Share on Facebook Share on Twitter Share on Google+ Share on Pinterest Share on Linkedin ਡਰੱਗ ਤਸਕਰੀ ਮਾਮਲੇ ਵਿੱਚ ਪੇਸ਼ੀ ਭੁਗਤਨ ’ਤੇ ਆਇਆ ਕੈਦੀ ਹੌਲਦਾਰ ਨੂੰ ਧੱਕਾ ਮਾਰ ਕੇ ਫਰਾਰ, ਕੇਸ ਦਰਜ ਮੁਹਾਲੀ ਅਦਾਲਤ ਦੇ ਬਖ਼ਸ਼ੀਖਾਨੇ ਵਿੱਚ ਰੌਲਾ ਪਾਉਣ ਵਾਲੇ ਕੈਦੀਆਂ ਨੂੰ ਵੀ ਪੁੱਛਗਿੱਛ ਲਈ ਕੀਤਾ ਜਾਵੇਗਾ ਤਲਬ: ਜਾਂਚ ਅਧਿਕਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ: ਮੁਹਾਲੀ ਅਦਾਲਤ ਵਿੱਚ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੇਸ਼ੀ ਭੁਗਤਨ ਆਇਆ ਇੱਕ ਮੁਲਜ਼ਮ ਗੁਰਿੰਦਰ ਸਿੰਘ ਉਰਫ਼ ਗਿੰਦਾ ਵਾਸੀ ਲੁਧਿਆਣਾ ਅੱਜ ਹੌਲਦਾਰ ਨੂੰ ਧੱਕਾ ਮਾਰਕੇ ਅਤੇ ਵਰਦੀ ਫਾੜ ਕੇ ਪੁਲੀਸ ਦੀ ਹਿਰਾਸਤ ’ਚੋਂ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜੇਲ੍ਹ ਸਟਾਫ਼ ਦੇ ਹੌਲਦਾਰ ਮਨਜੀਤ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਮੁਲਜ਼ਮ ਗੁਰਿੰਦਰ ਉਰਫ਼ ਗਿੰਦਾ ਦੇ ਖ਼ਿਲਾਫ਼ ਥਾਣਾ ਸੋਹਾਣਾ ਵਿੱਚ ਕੇਸ ਦਰਜ ਕਰਕੇ ਫਰਾਰ ਹੋਏ ਕੈਦੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਸੋਹਾਣਾ ਥਾਣੇ ਦੇ ਮੁਖੀ ਤਰਲੋਚਨ ਸਿੰਘ ਅਤੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਬਰਮਾ ਸਿੰਘ ਨੇ ਦੱਸਿਆ ਕਿ ਐਸਟੀਐਫ਼ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਕੁਝ ਸਮਾਂ ਪਹਿਲਾਂ ਮੁਲਜ਼ਮ ਗੁਰਿੰਦਰ ਸਿੰਘ ਗਿੰਦਾ ਅਤੇ ਪ੍ਰਿੰਸ ਨੂੰ 800 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਅਦਾਲਤ ਵਿੱਚ ਚਲ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਉਕਤ ਮੁਲਜ਼ਮਾਂ ਨੂੰ ਜੇਲ੍ਹ ’ਚੋਂ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦਾ ਗਿਆ ਸੀ। ਜੇਲ੍ਹ ਵੈਨ ’ਚੋਂ ਉਤਾਰ ਮੁਲਜ਼ਮਾਂ ਨੂੰ ਅਦਾਲਤ ਦੇ ਬਖ਼ਸ਼ੀਖਾਨੇ ਵਿੱਚ ਬੰਦ ਕੀਤਾ ਗਿਆ ਸੀ। ਇਸ ਦੌਰਾਨ ਜਿਵੇਂ ਹੀ ਅਦਾਲਤ ’ਚੋਂ ਮੁਲਜ਼ਮਾਂ ਨੂੰ ਪੇਸ਼ ਕਰਨ ਲਈ ਆਵਾਜ਼ ਲਗਾਈ ਗਈ ਤਾਂ ਇੱਕ ਸਿਪਾਹੀ ਬਲਵਿੰਦਰ ਸਿੰਘ ਮੁਲਜ਼ਮ ਪ੍ਰਿੰਸ ਨੂੰ ਲੈ ਕੇ ਕੋਰਟ ਰੂਮ ਵਿੱਚ ਚਲਾ ਗਿਆ ਅਤੇ ਉਨ੍ਹਾਂ ਦੇ ਪਿੱਛੇ ਹੌਲਦਾਰ ਮਨਜੀਤ ਸਿੰਘ ਮੁਲਜ਼ਮ ਗੁਰਿੰਦਰ ਸਿੰਘ ਨੂੰ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਮੁਲਜ਼ਮ ਨੇ ਹੌਲਦਾਰ ਨੂੰ ਧੱਕਾ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਹੌਲਦਾਰ ਨੇ ਮੁਲਜ਼ਮ ਨੂੰ ਭੱਜਣ ਤੋਂ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਮੁਲਜ਼ਮ ਨੇ ਆਪਣੇ ਹੱਥ ਦੀ ਉਂਗਲਾਂ ਵਿੱਚ ਪਹਿਨੀ ਹੋਈ ਕੋਈ ਤੇਜ਼ਧਾਰ ਚੀਜ਼ ਨਾਲ ਹੌਲਦਾਰ ’ਤੇ ਹਮਲਾ ਕਰ ਦਿੱਤਾ ਅਤੇ ਵਕੀਲ ਦੇ ਚੈਂਬਰਾਂ ਵਾਲੇ ਰਸਤੇ ਅਦਾਲਤ ’ਚੋਂ ਫਰਾਰ ਹੋ ਗਿਆ। ਜਾਂਚ ਅਧਿਕਾਰੀ ਬਰਮਾ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਪੂਰੀ ਤਰ੍ਹਾਂ ਫ਼ਿਲਮੀ ਅੰਦਾਜ਼ ਵਿੱਚ ਅੰਜਾਮ ਦਿੱਤਾ ਗਿਆ। ਪੁਲੀਸ ਅਨੁਸਾਰ ਜਦੋਂ ਮੁਲਜ਼ਮ ਗਿੰਦਾ ਪੁਲੀਸ ਹਿਰਾਸਤ ’ਚੋਂ ਫਰਾਰ ਹੋਇਆ ਤਾਂ ਅਦਾਲਤ ਦੇ ਬਖ਼ਸ਼ੀਖਾਨੇ ਵਿੱਚ ਬੰਦ ਕੁਝ ਹੋਰ ਕੈਦੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਅਦਾਲਤ ਦੇ ਮੁੱਖ ਗੇਟ ’ਤੇ ਤਾਇਨਾਤ ਪੁਲੀਸ ਕਰਮਚਾਰੀਆਂ ਦਾ ਸਾਰਾ ਧਿਆਨ ਬਖ਼ਸ਼ੀਖਾਨੇ ਵੱਲ ਹੋ ਗਿਆ ਅਤੇ ਉਹ ਕੈਦੀਆਂ ਨੂੰ ਚੁੱਪ ਕਰਵਾਉਣ ਵਿੱਚ ਰੁੱਝ ਗਏ। ਲੇਕਿਨ ਬਖ਼ਸ਼ੀਖਾਨੇ ਵਿੱਚ ਬੰਦ ਕੈਦੀ ਕਿਹੜੀ ਗੱਲ ਨੂੰ ਲੈ ਕੇ ਰੌਲਾ ਪਾ ਰਹੇ ਸੀ ਹਾਲੇ ਤੱਕ ਸਪੱਸ਼ਟ ਨਹੀਂ ਹੋਈ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਦੇ ਫਰਾਰ ਹੋਣ ਪਿੱਛੇ ਕੈਦੀਆਂ ਦੀ ਆਪਸ ਵਿੱਚ ਗੰਢਤੁੱਪ ਕਰਕੇ ਸਾਜ਼ਿਸ਼ ਰਚਣ ਦੀ ਬੂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕੈਦੀ ਦੇ ਅਦਾਲਤ ’ਚੋਂ ਫਰਾਰ ਹੋਣ ਮੌਕੇ ਬਖ਼ਸ਼ੀਖਾਨੇ ਵਿੱਚ ਰੌਲਾ ਪਾਉਣ ਵਾਲੇ ਕੈਦੀਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਮਾਮਲੇ ਦੀ ਜਾਂਚ ਲਈ ਤਲਬ ਕੀਤਾ ਜਾਵੇਗਾ ਤਾਂ ਜੋ ਪੁਲੀਸ ਹਿਰਾਸਤ ’ਚੋਂ ਕੈਦੀ ਦੇ ਫਰਾਰ ਹੋਣ ਬਾਰੇ ਪਤਾ ਲਗਾਇਆ ਜਾ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ