
ਨਕਲੀ ਡੀਏਪੀ ਖਾਦ ਦੀ ਕੀਮਤ ਕਿਸਾਨਾਂ ਦੇ ਖਾਤੇ ਵਿੱਚ ਪਾਈ ਜਾਵੇ: ਕਿਸਾਨ ਯੂਨੀਅਨ
ਝੋਨੇ ਦੀਆਂ ਬੈਨ ਕੀਤੀਆਂ ਕਿਸਮਾਂ ਦੇ ਬੀਜ ਦੀ ਵਿਕਰੀ ’ਤੇ ਸਖ਼ਤੀ ਨਾਲ ਰੋਕ ਲੱਗੇ: ਮੇਹਰ ਸਿੰਘ ਥੇੜੀ
ਕਿਸਾਨ ਯੂਨੀਅਨ ਨੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨਾਲ ਕੀਤੀ ਮੁਲਾਕਾਤ, ਮੰਗ ਪੱਤਰ ਸੌਂਪਿਆ
ਨਬਜ਼-ਏ-ਪੰਜਾਬ, ਮੁਹਾਲੀ, 17 ਅਪਰੈਲ:
ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਨੇ ਮੰਗ ਕੀਤੀ ਹੈ ਕਿ ਝੋਨੇ ਦੀਆਂ ਬੈਨ ਕੀਤੀਆਂ ਕਿਸਮਾਂ ਦੇ ਬੀਜ ਦੀ ਵਿਕਰੀ ’ਤੇ ਸਖ਼ਤੀ ਨਾਲ ਰੋਕ ਲਗਾਈ ਜਾਵੇ। ਇਸ ਸਬੰਧੀ ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਮੇਹਰ ਸਿੰਘ ਥੇੜੀ ਦੀ ਅਗਵਾਈ ਹੇਠ ਕਿਸਾਨਾਂ ਦੇ ਵਫ਼ਦ ਨੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਐਲਾਨ ਕੀਤਾ ਗਿਆ ਹੈ ਕਿ ਕਿਸਾਨ ਪੂਸਾ 44 ਅਤੇ ਹਾਈਬ੍ਰੀਡ ਕਿਸਮਾਂ ਦਾ ਝੋਨਾ ਨਾ ਬੀਜਣ ਕਿਉਂਕਿ ਫਿਰ ਇਹ ਖ਼ਰੀਦਿਆਂ ਨਹੀਂ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਸਾਲ ਵੀ ਰਾਜ ਸਰਕਾਰ ਦੇ ਆਦੇਸ਼ਾਂ ਦੇ ਉਲਟ ਜਾ ਕੇ ਡੀਲਰਾਂ ਵੱਲੋਂ ਪਾਬੰਦੀਸੁਦਾ ਬੀਜ ਕਿਸਾਨਾਂ ਨੂੰ ਵੇਚੇ ਗਏ ਸੀ, ਮਗਰੋਂ ਫ਼ਸਲ ਵੇਚਣ ਸਮੇਂ ਕਿਸਾਨਾਂ ਨੂੰ ਬਹੁਤ ਸਾਰੀਆਂ ਦਿੱਕਤ ਪੇਸ਼ ਆਈਆਂ ਸਨ। ਵਪਾਰੀਆਂ ਨੇ ਵੀ ਕਿਸਾਨਾਂ ਤੋਂ ਕੀਮਤ ਵਿੱਚ ਕੱਟ ਲਗਾ ਕੇ ਫ਼ਸਲ ਦੀ ਖਰੀਦੀ ਗਈ ਸੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਡੀਲਰਾਂ ਨੂੰ ਸਖ਼ਤ ਹਦਾਇਤ ਕੀਤੀ ਜਾਵੇ ਕਿ ਪਾਬੰਦੀਸ਼ੁਦਾ ਬੀਜ ਨਾ ਵੇਚੇ ਜਾਣ।
ਕਿਸਾਨਾਂ ਨੇ ਕਿਹਾ ਕਿ ਪਿਛਲੇ ਸੀਜ਼ਨ ਵਿੱਚ ਸਹਿਕਾਰੀ ਸਭਾਵਾਂ ਵਿੱਚ ਨਕਲੀ ਡੀਏਪੀ ਖਾਦ ਦੀ ਸਪਲਾਈ ਹੋਈ ਸੀ ਅਤੇ ਖੇਤੀਬਾੜੀ ਵਿਭਾਗ ਵੱਲੋਂ ਸੈਂਪਲ ਭਰਨ ’ਤੇ ਖਾਦ ਨਕਲੀ ਪਾਈ ਗਈ ਸੀ। ਜਦੋਂਕਿ ਜਾਂਚ ਰਿਪੋਰਟ ਆਉਣ ਤੱਕ ਕਾਫ਼ੀ ਲੋੜਵੰਦ ਕਿਸਾਨ ਖਾਦ ਖ਼ਰੀਦ ਚੁੱਕੇ ਸਨ ਅਤੇ ਫ਼ਸਲ ’ਤੇ ਵਰਤ ਚੁੱਕੇ ਸਨ। ਇਸ ਤਰ੍ਹਾਂ ਨਕਲੀ ਖਾਦ ਹੋਣ ਕਰਕੇ ਫ਼ਸਲ ਦੀ ਖ਼ੁਰਾਕ ਪੂਰੀ ਨਾ ਹੋਣ ਕਰਕੇ ਝਾੜ ਘੱਟ ਗਿਆ। ਦੂਜੇ ਪਾਸੇ, ਕਿਸਾਨ ਦੇ ਖਾਤੇ ਵਿੱਚ ਨਕਲੀ ਖਾਦ ਦੀ ਕੀਮਤ ਖੜੀ ਹੋ ਗਈ। ਉਨ੍ਹਾਂ ਮੰਗ ਕੀਤੀ ਕਿ ਨਕਲੀ ਖਾਦ ਦੀ ਕੀਮਤ ਦੇ ਪੈਸੇ ਕਿਸਾਨਾਂ ਦੇ ਸਹਿਕਾਰੀ ਸਭਾਵਾਂ ਦੇ ਖਾਤਿਆਂ ਵਿੱਚ ਪਾਏ ਜਾਣ ਤਾਂ ਜੋ ਕਿਸਾਨ ਡਿਫਾਲਟਰ ਨਾ ਹੋ ਸਕਣ। ਇਸ ਮੌਕੇ ਬਲਾਕ ਪ੍ਰਧਾਨ ਰਾਜਪੁਰਾ ਗੁਰਦੇਵ ਸਿੰਘ ਜੰਡੋਲੀ, ਤਰਲੋਚਨ ਸਿੰਘ ਨੰਡਿਆਲੀ, ਉਜਾਗਰ ਸਿੰਘ ਧਮੌਲੀ, ਮਾਨ ਸਿੰਘ ਰਾਜਪੁਰਾ, ਹਕੀਕਤ ਸਿੰਘ ਧਨੋਆ ਵੀ ਹਾਜ਼ਰ ਸਨ।