Share on Facebook Share on Twitter Share on Google+ Share on Pinterest Share on Linkedin ਯਾਦਵਿੰਦਰਾ ਪਬਲਿਕ ਸਕੂਲ ਦੀ ਸਥਾਪਨਾ ਦੇ ਪਲੈਟੀਨਮ ਜੁਬਲੀ ਸਮਾਰੋਹ ਯਾਦਗਾਰੀ ਹੋ ਨਿੱਬੜਿਆ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੰਤਰੀ ਨਵਜੋਤ ਸਿੱਧੂ ਸਣੇ ਹੋਰਨਾਂ ਖਾਸ ਮਹਿਮਾਨਾਂ ਨੇ ਕੀਤੀ ਸ਼ਿਰਕਤ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 2 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਯਾਦਵਿੰਦਰਾ ਪਬਲਿਕ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਇਸ ਸਕੂਲ ਤੋਂ ਤਾਲੀਮ ਹਾਸਲ ਕਰ ਚੁੱਕੇ ਪੁਰਾਣੇ ਵਿਦਿਆਰਥੀਆਂ ਨਾਲ ਇਸ ਸੰਸਥਾ ਦੀ ਸਥਾਪਨਾ ਦੇ ਪਲੈਟੀਨਮ ਜੁਬਲੀ ਮੌਕੇ ਕਰਵਾਏ ਸ਼ਾਨਦਾਰ ਸੱਭਿਆਚਾਰਕ ਸਮਾਰੋਹ ’ਚ ਸ਼ਿਰਕਤ ਕੀਤੀ। ਮੁੱਖ ਮੰਤਰੀ ਜਦੋਂ ਉਨ੍ਹਾਂ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਵੱਲੋਂ ਸਥਾਪਤ ਕੀਤੇ ਇਸ ਸਕੂਲ ਵਿੱਚ ਪਹੁੰਚੇ ਤਾਂ ਵਿਦਿਆਰਥੀਆਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਮੌਕੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਪਤਨੀ ਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਕਰਨ ਸਿੰਘ, ਜੋ ਇਸ ਸਕੂਲ ਦੇ ਵਿਦਿਆਰਥੀ ਰਹੇ ਹਨ, ਵੀ ਹਾਜ਼ਰ ਸਨ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਅਤੇ ਇਸ ਸਕੂਲ ਦੇ ਬੋਰਡ ਆਫ਼ ਗਵਰਨਰਜ਼ ਦੇ ਚੇਅਰਮੈਨ ਰਾਜਾ ਮਾਲਵਿੰਦਰ ਸਿੰਘ ਨੇ ਆਪਣੇ ਸੰਬੋਧਨ ’ਚ ਆਖਿਆ ਕਿ ਇਸ ਵੱਕਾਰੀ ਸੰਸਥਾ ਦੀ ਸਥਾਪਨਾ ਉਨ੍ਹਾਂ ਦੇ ਪਿਤਾ ਜੀ ਦੀ ਦੂਰਦ੍ਰਿਸ਼ਟੀ ਨੂੰ ਮੂਰਤੀਮਾਨ ਕਰਦੀ ਹੈ। ਮੁਲਕ ਦੀ ਵੰਡ ਦੇ ਅੌਖੇ ਸਮਿਆਂ ’ਚ ਉਨ੍ਹਾਂ ਦੇ ਪਿਤਾ ਵੱਲੋਂ ਸਕੂਲ ਸਥਾਪਤ ਕਰਨ ਦੇ ਮਹਾਨ ਉੱਦਮ ਨੂੰ ਚੇਤੇ ਕਰਦਿਆਂ ਰਾਜਾ ਮਾਲਵਿੰਦਰ ਸਿੰਘ ਨੇ ਸਕੂਲ ਦੇ ਸਭ ਤੋਂ ਪੁਰਾਣੇ ਵਿਦਿਆਰਥੀਆਂ ਵਿੱਚੋਂ ਜਸਟਿਸ ਐਸ.ਐਸ. ਸੋਢੀ ਦਾ ਜ਼ਿਕਰ ਕੀਤਾ, ਜੋ 1949 ’ਚ ਇੱਥੋਂ ਪਾਸ ਆਊਟ ਹੋਏ ਅਤੇ ਉਨ੍ਹਾਂ ਨੇ ਲੰਘੇ ਵੀਰਵਾਰ ਨੂੰ ਸਕੂਲ ਦੀ ਸਥਾਪਨਾ ਦੇ ਸਮਾਰੋਹਾਂ ਦਾ ਹਿੱਸਾ ਲਿਆ ਸੀ। ਰਾਜਾ ਮਾਲਵਿੰਦਰ ਸਿੰਘ ਨੇ ਕਿਹਾ ਕਿ ਬੀਤੇ 70 ਵਰ੍ਹਿਆਂ ਵਿੱਚ ਸਕੂਲ ਨੇ ਬਹੁਤ ਲੰਮੀਆਂ ਪੁਲਾਂਘਾਂ ਪੁੱਟ ਲਈਆਂ ਹਨ ਅਤੇ ਅੱਜ ਇਸ ਦਾ ਨਾਮ ਦੇਸ਼ ਦੇ ਮੋਹਰੀ ਸਕੂਲਾਂ ’ਚ ਆਉਂਦਾ ਹੈ ਅਤੇ ਇਹ ਸੰਸਥਾ ਆਪਣੀ ਤਰੱਕੀ ਤੇ ਪ੍ਰਸਿੱਧੀ ਦਾ ਸਫ਼ਰ ਬਾਦਸਤੂਰ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਖੇਡਾਂ ਦੇ ਖੇਤਰ ’ਚ ਨਵੇਂ ਦਿਸਹੱਦੇ ਕਾਇਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਸਥਾ ਦੀਆਂ ਰਵਾਇਤਾਂ ਮੁਤਾਬਕ ਉਚੀਆਂ-ਸੁੱਚੀਆਂ ਕਦਰਾਂ ਕੀਮਤਾਂ ਨੂੰ ਅਪਣਾਉਣ ਸੱਦਾ ਦਿੱਤਾ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਤੇ ਇਸ ਸਕੂਲ ਦੇ ਪੁਰਾਣੇ ਵਿਦਿਆਰਥੀ ਡਾ. ਕਰਨ ਸਿੰਘ ਨੇ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਨੂੰ ਦੂਰਅੰਦੇਸ਼ੀ ਅਤੇ ਨਾ-ਭੁੱਲਣ ਵਾਲੀ ਮਹਾਨ ਸ਼ਖ਼ਸੀਅਤ ਕਰਾਰ ਦਿੱਤਾ। ਇਸ ਸੰਸਥਾ ਦੀ ਵਿਲੱਖਣਤਾ ਨੂੰ ਦਰਸਾਉਂਦਿਆਂ ਉਨ੍ਹਾਂ ਨੇ ਇਸ ਦੀਆਂ ਬਹੁਪੱਖੀ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਬਾਲ ਮਨਾਂ ਨੂੰ ਅਗਿਆਨਤਾ, ਕੱਟੜਵਾਦੀ ਅਤੇ ਹੰਕਾਰ ਤੋਂ ਦੂਰ ਰੱਖਣ ਲਈ ਸਿੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਡਾ. ਕਰਨ ਸਿੰਘ ਨੇ ਬੱਚਿਆਂ ਨੂੰ ਨਵੇਂ ਭਾਰਤ ਦੇ ਨਿਰਮਾਤਾ ਦੱਸਦਿਆਂ ਗਿਆਨ ਦੀ ਵਰਤੋਂ ਰਾਹੀਂ ਆਪਣੇ ਤਨ-ਮਨ ਦਾ ਨਿਰਮਾਣ ਕਰਨ ਦਾ ਸੱਦਾ ਦਿੱਤਾ ਤਾਂ ਕਿ ਉਨ੍ਹਾਂ ਦੇ ਸੁਪਨਿਆਂ ਵਾਲਾ ਮੁਲਕ ਸਿਰਜਿਆ ਜਾ ਸਕੇ। ਨਿਰੰਤਰ ਵਾਰਤਾਲਾਪ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਬੱਚਿਆਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਕਦੇ ਵੀ ਸਵਾਲ ਪੁੱਛਣ ਤੋਂ ਝਿਜਕੋ ਨਾ ਅਤੇ ਟੀਮ ਵਰਕ ਰਾਹੀਂ ਆਪਣੇ ਸਮਾਜਿਕ ਹੁਨਰ ਨੂੰ ਨਿਖਾਰਨ ਵੱਲ ਵੱਧ ਧਿਆਨ ਦਿਓ ਕਿਉਂ ਜੋ ਇਹ ਮੁਹਾਰਤ ਹੀ ਜ਼ਿੰਦਗੀ ’ਚ ਅੌਖੇ ਸਮਿਆਂ ’ਚ ਜੇਤੂ ਹੋ ਕੇ ਨਿਕਲਣ ’ਚ ਸਹਾਈ ਹੋਵੇਗੀ। ਪਬਲਿਕ ਸਕੂਲਾਂ ’ਚ ਛੋਟੇ ਬੱਚਿਆਂ ਦਾ ਵੱਡੇ ਬੱਚਿਆਂ ਵੱਲੋਂ ਮੌਜੂ ਉਡਾਉਣ ਅਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਡਾ. ਕਰਨ ਸਿੰਘ ਨੇ ਆਖਿਆ ਕਿ ਬੱਚਿਆਂ ਨਾਲ ਉਨ੍ਹਾਂ ਦੇ ਸੀਨੀਅਰਾਂ ਵੱਲੋਂ ਅਜਿਹਾ ਵਿਵਹਾਰ ਕਰਨਾ ਸਾਡੀ ਪ੍ਰੰਪਰਾ ਦਾ ਹਿੱਸਾ ਨਹੀਂ ਬਲਕਿ ਇਹ ਕਾਇਰਤਾ ਦੀ ਨਿਸ਼ਾਨੀ ਹੈ। ਸਾਬਕਾ ਕੇਂਦਰੀ ਮੰਤਰੀ ਨੇ ਆਪਣੇ ਵਿਦਿਅਕ ਮੌਕਿਆਂ ਨੂੰ ਮਜ਼ਬੂਤ ਕਿਰਦਾਰ ਦੇ ਨਿਰਮਾਣ ਦਾ ਸੱਦਾ ਦਿੱਤਾ ਅਤੇ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਸੰਵਿਧਾਨ ’ਚ ਦਰਜ ਮੌਲਿਕ ਅਧਿਕਾਰਾਂ ਅਤੇ ਫ਼ਰਜ਼ਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ’ਤੇ ਵੀ ਜ਼ੋਰ ਦਿੱਤਾ। ਸਮਾਜ ਵਿੱਚ ਵੱਧ ਰਹੀ ਅਸਹਿਣਸ਼ੀਲਤਾ ਦਾ ਹਵਾਲਾ ਦਿੰਦਿਆਂ ਡਾ. ਕਰਨ ਸਿੰਘ ਨੇ ਵਿਦਿਆਰਥੀਆਂ ਨੂੰ ਕੱਟੜਵਾਦ ਤੋਂ ਦੂਰ ਰੱਖਣ ਲਈ ਚੌਕਸ ਕੀਤਾ। ਉਨ੍ਹਾਂ ਕਿਹਾ ਕਿ ਜਿਹੜਾ ਵੀ ਧਰਮ ਕੱਟੜਵਾਦ ਦਾ ਸ਼ਿਕਾਰ ਹੁੰਦਾ ਹੈ, ਉਹ ਧਰਮ ਆਖਰ ’ਚ ਖਤਮ ਹੋ ਜਾਂਦਾ ਹੈ। ਇਸ ਮੌਕੇ ਕਪੂਰਥਲਾ ਰਿਆਸਤ ਦੇ ਰਾਜਾ ਬ੍ਰਿਗੇਡੀਅਰ (ਸੇਵਾ ਮੁਕਤ) ਅਤੇ ਮਹਾਵੀਰ ਚੱਕਰ ਵਿਜੇਤਾ ਸ. ਸੁਖਜੀਤ ਸਿੰਘ ਨੇ ਵਾਈ.ਪੀ.ਐਸ. ਵੱਲੋਂ ਵੱਖ-ਵੱਖ ਖੇਤਰਾਂ ’ਚ ਤਰਾਸ਼ੇ ਅਨਮੋਲ ਰਤਨਾਂ ਲਈ ਸੰਸਥਾ ਦੀ ਭਰਵੀਂ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਸਿੱਖਣ ਦੀ ਕਲਾ ਅਪਨਾਉਣ ਦੀ ਅਪੀਲ ਕੀਤੀ ਤਾਂ ਕਿ ਉਹ ਆਪਣੇ ਸੁਪਨਿਆਂ ਅਤੇ ਮਿਥੇ ਟੀਚਿਆਂ ਮੁਤਾਬਕ ਪ੍ਰਾਪਤੀਆਂ ’ਤੇ ਪਹੁੰਚ ਸਕਣ। ਸਕੂਲ ਦੇ ਡਾਇਰੈਕਟਰ ਮੇਜਰ ਜਨਰਲ (ਰਿਟਾ.) ਸੰਜੀਵ ਵਰਮਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਅਤੇ ਵਿੱਦਿਆ, ਖੇਡਾਂ ਅਤੇ ਹੋਰ ਗਤੀਵਿਧੀਆਂ ’ਚ ਸੰਸਥਾ ਦੀਆਂ ਮਾਣਮੱਤੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਇਸ ਤੋਂ ਪਹਿਲਾਂ ਸਕੂਲ ਦੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਸ਼ਾਸਤਰੀ ਸੰਗੀਤ, ਗਰੱਪ ਡਾਂਸ ਸਮੇਤ ਰੰਗਾਰੰਗ ਪ੍ਰੋਗਰਾਮ ਦੀ ਦਿਲਕਸ਼ ਪੇਸ਼ਕਾਰੀ ਕੀਤੀ ਅਤੇ ਸਕੂਲ ਦਾ ਗੀਤ ਸ਼ਾਨਦਾਰ ਢੰਗ ਨਾਲ ਗਾਇਆ। ਇਸ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਡਾ. ਕਰਨ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਾਈ.ਪੀ.ਐਸ. ਸਟੇਡੀਅਮ ਵਿਖੇ ਰਾਜਾ ਸੁਰਿੰਦਰ ਸਿੰਘ ਦੀ ਯਾਦ ’ਚ ਨਾਲਾਗੜ੍ਹ ਸੁਕੈਸ਼ ਕੋਰਟ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸਕੂਲੀ ਵਿਦਿਆਰਥੀਆਂ ਨੇ ਸਕੂਲ ਦੀਆਂ ਰਵਾਇਤੀ ਖੇਡਾਂ ‘ਪਾਗਲ ਜਿਮਖਾਨਾ ਗੇਮਜ’ ਅਤੇ ਸਵਾਦਿਸ਼ਟ ਖਾਣਿਆਂ ਆਦਿ ਦਾ ਅਨੰਦ ਮਾਣਿਆਂ। ਜਦੋਂਕਿ ਪੁਰਾਣੇ 11ਵੀਂ ਦੇ ਵਿਦਿਆਰਥੀਆਂ ਅਤੇ ਮੌਜੂਦਾ 11ਵੀਂ ਦੇ ਵਿਦਿਆਰਥੀਆਂ ਦਰਮਿਆਨ ਦੋਸਤਾਨ ਕ੍ਰਿਕਟ ਮੈਚ ਖੇਡਿਆ ਗਿਆ ਅਤੇ ਹਾਕੀ ਦਾ ਮੈਚ ਵੀ ਹੋਇਆ। ਇਸ ਤੋਂ ਬਿਨ੍ਹਾਂ ਸਕੂਲ ਦੀਆਂ ਸਲਾਨਾਂ ਰਵਾਇਤਾਂ ਵੀ ਨਿਭਾਈਆਂ ਗਈਆਂ ਅਤੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ‘ਸਾਊਂਡ ਆਫ਼ ਮਿਊਜ਼ਿਕ’ ਖੇਡਿਆ ਗਿਆ। ਜਦਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁਰਾਣੇ ਯਾਦਵਿੰਦਰੀਅਨਜ ਅਤੇ ਹੋਰ ਮਹਿਮਾਨਾਂ ਲਈ ਰਾਤ ਦਾ ਭੋਜਨ ਕਰਵਾਇਆ ਗਿਆ। ਇਸ ਮੌਕੇ ਹਾਜਰ ਸ਼ਖ਼ਸੀਅਤਾਂ ’ਚ ਸਾਬਕਾ ਕਾਨੂੰਨ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਕੁਮਾਰ, ਇੰਡੀਅਨ ਉਲੰਪੀਅਨ ਐਸੋਸੀਏਸ਼ਨ ਦੇ ਆਜੀਵਨ ਮੁਖੀ ਰਾਜਾ ਰਣਧੀਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਸਕੂਲ ਦੀ ਗਵਰਨਿੰਗ ਬਾਡੀ ਦੇ ਮੈਂਬਰ ਸ਼ਾਮਲ ਸਨ। ਮੁੱਖ ਮੰਤਰੀ ਨਾਲ ਉਨ੍ਹਾਂ ਦੇ ਸੀਨੀਅਰ ਸਲਾਹਕਾਰ ਲੈਫ. ਜਨਰਲ ਰਿਟਾਇਰਡ ਟੀ.ਐਸ. ਸ਼ੇਰਗਿੱਲ, ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਸਪੱੁਤਰ ਰਣਇੰਦਰ ਸਿੰਘ, ਨਿਰਵਾਣ ਸਿੰਘ, ਰਾਣੀ ਹਰਪ੍ਰਿਆ ਕੌਰ, ਵਿਧਾਇਕ ਵਿਜੇਇੰਦਰ ਸਿੰਗਲਾ, ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਸ੍ਰੀ ਖੂਬੀ ਰਾਮ, ਮੇਜਰ ਅਮਰਦੀਪ ਸਿੰਘ, ਕੈਪਟਨ ਅਮਰਜੀਤ ਸਿੰਘ ਜੇਜੀ, ਮੇਜਰ ਜਨਰਲ ਜੀ.ਐਸ. ਰੰਧਾਵਾ, ਰਮਨੀਤਇੰਦਰ ਕੌਰ, ਸਕੂਲ ਦੇ ਬਰਸਰ ਵਿਕਰਮ ਸਿੰਘ, ਸਾਬਕਾ ਡੀ.ਜੀ.ਪੀ. ਏ.ਐਸ. ਗਿੱਲ, ਆਈ.ਜੀ ਪਟਿਆਲਾ ਏ.ਐਸ. ਰਾਏ, ਡੀ.ਆਈ.ਜੀ. ਡਾ. ਸੁਖਚੈਨ ਸਿੰਘ ਗਿੱਲ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਡੀ.ਐਮ. ਪਟਿਆਲਾ ਸ. ਅਨਮੋਲ ਸਿੰਘ ਧਾਲੀਵਾਲ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮਹਾਰਾਜਾ ਯਾਦਵਿੰਦਰ ਸਿੰਘ, ਲਾਹੌਰ ਦੇ ਪ੍ਰਸਿੱਧ ਐਚੋਸਿਨ ਕਾਲਜ ਦੇ ਵਿਦਿਆਰਥੀ ਰਹੇ ਸਨ ਅਤੇ ਜਦੋਂ ਮੁਲਕ ਦੀ ਵੰਡ ਤੋਂ ਬਾਅਦ ਸਿੱਖਿਆ ਤੋਂ ਵਾਂਝੇ ਰਹਿ ਗਏ ਵਿਦਿਆਰਥੀ ਮੁਸ਼ਕਲਾਂ ਵਿੱਚ ਸਨ ਤਾਂ ਉਨ੍ਹਾਂ ਨੂੰ ਵਾਈ.ਪੀ.ਐਸ. ਸਕੂਲ ਦੀ ਸਥਾਪਨਾ ਕਰਨ ਦਾ ਖਿਆਲ ਆਇਆ। ਇਹ ਵਿਦਿਆਰਥੀ ਮਹਾਰਾਜਾ ਯਾਦਵਿੰਦਰ ਸਿੰਘ ਕੋਲ ਮਦਦ ਲਈ ਗਏ, ਤਾਂ ਮਹਾਰਾਜਾ ਨੇ ਆਪਣੇ ਸਾਬਕਾ ਅਧਿਆਪਕ ਰਾਏ ਬਹਾਦਰ ਸ੍ਰੀ ਧਨੀ ਰਾਮ ਕਪਿਲਾ ਨੂੰ ਫ਼ੌਰੀ ਸੰਦੇਸ਼ ਭੇਜਿਆ ਅਤੇ ਇਹ ਸਕੂਲ ਸ਼ੁਰੂ ਕਰਨ ਅਤੇ ਇਸ ਦੇ ਪਹਿਲੇ ਮੁਖੀ ਵਜੋਂ ਕਾਰਜ ਭਾਰ ਸੰਭਾਲਣ ਦੇ ਹੁਕਮ ਦਿੱਤੇ। ਇਸ ਤੋਂ ਬਾਅਦ 2 ਫਰਵਰੀ 1948 ’ਚ ਯਾਦਵਿੰਦਰਾ ਪਬਲਿਕ ਸਕੂਲ 21 ਵਿਦਿਆਰਥੀਆਂ ਅਤੇ 9 ਅਧਿਆਪਕਾਂ ਨਾਲ ਹੋਂਦ ’ਚ ਆਇਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ