
ਭੋਲੇ-ਭਾਲੇ ਲੋਕਾਂ ਨੂੰ ਮੱਥੇ ’ਤੇ ਹੱਥ ਰੱਖ ਕੇ ਦੁੱਖ ਦੂਰ ਕਰਨ ਦਾ ਝਾਂਸਾ ਦੇ ਕੇ ਭਰਮਾਉਂਦਾ ਸੀ ਪਾਦਰੀ
ਨਬਜ਼-ਏ-ਪੰਜਾਬ, ਮੁਹਾਲੀ, 1 ਅਪਰੈਲ:
ਬਲਾਤਕਾਰੀ ਪਾਸਟਰ (ਪਾਦਰੀ) ਬਜਿੰਦਰ ਸਿੰਘ ਪੰਜਾਬ ਸਮੇਤ ਦੇਸ਼ ਦੇ ਭੋਲੇ-ਭਾਲੇ ਲੋਕਾਂ ਦੇ ਮੱਥੇ ਉੱਤੇ ਹੱਥ ਰੱਖ ਕੇ ਉਨ੍ਹਾਂ ਦੇ ਦੁੱਖ ਦਰਦ ਦੂਰ ਕਰਨ ਦਾ ਝਾਂਸਾ ਦੇ ਕੇ ਭਰਮਾਉਂਦਾ ਸੀ ਪ੍ਰੰਤੂ ਅੱਜ ਮੁਹਾਲੀ ਅਦਾਲਤ ਵੱਲੋਂ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ’ਤੇ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਅੱਜ ਉਹ ਖ਼ੁਦ ਨੂੰ ਕਾਨੂੰਨ ਦੀਆਂ ਬੇੜੀਆਂ ਤੋਂ ਨਹੀਂ ਬਚਾ ਸਕਿਆ। ਜੱਜ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਉਣ ਤੋਂ ਬਾਅਦ ਪੁਲੀਸ ਕਰਮਚਾਰੀ ਉਸ ਨੂੰ ਧੂਹ ਕੇ ਲੈ ਗਏ। ਪਾਦਰੀ ਅਦਾਲਤ ਵਿੱਚ ਆਪਣੇ ਮੱਥੇ ’ਤੇ ਰੱਖ ਕੇ ਜਾਣੇ ਅਣਜਾਣੇ ਵਿੱਚ ਕੀਤੇ ਗੁਨਾਹਾਂ ਲਈ ਪ੍ਰਛਾਵਾ ਕਰ ਰਿਹਾ ਸੀ ਅਤੇ ਜੱਜ ਦੇ ਤਰਲੇ ਕੱਢ ਰਿਹਾ ਸੀ ਪਰ ਉਸ ਦੀ ਕੋਈ ਵਾਹ ਨਹੀਂ ਚੱਲੀ। ਪਾਦਰੀ ਆਪਣੇ ਮੱਥੇ ’ਤੇ ਹੱਥ ਮਾਰਦਾ ਹੋਇਆ ਮੂੰਹ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਾਅਦ ਵਿੱਚ ਪੁਲੀਸ ਵਾਲੇ ਉਸ ਨੂੰ ਜੇਲ੍ਹ ਲੈ ਗਏ।
ਬਜਿੰਦਰ ਸਿੰਘ ਯਮੁਨਾਨਗਰ (ਹਰਿਆਣਾ) ਦੇ ਹਿੰਦੂ-ਜਾਟ ਪਰਿਵਾਰ ਨਾਲ ਸਬੰਧਤ ਹੈ। ਕਰੀਬ 15 ਸਾਲ ਪਹਿਲਾਂ ਉਸ ਨੂੰ ਕਤਲ ਦੇ ਮਾਮਲੇ ਵਿੱਚ ਜੇਲ੍ਹ ਹੋ ਗਈ ਸੀ ਅਤੇ ਜੇਲ੍ਹ ਵਿੱਚ ਹੀ ਉਸ ਨੇ ਈਸਾਈ ਧਰਮ ਅਪਣਾ ਲਿਆ ਸੀ। 2012 ਵਿੱਚ ਰਿਹਾਈ ਤੋਂ ਬਾਅਦ ਉਹ ਈਸਾਈ ਧਰਮ ਦਾ ਪ੍ਰਚਾਰ ਕਰਨ ਲੱਗ ਪਿਆ ਅਤੇ ਹੌਲੀ-ਹੌਲੀ ਲੋਕਾਂ ਦਾ ਭਰੋਸਾ ਜਿੱਤਣ ਤੋਂ ਬਾਅਦ ਉਹ ਪ੍ਰਚਾਰਕ ਬਣ ਗਿਆ ਅਤੇ ਨਿਊ ਚੰਡੀਗੜ੍ਹ ਵਿੱਚ ਸਭ ਤੋਂ ਵੱਡੀ ਚਰਚਾ ਦੱਸੀ ਜਾ ਰਹੀ ਹੈ। ਪੰਜਾਬ ਵਿੱਚ ਹੁਣ ਉਸ ਦੀਆਂ 23 ਸ਼ਾਖਾਵਾਂ ਹਨ ਜਦੋਂਕਿ ਵਿਦੇਸ਼ੀ ਮੁਲਕਾਂ ਵਿੱਚ ਵੀ ਦਰਜਨ ਦੇ ਕਰੀਬ ਸ਼ਾਖਾਵਾਂ ਦੱਸੀਆਂ ਜਾ ਰਹੀਆਂ ਹਨ।
ਬਜਿੰਦਰ ਸਿੰਘ ਦਾ ਇੰਸਟਾਗ੍ਰਾਮ ਹੈਂਡਲ ਉਸ ਨੂੰ ‘ਪੈਗੰਬਰ ਬਜਿੰਦਰ ਸਿੰਘ (ਪ੍ਰੋਫੇਟ ਬਜਿੰਦਰ ਸਿੰਘ) ਵਜੋਂ ਦਰਸਾਉਂਦਾ ਹੈ, ਨੂੰ ਜ਼ਿਆਦਾਤਰ ਫਾਲੋਅਰਜ਼ ਵੱਲੋਂ ਉਸ ਨੂੰ ‘ਪਾਪਾ’ ਅਤੇ ਗੁਰੂ ਜੀ ਵੀ ਕਿਹਾ ਜਾਂਦਾ ਹੈ। ਉਸ ਦੇ ਸੋਸ਼ਲ ਮੀਡੀਆ ’ਤੇ ਵੱਡੀ ਗਿਣਤੀ ਫਾਲੋਅਰਜ਼ ਹਨ ਅਤੇ ਉਸ ਦੀਆਂ ਵੀਡੀਓਜ਼ ਅਕਸਰ ਯੂਟਿਊਬ ਸ਼ਾਰਟਸ ਅਤੇ ਇੰਸਟਾਗ੍ਰਾਮ ਰੀਲਾਂ ਵਿੱਚ ਦਿਖਾਈ ਦਿੰਦੇ ਹਨ। ਪਾਦਰੀ ਅਕਸਰ ਸਟੇਜਾਂ ਉੱਤੇ ਚਮਤਕਾਰ ਕਰਕੇ ਦਿਖਾਉਂਦਾ ਸੀ ਅਤੇ ਜਿਨ੍ਹਾਂ ਨੂੰ ਉਹ ਆਪਣੇ ਯੂਟਿਊਬ ਚੈਨਲ ’ਤੇ ਅਪਲੋਡ ਕਰਕੇ ਹੋਰਨਾਂ ਲੋਕਾਂ ਨੂੰ ਭਰਮਾਉਂਦਾ ਸੀ। ਕਈ ਕਲਿੱਪਾਂ ਵਿੱਚ ਇਕੱਠਾਂ ਵਿੱਚ ‘ਮੇਰਾ ਯਸੂ ਯਸੂ’ ਗਾਉਂਦੇ ਦਿਖਾਇਆ ਗਿਆ ਹੈ, ਜਿੱਥੇ ਉਹ ਵੱਡੇ ਪੱਧਰ ’ਤੇ ਐੱਚਆਈਵੀ ਅਤੇ ਗੂੰਗੇਪਣ ਵਰਗੀਆਂ ਬੀਮਾਰੀਆਂ ਤੋਂ ਲੋਕਾਂ ਨੂੰ ਠੀਕ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪਿਛਲੇ ਸਮੇਂ ਪੰਜਾਬ ਵਿੱਚ ਇੱਕ ਸਮਾਗਮ ਦੌਰਾਨ ਵਾਲੀਬੁੱਡ ਅਦਾਕਾਰਾ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਮੂਲੀਅਤ ਕੀਤੀ ਸੀ। ਉਂਜ ਵੀ ਉਹ (ਪਾਦਰੀ) ਅਕਸਰ ਭੋਲੇ ਭਾਲੇ ਲੋਕਾਂ ’ਤੇ ਰੋਅਬ ਪਾਉਣ ਲਈ ਅਤੇ ਆਪਣੇ ਭਰਮਜਾਲ ਵਿੱਚ ਫਸਾਉਣ ਲਈ ਸਿਆਸਤਦਾਨਾਂ ਨਾਲ ਫੋਟੋਆਂ ਖਿਚਵਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰਦਾ ਸੀ। ਮੌਜੂਦਾ ਸਮੇਂ ਦੇ ਹੁਕਮਰਾਨਾਂ ਵੀ ਉਸ ਦੀਆਂ ਫੋਟੋਆਂ ਵਾਇਰਲ ਹੋਈਆਂ ਹਨ।