nabaz-e-punjab.com

ਪੰਜਾਬ ਨੂੰ ਮੁੜ ਅੱਵਲ ਦਰਜੇ ਦਾ ਸੂਬਾ ਬਣਾਉਣ ਲਈ ਨਿੱਠ ਕੇ ਕੰਮ ਕਰ ਰਹੀ ਹੈ ਪੰਜਾਬ ਸਰਕਾਰ: ਸਿਹਤ ਮੰਤਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ:
ਪੰਜਾਬ ਨੂੰ ਮੁੜ ਅੱਵਲ ਦਰਜੇ ਦਾ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਨਿੱਠ ਕੇ ਕੰਮ ਕੀਤਾ ਜਾ ਰਿਹਾ ਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਇੱਥੇ ਮਾਨਵ ਰਚਨਾ ਇੰਟਰਨੈਸ਼ਨਲ ਸਕੂਲ, ਸੈਕਟਰ 82 ਵਿੱਚ ਪੰਜਾਬ ਸਟੇਟ ਫੈਂਸਿੰਗ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਪੰਜਾਬ ਰਾਜ ਫੈਂਸਿੰਗ ਚੈਂਪੀਅਨਸ਼ਿਪ ਦਾ ਉਦਘਾਟਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਨਾ ਕਿਸੇ ਰੂੂਪ ਵਿੱਚ ਫੈਂਸਿੰਗ ਦੀਆਂ ਜੜ੍ਹਾਂ ਪੁਰਾਤਨ ਯੁਗ ਨਾਲ ਜਾ ਜੁੜਦੀਆਂ ਹਨ ਤੇ ਇਸ ਖੇਡ ਵਿੱਚ ਭਾਰਤ ਤੇ ਖਾਸ ਕਰ ਕੇ ਪੰਜਾਬ ਦੇ ਖਿਡਾਰੀ ਚੰਗਾ ਨਾਮਣਾ ਖੱਟ ਰਹੇ ਹਨ।
ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਜੋ ਕਿ ਪੰਜਾਬ ਸਟੇਟ ਫੈਂਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਨੌਜਵਾਨਾਂ ਦੀ ਤਾਕਤ ਨੂੰ ਸਹੀ ਦਿਸ਼ਾ ਦੇਣ ਲਈ ਉਨ੍ਹਾਂ ਨੂੰ ਖੇਡਾਂ ਨਾਲ ਜੋੜਨਾ ਲਾਜ਼ਮੀ ਹੈ ਤੇ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਇਸ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਇਸ ਖੇਡ ਪ੍ਰਤੀ ਨੌਜਵਾਨਾਂ ਵਿੱਚ ਕਾਫੀ ਜਾਗਰੂਕਤਾ ਆ ਰਹੀ ਹੈ ਤੇ ਵੱਡੀ ਗਿਣਤੀ ਬੱਚੇ ਤੇ ਨੌਜਵਾਨ ਇਸ ਖੇਡ ਵੱਲ ਪ੍ਰੇਰਿਤ ਹੋ ਰਹੇ ਹਨ। ਭਾਰਤ ਦੇ ਫੈਂਸਰ ਕੌਮਾਂਤਰੀ ਪੱਧਰ ’ਤੇ ਮੱਲਾਂ ਮਾਰ ਰਹੇ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬ ਦੇ ਫੈਂਸਰ ਵੀ ਸ਼ਾਮਲ ਹਨ। ਉਦਘਾਟਨੀ ਸਮਾਗਮ ਦੌਰਾਨ ਇੱਕ ਵਿਸ਼ੇਸ਼ ਪ੍ਰਦਰਸ਼ਨੀ ਮੈਚ ਵੀ ਕਰਵਾਇਆ ਗਿਆ ਤੇ ਸਿਹਤ ਮੰਤਰੀ ਵੱਲੋਂ ਖਿਡਾਰੀਆਂ ਦੀ ਭਰਵੀਂ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਦੇ ਨਾਲ ਨਾਲ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ।
ਇਸ ਮੌਕੇ ਮਾਨਵ ਰਚਨਾ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਦੇ ਮੀਤ ਪ੍ਰਧਾਨ ਡਾ. ਅਮਿਤ ਭੱਲਾ ਵੱਲੋਂ ਸਿਹਤ ਮੰਤਰੀ ਨੂੰ ਇੱਕ ਬੂਟਾ ਭੇਟ ਕਰ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਫੈਂਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਅਨਿਲ ਅਰੋੜਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਤੋਂ ਅੰਡਰ-10, ਅੰਡਰ-12, ਅੰਡਰ-14 ਅਤੇ ਅੰਡਰ-17 ਉਮਰ ਵਰਗ ਦੇ 300 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ ਤੇ ਇਸ ਚੈਂਪੀਅਨਸ਼ਿਪ ਦੌਰਾਨ 100 ਤੋਂ ਵੱਧ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੇ ਜੇਤੂ ਇਸ ਮਹੀਨੇ ਦੇ ਅੰਤ ਵਿੱਚ ਨਾਸਿਕ ਵਿਖੇ ਹੋਣ ਵਾਲੀ ਕੌਮੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੇ। ਇਸ ਮੌਕੇ ਐਸੋਸੀਏਸ਼ਨ ਦੇ ਆਰਗੇਨਾਈਜਿੰਗ ਸਕੱਤਰ ਤਰਲੋਚਨ ਸਿੰਘ ਡੋਗਰਾ, ਜ਼ਿਲ੍ਹਾ ਆਰਗੇਨਾਈਜ਼ਿੰਗ ਸਕੱਤਰ ਜਗਮੋਹਨ ਸਿੰਘ ਕਾਹਲੋਂ ਅਤੇ ਸਕੂਲ ਦੀ ਪ੍ਰਿੰਸੀਪਲ ਤਰੁਨਾ ਵਸ਼ਿਸ਼ਟ ਸਮੇਤ ਵੱਡੀ ਗਿਣਤੀ ਖਿਡਾਰੀ ਦੇ ਕੋਚ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…