ਮੁਹਾਲੀ ਵਿੱਚ ਲਾਵਾਰਿਸ ਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਗੰਭੀਰ, ਸਿੱਧੂ ਨੇ ਲਿਆ ਜਾਇਜ਼ਾ

ਸਿੱਧੂ ਨੇ ਕਮਿਸ਼ਨਰ ਤੇ ਡੀਐਸਪੀ ਨੂੰ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫਾਰਸ਼

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਸਤੰਬਰ:
ਮੁਹਾਲੀ ਵਿੱਚ ਲਾਵਾਰਿਸ ਅਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਪਸ਼ੂ ਪਾਲਕਾਂ ਦੀ ਸਿਆਸੀ ਪਹੁੰਚ ਹੋਣ ਕਾਰਨ ਨਗਰ ਨਿਗਮ ਦੇ ਮੁਲਾਜ਼ਮ ਬੇਵਸ ਜਾਪਦੇ ਹਨ। ਕਿਉਂਕਿ ਪਸ਼ੂ ਪਾਲਕ ਜ਼ਬਰਦਸਤੀ ਆਪਣੇ ਪਸ਼ੂ ਛੁਡਾ ਕੇ ਲੈ ਜਾਂਦੇ ਹਨ ਅਤੇ ਸ਼ਿਕਾਇਤ ਕਰਤਾਵਾਂ ਨੂੰ ਵੀ ਮਾੜਾ ਬੋਲਦੇ ਹਨ। ਇਸ ਤਰ੍ਹਾਂ ਦੀਆਂ ਹੁਣ ਤੱਕ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪਿਛਲੇ ਦਸਮੇਸ਼ ਆਟਾ ਚੱਕੀ ਮਟੌਰ ਵਿੱਚ ਫੜ ਕੇ ਪਸ਼ੂਆਂ ਨੇ ਆਟਾ ਤੇ ਕਣਕ ਖਾ ਲਈ ਸੀ ਅਤੇ ਕਾਫੀ ਅਨਾਜ ਖਰਾਬ ਕਰ ਦਿੱਤਾ ਸੀ। ਇੰਜ ਹੀ ਬੀਤੇ ਕੱਲ੍ਹ ਕੁੱਝ ਲੋਕ ਸੈਕਟਰ-71 ਵਿੱਚ ਪਸ਼ੂਆਂ ਨੂੰ ਫੜਣ ਆਈ ਨਗਰ ਨਿਗਮ ਦੀ ਟੀਮ ਨਾਲ ਉਲਝ ਗਏ ਸੀ। ਜਿਸ ਕਾਰਨ ਸ਼ਹਿਰ ਵਾਸੀ ਡਾਢੇ ਤੰਗ ਪ੍ਰੇਸ਼ਾਨ ਹਨ।
ਉਪਰੋਕਤ ਸਮੱਸਿਆ ਸਬੰਧੀ ਸਾਬਕਾ ਕੌਂਸਲਰ ਅਮਰੀਕ ਸਿੰਘ ਸੋਮਲ ਦੀ ਸ਼ਿਕਾਇਤ ’ਤੇ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੈਕਟਰ-71 ਅਤੇ ਹੋਰਨਾਂ ਥਾਵਾਂ ਦਾ ਤੂਫ਼ਾਨੀ ਦੌਰਾ ਕਰਕੇ ਲਾਵਾਰਿਸ ਅਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਸ੍ਰੀ ਸਿੱਧੂ ਨੇ ਮੁਹਾਲੀ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਵਿੱਚ ਪਸ਼ੂਆਂ ਨੂੰ ਖੁੱਲ੍ਹਾ ਛੱਡਣ ਵਾਲੇ ਪਸ਼ੂ ਪਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਅਤੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਲਈ ਕਹਿ ਕੇ ਲੋਕਾਂ ਦਾ ਗੁੱਸਾ ਸ਼ਾਂਤ ਕੀਤਾ। ਉਨ੍ਹਾਂ ਹਦਾਇਤ ਕੀਤੀ ਕਿ ਕੰਧ ਢਾਹੁਣ ਅਤੇ ਸ਼ਹਿਰ ਵਿੱਚ ਪਸ਼ੂਆਂ ਨੂੰ ਖੁੱਲ੍ਹੇ ਛੱਡਣ ਵਾਲੇ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤੇ ਜਾਣ।
ਇਸ ਤੋਂ ਪਹਿਲਾਂ ਸੈਕਟਰ ਅਤੇ ਮਟੌਰ ਵਾਸੀਆਂ ਨੇ ਮੰਤਰੀ ਨੂੰ ਦੱਸਿਆ ਕਿ ਉਹ ਸ਼ੁਰੂ ਤੋਂ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ ਲੇਕਿਨ ਹੁਣ ਪਾਲਤੂ ਪਸ਼ੂ ਵੀ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਕੁੱਝ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਘਾਹ ਚਰਨ ਲਈ ਖੁੱਲ੍ਹਾ ਛੱਡ ਦਿੰਦੇ ਹਨ। ਜਿਸ ਕਾਰਨ ਸ਼ਹਿਰ ਦੀਆਂ ਪਾਰਕਾਂ ਪਸ਼ੂ ਚਰਾਂਦ ਬਣ ਗਈਆਂ ਹਨ ਅਤੇ ਹੁਣ ਗਲੀ ਮੁਹੱਲੇ ਵਿੱਚ ਘੁੰਮਦਿਆਂ ਜਿੱਥੇ ਪਸ਼ੂ ਲੋਕਾਂ ਦੇ ਘਰਾਂ ਮੂਹਰੇ ਅਤੇ ਸਾਈਡਾਂ ’ਤੇ ਫੁੱਲ ਬੂਟਿਆਂ ਅਤੇ ਬਗੀਚਿਆਂ ਨੂੰ ਤਹਿਸ ਨਹਿਸ ਕਰਦੇ ਹਨ, ਉੱਥੇ ਰਿਹਾਇਸ਼ੀ ਖੇਤਰ ਵਿੱਚ ਬੇਸੁਮਾਰ ਗੰਦਗੀ ਵੀ ਫੈਲ ਰਹੀ ਹੈ। ਲੋਕਾਂ ਦਾ ਕਹਿਣਾ ਸੀ ਕਿ ਕੁਝ ਪਸ਼ੂ ਪਾਲਕ ਦੁੱਧ ਚੁਆਈ ਤੋਂ ਬਾਅਦ ਆਪਣੇ ਪਸ਼ੂਆਂ ਨੂੰ ਸ਼ਹਿਰ ਵਿੱਚ ਖੁੱਲ੍ਹਾ ਛੱਡ ਦਿੱਤੇ ਹਨ। ਇਸ ਨਾਲ ਸੜਕ ਦੁਰਘਟਨਾਵਾਂ ਵੀ ਵਾਪਰਦੀਆਂ ਹਨ।
ਸਾਬਕਾ ਕੌਂਸਲਰ ਅਮਰੀਕ ਸਿੰਘ ਸੋਮਲ ਨੇ ਮੰਤਰੀ ਨੂੰ ਦੱਸਿਆ ਕਿ ਕਮਿਊਨਿਟੀ ਸੈਂਟਰ ਦੇ ਸਾਹਮਣੇ ਸਬਜ਼ੀ ਮੰਡੀ ਵਾਲੀ ਥਾਂ ’ਤੇ ਨਗਰ ਨਿਗਮ ਵੱਲੋਂ ਉਸਾਰੀ ਕੰਧ ਵੀ ਸ਼ਰਾਰਤੀ ਅਨਸਰਾਂ ਨੇ ਤੋੜ ਦਿੱਤੀ ਹੈ। ਪਸ਼ੂ ਪਾਲਕਾਂ ਦੇ ਖ਼ਿਲਾਫ਼ ਮਟੌਰ ਵਾਸੀਆਂ ਨੇ ਧਰਨਾ ਵੀ ਲਾਇਆ ਪ੍ਰੰਤੂ ਮੰਤਰੀ ਦੇ ਭਰੋਸੇ ਮਗਰੋਂ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …