
ਗਰੀਬ ਲੋਕਾਂ ਨੂੰ ਲਾਲ ਲਕੀਰ ਦੇ ਅੰਦਰ ਕਾਨੂੰਨੀ ਤੌਰ ’ਤੇ ਮਾਲਕੀ ਹੱਕ ਮਿਲਣ ਦੀ ਆਸ ਬੱਝੀ
ਮਾਲ ਵਿਭਾਗ ਦੇ ਵਿਸ਼ੇਸ਼ ਸਕੱਤਰ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਰਹਿੰਦੇ ਗਰੀਬ ਲੋਕਾਂ ਨੂੰ ਲਾਲ ਲਕੀਰ ਦੇ ਅੰਦਰ ਕਾਨੂੰਨੀ ਤੌਰ ’ਤੇ ਮਾਲਕੀ ਦੇ ਹੱਕ ਮਿਲਣ ਦੀ ਆਸ ਬੱਝ ਗਈ ਹੈ। ਮਾਲ ਵਿਭਾਗ ਦੇ ਵਿਸ਼ੇਸ਼ ਸਕੱਤਰ-ਕਮ-ਸਵਾਮਿਤਾ ਸਕੀਮ ਦੇ ਮਿਸ਼ਨ ਡਾਇਰੈਕਟਰ ਕੇਸ਼ਵ ਹਿੰਗੋਨੀਆਂ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਸਰਕਾਰ ਦੀ ਸਕੀਮ ‘ਮੇਰਾ ਘਰ ਮੇਰੇ ਨਾਮ’ ਅਧੀਨ ਲਾਲ ਲਕੀਰ ਦੇ ਅੰਦਰ ਰਹਿੰਦੇ ਵਸਨੀਕਾਂ ਨੂੰ ਜ਼ਮੀਨ ਮਾਲਕੀ ਹੱਕਾਂ ਬਾਰੇ ਮਾਲਕੀ ਸਰਟੀਫਿਕੇਟ ਜਾਰੀ ਕਰਨ ਲਈ ਮਾਲ ਅਫ਼ਸਰ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ/ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਅਤੇ ਕਾਨੂੰਗੋਆਂ ਨਾਲ ਅਹਿਮ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਵਿਸ਼ੇਸ਼ ਸਕੱਤਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਮੁਹਾਲੀ ਜ਼ਿਲ੍ਹੇ ਦੇ ਜਿਹੜੇ ਪਿੰਡਾਂ ਦੇ ਸਰਵੇ ਆਫ਼ ਇੰਡੀਆ ਵੱਲੋਂ ਮੈਪ-1 ਬਣ ਕੇ ਆ ਗਏ ਹਨ, ਉਨ੍ਹਾਂ ਦਾ ਗਰਾਉਂਡ ਟਰੁੱਥਿੰਗ ਦਾ ਕੰਮ ਜਲਦੀ ਮੁਕੰਮਲ ਕਰਕੇ ਐਸਓਆਈ ਨੂੰ ਭੇਜਿਆ ਜਾਵੇ ਤਾਂ ਜੋ ਪੰਜਾਬ ਸਰਕਾਰ ਵੱਲੋਂ ਮਿਸ਼ਨ ਸਵਾਮਿਤਾ ਸਕੀਮ ਅਧੀਨ ਜਾਰੀ ਹਦਾਇਤਾਂ ਅਨੁਸਾਰ ਲਾਲ ਲਕੀਰ ਦੇ ਵਸਨੀਕਾਂ ਨੂੰ ਕਾਨੂੰਨੀ ਤੌਰ ’ਤੇ ਮਾਲਕੀ ਦੇ ਹੱਕ ਦਿੱਤੇ ਜਾ ਸਕਣ ਤਾਂ ਜੋ ਲਾਲ ਲਕੀਰ ਸਬੰਧੀ ਮਾਲਕੀ ਹੱਕ ਪ੍ਰਾਪਤ ਹੋਣ ਤੋਂ ਬਾਅਦ ਉਹ ਆਪਣੀ ਜਾਇਦਾਦ ਸਬੰਧੀ ਮਿਲੇ ਮਾਲਕਾਨਾ ਹੱਕਾਂ ਨੂੰ ਕਾਨੂੰਨੀ ਤੌਰ ’ਤੇ ਵਰਤ ਸਕਣ। ਜਿਵੇਂ ਕਿ ਬੈ-ਹਿੱਬਾ ਨਾਮਾ (ਕਾਬਜ਼ਕਾਰ), ਆੜ ਰਹਿਣ (ਬਦਲਾ ਬਦਲੀ) ਆਦਿ ਕਰ ਸਕਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਐਸਡੀਐਮ ਸ੍ਰੀਮਤੀ ਸਰਬਜੀਤ ਕੌਰ, ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਐਸਡੀਐਮ ਖਰੜ ਰਵਿੰਦਰ ਸਿੰਘ ਸਮੇਤ ਮਾਲ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।