nabaz-e-punjab.com

ਆਬਕਾਰੀ ਵਿਭਾਗ ਦੇ ਅਧਿਕਾਰੀ ਦੀਆਂ ਮੁਸ਼ਕਲਾਂ ਵਧੀਆ, ਵਿਜੀਲੈਂਸ ਵੱਲੋਂ ਇੱਕ ਹੋਰ ਕੇਸ ਦਰਜ

ਉਕਤ ਅਧਿਕਾਰੀ ਖ਼ਿਲਾਫ਼ ਜੀਐਸਟੀ ਘੁਟਾਲੇ ਸਬੰਧੀ ਸਾਲ 2020 ਵਿੱਚ ਵੀ ਦਰਜ ਕੀਤਾ ਗਿਆ ਸੀ ਕੇਸ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਬਕਾਰੀ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ (ਜੀਐਸਟੀ) ਬਲਬੀਰ ਕੁਮਾਰ ਵਿਰਦੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਵਿਜੀਲੈਂਸ ਵੱਲੋਂ ਇਸ ਅਧਿਕਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 13(1) (ਬੀ) ਅਤੇ 13(2) ਤਹਿਤ ਨਵਾਂ ਪਰਚਾ ਦਰਜ ਕੀਤਾ ਗਿਆ ਹੈ। ਜਦੋਂਕਿ ਇਸ ਤੋਂ ਪਹਿਲਾਂ ਵਿਰਦੀ ਸਮੇਤ ਆਬਕਾਰੀ ਵਿਭਾਗ ਦੇ ਹੋਰਨਾਂ ਅਧਿਕਾਰੀਆਂ/ਕਰਮਚਾਰੀਆਂ ਨੇ ਕੁਝ ਟਰਾਂਸਪੋਰਟਰਾਂ ਅਤੇ ਉਦਯੋਗਪਤੀਆਂ ਦੀ ਮਿਲੀਭੁਗਤ ਨਾਲ ਜੀਐਸਟੀ ਉਗਰਾਹੀ ਵਿੱਚ ਵੱਡਾ ਘਪਲਾ ਕੀਤਾ ਸੀ। ਇਸ ਸਬੰਧੀ 21 ਅਗਸਤ 2020 ਨੂੰ ਧਾਰਾ 420, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਸੀ। ਆਬਕਾਰੀ ਅਧਿਕਾਰੀ ’ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼ ਹੈ।
ਬਲਬੀਰ ਵਿਰਦੀ ਵਾਸੀ ਪਿੰਡ ਲੰਮਾ (ਜਲੰਧਰ) ਵੱਲੋਂ ਸਰਕਾਰੀ ਅਧਿਕਾਰੀ ਹੁੰਦਿਆਂ ਭ੍ਰਿਸ਼ਟਾਚਾਰ ਰਾਹੀਂ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਪਤਾ ਲੱਗਾ ਹੈ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਅਧਿਕਾਰੀ ਨੇ 1 ਅਪਰੈਲ 2007 ਤੋਂ 11 ਸਤੰਬਰ 2020 ਤੱਕ ਕੁੱਲ 5,12,51,688.37 ਰੁਪਏ ਖ਼ਰਚ ਕੀਤੇ ਹਨ ਜਦੋਂਕਿ ਸਾਰੇ ਸਰੋਤਾਂ ਤੋਂ ਉਸ ਦੀ ਅਸਲ ਆਮਦਨ 2,08,84,863.37 ਰੁਪਏ ਬਣਦੀ ਸੀ। ਜਾਂਚ ਦੌਰਾਨ ਪਾਇਆ ਗਿਆ ਕਿ ਅਧਿਕਾਰੀ ਨੇ ਇਸ ਸਮੇਂ ਦੌਰਾਨ ਆਪਣੀ ਅਸਲ ਆਮਦਨ ਤੋਂ 3,03,66,825 ਰੁਪਏ ਵੱਧ ਖ਼ਰਚ ਕੀਤੇ ਹਨ ਜੋ ਉਸਦੀ ਕੁੱਲ ਆਮਦਨ ਤੋਂ ਲਗਭਗ 145.40 ਫੀਸਦੀ ਵੱਧ ਹੈ।
ਵਿਜੀਲੈਂਸ ਅਨੁਸਾਰ ਮਾਮਲੇ ਦੀ ਡੂੰਘਾਈ ਨਾਲ ਕੀਤੀ ਪੜਤਾਲ ਵਿੱਚ ਇਹ ਸਾਹਮਣੇ ਆਇਆ ਕਿ ਉਕਤ ਆਬਕਾਰੀ ਅਧਿਕਾਰੀ ਨੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੀ ਅਸਲ ਆਮਦਨ ਨਾਲੋਂ ਵੱਧ ਚੱਲ ਅਤੇ ਅਚੱਲ ਜਾਇਦਾਦ ਬਣਾਈ ਹੈ। ਮੁਲਜ਼ਮ ਅਧਿਕਾਰੀ ਦੀ ਭਾਲ ਵਿੱਚ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਮੁਲਜ਼ਮ ਬਲਬੀਰ ਵਿਰਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤਹਿਤ ਬਿਊਰੋ ਕੋਲ ਉਕਤ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਇਆ ਸੀ। ਵਿਜੀਲੈਂਸ ਮਾਮਲੇ ਦੀ ਜਾਂਚ ਜਾਰੀ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…