਾ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਸੀਵਰੇਜ ਓਵਰਫਲੋ ਹੋਣ ਕਾਰਨ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਉਨ੍ਹਾਂ ਦੇ ਵਾਰਡ ਦੇ ਲੋਕਾਂ ਦੀ ਚਿਰੋਕਣੀ ਮੰਗ ਸੀ ਕਿ ਇਥੇ ਸੀਵਰੇਜ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੁਣ ਇਸ ਸਮੱਸਿਆ ਦਾ ਪੱਕਾ ਹੋਲ ਹੱਲ ਹੋਣ ਨਾਲ ਇਲਾਕਾ ਵਾਸੀਆਂ ਨੂੰ ਭਾਰੀ ਰਾਹਤ ਮਿਲੇਗੀ ਜਿਸ ਲਈ ਉਹ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਧੰਨਵਾਦੀ ਹਨ। ਇਸ ਮੌਕੇ ਰਾਮ ਕੁਮਾਰ, ਪਾਲ ਸਿੰਘ, ਰਣਬੀਰ ਸਿੰਘ, ਬਾਬੂ ਖ਼ਾਨ, ਗੁਲਫਾਮ ਅਲੀ, ਮਾਨ ਸਿੰਘ, ਕੁਲਜੀਤ ਸਿੰਘ ਬੈਦਵਾਨ ਤੇ ਹੋਰ ਪਤਵੰਤੇ ਹਾਜ਼ਰ ਸਨ।