
ਅਮਨ ਅਰੋੜਾ ਦੀ ਕੋਠੀ ਮੂਹਰੇ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ
ਨਬਜ਼-ਏ-ਪੰਜਾਬ, ਮੁਹਾਲੀ, 3 ਅਪਰੈਲ:
ਜਨਰਲ ਕੈਟਾਗਰੀਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ 6 ਅਪਰੈਲ ਨੂੰ ਦਿੱਤਾ ਜਾਣ ਵਾਲਾ ਰੋਸ ਧਰਨਾ ਫਿਲਹਾਲ ਮੁਲਤਵੀ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਸੂਬਾ ਪ੍ਰੈਸ ਸਕੱਤਰ ਜਸਵੀਰ ਸਿੰਘ ਗੜਾਂਗ ਨੇ ਦੱਸਿਆ ਕਿ ਬੀਤੇ ਦਿਨੀਂ ਅਮਨ ਅਰੋੜਾ ਨੇ ਵਫ਼ਦ ਨੂੰ ਮੀਟਿੰਗ ਲਈ ਸੱਦਿਆ ਸੀ। ਜਿਸ ਵਿੱਚ ਵਫ਼ਦ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਐਸਸੀ ਕਮਿਸ਼ਨ ਅਤੇ ਬੀਸੀ ਕਮਿਸ਼ਨ ਦੇ ਚੇਅਰਮੈਨ ਲਗਾ ਦਿੱਤੇ ਗਏ ਹਨ ਪ੍ਰੰਤੂ ਜਨਰਲ ਕੈਟਾਗਰੀ ਕਮਿਸ਼ਨ ਦਾ ਚੇਅਰਮੈਨ ਹਾਲੇ ਤੱਕ ਨਹੀਂ ਲਗਾਇਆ ਗਿਆ। ਜਿਸ ਕਾਰਨ ਜਨਰਲ ਵਰਗ ਵਿੱਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਨਰਲ ਵਰਗ ਦੇ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਮਿਲਣ ਵਾਲਾ ਵਜ਼ੀਫ਼ਾ ਵੀ ਬੰਦ ਕੀਤਾ ਜਾ ਰਿਹਾ ਹੈ, ਜੋ ਉਨ੍ਹਾਂ ਨਾਲ ਬੇਇਨਸਾਫ਼ੀ ਹੈ।
ਫੈਡਰੇਸ਼ਨ ਨੇ ਮੰਗ ਕੀਤੀ ਕਿ ਇਸ ਵਜ਼ੀਫ਼ੇ ਦੀ ਰਾਸ਼ੀ ਵਧਾ ਕੇ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਸ਼ੁਰੂ ਕੀਤਾ ਜਾਵੇ। ਇਸ ਤੋਂ ਬਿਨਾਂ ਪਿਛਲੇ ਤਿੰਨ ਦਹਾਕਿਆਂ ਤੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਲੈਕਚਰਾਰਾਂ ਨੂੰ ਤੁਰੰਤ ਪ੍ਰਿੰਸੀਪਲਾਂ ਵਜੋਂ ਤਰੱਕੀਆਂ ਦਿੱਤੀਆਂ ਜਾਣ। ਇਹ ਤਾਂ ਹੀ ਸੰਭਵ ਹੋ ਸਕੇਗਾ, ਜੇਕਰ 2018 ਦੇ ਸਿੱਖਿਆ ਨਿਯਮਾਂ ਵਿੱਚ ਸੋਧ ਕਰਕੇ ਤਰੱਕੀ ਕੋਟਾ 50 ਫੀਸਦੀ ਤੋਂ ਵਧਾ ਕੇ ਪਹਿਲਾਂ ਵਾਂਗ 75 ਫੀਸਦੀ ਕੀਤਾ ਜਾਵੇ। ਗੜਾਂਗ ਨੇ ਦੱਸਿਆ ਕਿ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ।
ਇਸ ਮੌਕੇ ਅਮਨ ਅਰੋੜਾ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇਗਾ। ਇਸ ਉਪਰੰਤ ਸੂਬਾ ਕਮੇਟੀ ਨੇ ਫ਼ੈਸਲਾ ਕੀਤਾ ਕਿ ਅਮਨ ਅਰੋੜਾ ਦੇ ਭਰੋਸੇ ਨੂੰ ਧਿਆਨ ਵਿੱਚ ਰੱਖਦਿਆਂ ਫਿਲਹਾਲ 6 ਅਪਰੈਲ ਨੂੰ ਉਨ੍ਹਾਂ ਦੀ ਕੋਠੀ ਮੂਹਰੇ ਦਿੱਤਾ ਜਾਣ ਵਾਲਾ ਰੋਸ ਧਰਨਾ ਮੁਲਤਵੀ ਕੀਤਾ ਜਾਂਦਾ ਹੈ। ਜੇਕਰ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਫੈਡਰੇਸ਼ਨ ਵੱਲੋਂ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ। ਵਫ਼ਦ ਵਿੱਚ ਸੂਬਾ ਪ੍ਰਧਾਨ ਸੁਖਬੀਰ ਸਿੰਘ, ਸ਼ਿਆਮ ਲਾਲ ਸ਼ਰਮਾ, ਜਸਵੀਰ ਸਿੰਘ ਗੜਾਂਗ, ਸੁਦੇਸ਼ ਕਮਲ ਸ਼ਰਮਾ, ਦਿਲਬਾਗ ਸਿੰਘ, ਹਰਪਿੰਦਰ ਸਿੰਘ ਅਤੇ ਕਈ ਹੋਰ ਆਗੂ ਵੀ ਸ਼ਾਮਲ ਸਨ।