
ਲੋਕ ਭਲਾਈ ਪਾਰਟੀ ਵੱਲੋਂ 134 ਟਰੱਕ ਯੂਨੀਅਨਾਂ ਦੇ ਲੜੀਵਾਰ ਸੰਘਰਸ਼ ਦੀ ਹਮਾਇਤ ਦਾ ਐਲਾਨ
ਟਰੱਕ ਅਪਰੇਟਰਾਂ ਦੀਆਂ ਜਾਇਜ਼ ਮੰਗਾਂ ਤੁਰੰਤ ਪ੍ਰਵਾਨ ਕਰੇ ਸਰਕਾਰ: ਰਾਮੂਵਾਲੀਆ
ਰਾਮੂਵਾਲੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਚਿੱਠੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜਨਵਰੀ:
ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ 134 ਟਰੱਕ ਯੂਨੀਅਨਾਂ ਦੇ ਸ਼ੰਭੂ ਬੈਰੀਅਰ ’ਤੇ ਚੱਲ ਰਹੇ ਲੜੀਵਾਰ ਸੰਘਰਸ਼ ਦੀ ਹਮਾਇਤ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਟਰੱਕ ਅਪਰੇਟਰਾਂ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨ ਲਈਆਂ ਜਾਣ। ਅੱਜ ਇੱਥੇ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਿਵੇਂ 1990 ਤੋਂ ਪੰਜਾਬੀ ਟਰੱਕ ਮਾਲਕਾਂ ਨੇ ਘਰ ਤਿਆਗ ਕੇ ਅਤੇ ਖ਼ਤਰੇ ਮੁੱਲ ਲੈ ਕੇ ਬਲੋਚਿਸਤਾਨ, ਕਰਾਂਚੀ, ਮੁੰਬਈ, ਲਾਹੌਰ ਅਤੇ ਦਿੱਲੀ ਵਿੱਚ ਗੁੱਡ ਟਰਾਂਸਪੋਰਟ, ਬੱਸ ਤੇ ਟੈਕਸੀ ਦਾ ਕਾਰੋਬਾਰ ਚਲਾਇਆ। ਉਦੋਂ ਤੋਂ ਹੀ ਭਾਰਤ ਦੇ ਟਰਾਂਸਪੋਰਟ ਬਿਜ਼ਨਸ ਦੇ ਮੋਹਰੀ ਬਣੇ ਹੋਏ ਹਨ ਪ੍ਰੰਤੂ ਸਰਕਾਰਾਂ ਦੀ ਅਣਦੇਖੀ ਦੇ ਚੱਲਦਿਆਂ ਉਨ੍ਹਾਂ ਦਾ ਵਰਤਮਾਨ ਪੰਜਾਬ ਵਿੱਚ ਹੀ ਸੰਘੀ ਘੁੱਟ ਦਿੱਤੀ ਹੈ।
ਸ੍ਰੀ ਰਾਮੂਵਾਲੀਆ ਨੇ ਉਸ ਨੇ ਸਰਕਾਰ ਦੇ ਹੱਕ ਵਿੱਚ 10 ਤੋਂ ਵੱਧ ਵੀਡੀਓ ਪੋਸਟਾਂ ਪਾਈਆਂ ਜਾ ਚੁੱਕੀਆਂ ਹਨ ਪ੍ਰੰਤੂ ਹੁਣ ਉਹ ਟਰੱਕ ਯੂਨੀਅਨਾਂ ਬਾਰੇ ਹੁਕਮਰਾਨਾਂ ਨੂੰ ਜ਼ਿੱਦੀ ਸੋਚ ਵਾਲੀ ਨੀਤੀ ਛੱਡਣ ਦੀ ਅਪੀਲ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਉਹੀ ਟਰੱਕਾਂ ਤੇ ਟੈਕਸੀਆਂ ਵਾਲੇ ਹਨ। ਜਿਨ੍ਹਾਂ ਨੇ ਅਮਰੀਕਾ, ਅਸਟ੍ਰੇਲੀਆ, ਕੈਨੇਡਾ, ਸਪੇਨ, ਇਟਲੀ ਆਦਿ ਮੁਲਕਾਂ ਦੇ 70 ਫੀਸਦੀ ਅਜਿਹੇ ਕਾਰੋਬਾਰਾਂ ਵਿੱਚ ਪੈਰ ਜਮਾਏ ਹੋਏ ਹਨ ਅਤੇ ਧੜਾਧੜ ਆਪਣੇ ਜਾਣਕਾਰਾਂ ਅਤੇ ਪਰਿਵਾਰਾਂ ਨਾਲ ਜੁੜੇ ਲੋਕਾਂ ਲਈ ਵੀ ਇਮੀਗਰੇਸ਼ਨ ਹਾਸਲ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਚਿੱਠੀ ਲਿਖਕੇ ਉਹ ਦਿਨ ਚੇਤੇ ਕਰਵਾਏ ਜਦੋਂ ਦੋ ਦਹਾਕੇ ਪਹਿਲਾਂ ਤੋਂ ਉਨ੍ਹਾਂ ਨੇ ਮਿਲ ਕੇ ਅਨੇਕਾਂ ਸਟੇਜਾਂ ਉੱਤੇ ਟੈਕਸੀ, ਕੈਂਟਰ, ਟੈਂਪੂ ਅਤੇ ਟਰੱਕ ਅਪਰੇਟਰਾਂ ਦੇ ਧੰਦਿਆਂ ਦੇ ਹੱਕਾਂ ਲਈ ਜ਼ਬਰਦਸਤ ਲੜੀਵਾਰ ਮੁਹਿੰਮ ਵਿੱਢੀ ਜਾਂਦੀ ਰਹੀ ਹੈ।
ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਸਾਲ 1999 ਵਿੱਚ ਜਦੋਂ ਉਹ ਰਾਜ ਸਭਾ ਵਿੱਚ ਟਰੱਕ, ਟੈਕਸੀ, ਕੈਂਟਰ, ਟੈਂਪੂ ਆਦਿ ਧੰਦੇ ਨੂੰ ਪ੍ਰਫੁੱਲਤ ਕਰਨ ਅਤੇ ਮਹੱਤਤਾ ਦੇਣ ਲਈ 44 ਮਿੰਟ ਦਲੀਲਾਂ ਦੇ ਕੇ ਭਾਸ਼ਣ ਦਿੱਤਾ ਸੀ ਤਾਂ ਉਨ੍ਹਾਂ (ਭਗਵੰਤ ਮਾਨ) ਨੇ ਇਸ ਗੱਲ ’ਤੇ ਦੁੱਖ ਪ੍ਰਗਟਾਇਆ ਸੀ ਕਿ ਪੰਜਾਬ ਦੀ ਇਕ ਵੀ ਸਿਆਸੀ ਪਾਰਟੀ ਨੇ ਇਨ੍ਹਾਂ ਟਰੱਕਾਂ ਵਾਲਿਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਕਿਉਂ ਨਹੀਂ ਮਾਰਿਆ। ਲੇਕਿਨ ਮੁੱਖ ਮੰਤਰੀ ਦੀ ਚੁੱਪੀ ਕਾਫ਼ੀ ਕੁੱਝ ਕੁੱਝ ਕਹਿ ਰਹੀ ਹੈ।