Share on Facebook Share on Twitter Share on Google+ Share on Pinterest Share on Linkedin ਪੰਜਾਬ ਪੁਲੀਸ ਨੇ ਜਗਦੀਸ਼ ਗਗਨੇਜਾ ਸਮੇਤ ਹੋਰ ਪ੍ਰਮੁੱਖ ਕਤਲ ਕੇਸਾਂ ਦੀ ਗੁੱਥੀ ਸੁਲਝਾਈ ਵਿਦੇਸ਼ ਧਰਤੀ ’ਤੇ ਰਚੀ ਗਈ ਸੀ ਸਾਜ਼ਿਸ਼, ਗਰਮਦਲੀਆਂ ਤੇ ਗੈਂਗਸਟਰਾਂ ਦੀ ਸਾਂਝ ਗੰਢ-ਤੁਪ ਸਾਹਮਣੇ ਆਈ: ਕੈਪਟਨ ਅਮਰਿੰਦਰ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲੀਸ ਵੱਲੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਜਗਦੀਸ਼ ਗਗਨੇਜਾ ਦੀ ਹੱਤਿਆ ਸਮੇਤ ਮਿੱਥ ਕੇ ਕੀਤੇ ਗਏ ਕਤਲਾਂ ਦੇ ਬਹੁਤੇ ਮਾਮਲਿਆਂ ਨੂੰ ਹੱਲ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਆਈ.ਐਸ.ਆਈ ਵੱਲੋਂ ਪਾਕਿਸਤਾਨ ਤੇ ਹੋਰ ਮੁਲਕਾਂ ਵਿੱਚ ਆਪਣੇ ਨੈੱਟਵਰਕ ਰਾਹੀਂ ਸੂਬੇ ਦੀ ਸਦਭਾਵਨਾ ਨੂੰ ਭੰਗ ਕਰਕੇ ਅਸਥਿਰਤਾ ਪੈਦਾ ਕਰਨ ਲਈ ਵੱਡੀ ਸਾਜ਼ਿਸ਼ ਦਾ ਖੁਲਾਸਾ ਵੀ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਸੂਬਾ ਸਰਕਾਰ ਨੇ ਆਰ.ਐਸ.ਐਸ ਦੇ ਸੂਬਾ ਉਪ ਮੁਖੀ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੇ ਕਤਲ ਦਾ ਕੇਸ ਸੀ.ਬੀ.ਆਈ ਨੂੰ ਸੌਂਪ ਦਿੱਤਾ ਸੀ ਪਰ ਸੂਬਾ ਪੁਲਿਸ ਵੱਲੋਂ ਦਹਿਸ਼ਤੀ ਗਿਰੋਹ ਬੇਨਕਾਬ ਕਰਕੇ ਇਸ ਕਤਲ ਕੇਸ ਦੀ ਗੁੱਥੀ ਵੀ ਸੁਲਝਾ ਲਈ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਦਹਿਸ਼ਤੀ ਗਿਰੋਹ ਨੂੰ ਕਾਬੂ ਕਰਨ ਦੀ ਇਹ ਅੱਠਵੀਂ ਘਟਨਾ ਹੈ। ਮੰਗਲਵਾਰ ਸ਼ਾਮੀ ਹਿਮਾਚਲ ਪ੍ਰਦੇਸ਼ ’ਚੋਂ ਚੋਣ ਪ੍ਰਚਾਰ ਵਿਹਲੇ ਹੁੰਦੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੁਲੀਸ ਜਾਂਚ ਅਤੇ ਸ਼ੱਕੀਆਂ ਪਾਸੋਂ ਕੀਤੀ ਪੁੱਛਗਿੱਛ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਨ੍ਹਾਂ ਗ੍ਰਿਫਤਾਰੀਆਂ ਨਾਲ ਬੀਤੇ ਮਹੀਨੇ ਮਾਰੇ ਗਏ ਇਕ ਹੋਰ ਆਰ.ਐਸ.ਐਸ ਨੇਤਾ ਰਵਿੰਦਰ ਗੁਸਾਈਂ ਦੇ ਕਤਲ ਕੇਸ ਨੂੰ ਵੀ ਹੱਲ ਕਰ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀਆਂ ਜਨਵਰੀ 2016 ਤੋਂ ਲੁਧਿਆਣਾ, ਖੰਨਾ ਅਤੇ ਜਲੰਧਰ ਵਿੱਚ ਮਿੱਥ ਕੇ ਕੀਤੇ ਗਏ ਕਤਲਾਂ ਦੇ ਬਹੁਤੇ ਮਾਮਲਿਆਂ ਨਾਲ ਸਬੰਧਤ ਹਨ। ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਗ੍ਰਿਫਤਾਰ ਕੀਤੇ ਗਏ ਸਾਜ਼ਿਸ਼ਕਾਰਾਂ ਵਿੱਚ ਧਰਮਿੰਦਰ ਉਰਫ ਗੁਗਨੀ ਨਾਂ ਦਾ ਇਕ ਗੈਂਗਸਟਰ ਵੀ ਸ਼ਾਮਲ ਹੈ ਜੋ ਨਾਭਾ ਜੇਲ ਵਿਚ ਬੰਦ ਹੈ ਅਤੇ ਇਸ ਨਾਲ ਗਰਮਖਿਆਲੀਆਂ ਅਤੇ ਗੈਂਗਸਟਰਾਂ ਦਰਮਿਆਨ ਗੰਢ-ਤੁਪ ਦਾ ਸ਼ੱਕ ਸਹੀ ਸਾਬਤ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ ਚਾਰ ਸਾਜ਼ਿਸ਼ਕਾਰਾਂ ਪਾਸੋਂ ਕੀਤੀ ਗਈ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਵਿਦੇਸ਼ਾਂ ਵਿਚ ਵੱਖ-ਵੱਖ ਥਾਵਾਂ ’ਤੇ ਮਿਲੇ ਅਤੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਗਈ। ਮੁੱਖ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਹ ਪਾਕਿਸਤਾਨ ਅਤੇ ਕੁਝ ਪੱਛਮੀ ਮੁਲਕਾਂ ਵਿਚ ਸਾਜ਼ਿਸ਼ਘਾੜਿਆਂ ਨਾਲ ਗੱਲਬਾਤ ਕਰਨ ਲਈ ਇਨਕ੍ਰਿਪਟਿਡ (ਗੁਪਤ ਸੰਦੇਸ਼) ਮੋਬਾਈਲ ਸਾਫਟਵੇਅਰ ਜਾਂ ਐਪ ਵੀ ਵਰਤੋਂ ਕਰਦੇ ਸਨ। ਮੁੱਖ ਮੰਤਰੀ ਨੇ ਇੱਕ ਸਵਾਲ ਦੇ ਜਵਾਬ ਵਿਚ ਆਖਿਆ ਕਿ ਆਈ.ਐਸ.ਆਈ ਦੀਆਂ ਨਜ਼ਰਾਂ ਹਮੇਸ਼ਾ ਹੀ ਮੁਲਕ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਅਤੇ ਨੌਜਵਾਨਾਂ ਨੂੰ ਗਰਮਖਿਆਲੀ ਰਾਹ ’ਤੇ ਪਾਉਣ ਵੱਲ ਰਹੀਆਂ ਹਨ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਕਿਸੇ ਵੀ ਕੀਮਤ ’ਤੇ ਪੰਜਾਬ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਵਿਚ ਵਿਘਨ ਪਾਉਣ ਦੀ ਇਜਾਜ਼ਤ ਨਹੀਂ ਦੇਵੇਗੀ। ਮੁੱਖ ਮੰਤਰੀ ਨੇ ਆਖਿਆ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮਿੱਥ ਕੇ ਕੀਤੇ ਗਏ ਕਤਲਾਂ ਦਾ ਮਕਸਦ ਫਿਰਕੂ ਪਾੜਾ ਪਾਉਣਾ ਸੀ ਤਾਂ ਕਿ ਆਈ.ਐਸ.ਆਈ. ਆਪਣੀ ਭਾਰਤ ਵਿਰੋਧੀ ਯੋਜਨਾ ਵਿੱਚ ਹੋਰ ਅੱਗੇ ਵਧ ਸਕੇ ਕਿਉਂਕਿ ਪਾਕਿਸਤਾਨ ਅਤੇ ਵਿਦੇਸ਼ੀ ਧਰਤੀ ’ਤੇ ਪਾਕਿਸਤਾਨ ਦੀ ਇਹ ਖੂਫੀਆ ਏਜੰਸੀ ਦੀ ਸਰਗਰਮ ਸ਼ਮੂਲੀਅਤ ਦੇ ਠੋਸ ਸੰਕੇਤ ਸਾਹਮਣੇ ਆਏ ਹਨ। ਤਿੰਨ ਮਸ਼ਕੂਕਾਂ ਦੀ ਪਛਾਣ ਜਿੰਮੀ ਸਿੰਘ (ਜੰਮੂ ਦਾ ਵਸਨੀਕ ਜੋ ਕਿ ਹਾਲ ਹੀ ਵਿੱਚ ਇੰਗਲੈਂਡ ’ਚੋਂ ਕਈ ਸਾਲ ਰਹਿਣ ਬਾਅਦ ਵਾਪਸ ਪਰਤਿਆ ਸੀ ਅਤੇ ਇੱਕ ਹਫ਼ਤਾ ਪਹਿਲਾਂ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ), ਜਗਤਾਰ ਸਿੰਘ ਜੌਹਲ ਉਰਫ਼ ਜੱਗੀ (ਇੰਗਲੈਂਡ ਦਾ ਨਾਗਰਿਕ ਜੋ ਕਿ ਹਾਲ ਹੀ ਵਿੱਚ ਵਿਆਹਿਆ ਗਿਆ ਸੀ ਅਤੇ ਜਲੰਧਰ ਵਿੱਚ ਫੜਿਆ ਗਿਆ ਸੀ), ਧਰਮਿੰਦਰ ਉਰਫ਼ ਗੁਗਨੀ (ਲੁਧਿਆਣਾ ਨੇੜੇ ਮਿਹਰਬਾਨ ਦਾ ਗੈਂਗਸਟਰ ਜੋ ਕਿ ਹਤਿਆਰਿਆਂ ਨੂੰ ਅਸਲਾ ਸਪਲਾਈ ਕਰਦਾ ਸੀ), ਵਜੋਂ ਹੋਈ ਹੈ। ਮੁੱਖ ਮੰਤਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਾਬੂ ਕੀਤੇ ਗਏ ਚੌਥੇ ਮੁਲਜ਼ਮ ਜੋ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਪ੍ਰਮੁੱਖ ਸ਼ੂਟਰ ਸੀ, ਦੀ ਪਛਾਣ ਹਾਲਾਂ ਜ਼ਾਹਰ ਨਹੀਂ ਕੀਤੀ ਜਾ ਸਕਦੀ ਕਿਉਂ ਜੋ ਉਸ ਕੋਲੋਂ ਪੁੱਛਗਿੱਛ ਚੱਲ ਰਹੀ ਹੈ ਅਤੇ ਪੁਲੀਸ ਕੋਲ ਉਸ ਖਿਲਾਫ਼ ਲੋੜੀਂਦੇ ਸਬੂਤ ਹਨ। ਮੁੱਖ ਮੰਤਰੀ ਨੇ ਡੀਜੀਪੀ ਨੂੰ ਇਹ ਹਦਾਇਤ ਵੀ ਕੀਤੀ ਹੈ ਕਿ ਇਨਂਾਂ ਵਾਰਦਾਤਾਂ ਦਾ ਖੁਰਾ-ਖੋਜਾ ਨੱਪਣ ਵਾਲੀ ਪੁਲੀਸ ਟੀਮ ਅਤੇ ਭਵਿੱਖ ਵਿੱਚ ਅਜਿਹੇ ਅਹਿਮ ਸੁਰਾਗ ਕੱਢਣ ਵਾਲੇ ਪੁਲੀਸ ਕਰਮਚਾਰੀਆਂ ਨੂੰ ਇਨਾਮ ਤੇ ਸਨਮਾਨ ਦੇਣ ਦੀ ਰਣਨੀਤੀ ਵੀ ਉਲੀਕੀ ਜਾਵੇ। ਡੀਜੀਪੀ ਨੇ ਭਾਵੇਂ ਪੰਜਾਬ ਦੇ ਸਰਹੱਦੀ ਸੂਬਾ ਹੋਣ ਕਾਰਨ, ਭਵਿੱਖ ਵਿੱਚ ਕੌਮਾਂਤਰੀ ਸਾਜਿਸ਼ਕਾਰਾਂ ਦੀ ਭਾਈਵਾਲੀ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਬਿਲਕੁਲ ਹੀ ਨਾ ਵਾਪਰਨ ਦੀ ਸੰਭਾਵਨਾ ਨੂੰ ਦਰਕਿਨਾਰ ਨਹੀਂ ਕੀਤਾ ਪਰੰਤੂ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਭਰੋਸਾ ਵੀ ਦਿਵਾਇਆ ਕਿ ਉਹ ਪੰਜਾਬ ਪੁਲੀਸ ਦੀਆਂ ਕੋਸ਼ਿਸ਼ਾਂ ਨਾਲ ਸੁਰੱਖਿਅਤ ਹੱਥਾਂ ਵਿੱਚ ਹਨ। ਡੀਜੀਪੀ ਨੇ ਆਖਿਆ ਕਿ ਹੱਤਿਆਰਿਆਂ ਨੇ ਹਰੇਕ ਕੇਸ ਵਿੱਚ ਕੁਝ ਨਾ ਕੁਝ ਸੁਰਾਗ ਜ਼ਰੂਰ ਛੱਡੇ ਸਨ। ਜਿਵੇਂ ਦੁਰਗਾ ਦਾਸ ਤੇ ਬ੍ਰਿਗੇਡੀਅਰ ਜਗਦੀਸ਼ ਗਗਨੇਜਾ (ਜਲੰਧਰ) ਦੇ ਕੇਸ ਵਿੱਚ ਉਹੀ ਹਥਿਆਰ ਵਰਤਿਆ ਗਿਆ ਸੀ, ਜਿਹੜਾ ਅਮਿਤ ਸ਼ਰਮਾ ਦੇ ਮਾਮਲੇ ਵਿੱਚ ਲੁਧਿਆਣਾ ਵਿੱਚ ਵਰਤਿਆ ਸੀ। ਉਨ੍ਹਂਾਂ ਅੱਗੇ ਕਿਹਾ ਕਿ ਜਾਂਚ ਇਹ ਵੀ ਦੱਸਦੀ ਸੀ ਕਿ ਉਸੇ ਤਰਂ੍ਹਾਂ ਦਾ ਹਥਿਆਰ ਫ਼ਰਵਰੀ, 2017 ਵਿੱਚ ਡੇਰਾ ਸੱਚਾ ਸੌਦਾ (ਖੰਨਾ) ਨਾਲ ਸਬੰਧਤ ਸਤਪਾਲ ਕੁਮਾਰ ਅਤੇ ਉਸ ਦੇ ਪੁੱਤ ਦੀ ਹੱਤਿਆ ਵਿੱਚ ਵਰਤਿਆ ਗਿਆ ਜਿਹੜਾ ਬਾਅਦ ਵਿੱਚ ਜੁਲਾਈ, 2017 ਵਿੱਚ ਲੁਧਿਆਣਾ ਦੇ ਈਸਾਈ ਪਾਦਰੀ ਸੁਲਤਾਨ ਮਸੀਹ ਦੇ ਕਤਲ ਵਿੱਚ ਵਰਤਿਆ ਗਿਆ ਅਤੇ ਪਿਛਲੇ ਮਹੀਨੇ ਆਰ.ਐਸ.ਐਸ. ਲੀਡਰ ਰਵਿੰਦਰ ਗੁਸਾਈਂ ਦੇ ਕੇਸ ਵਿੱਚ ਵੀ ਉਹੀ ਹਥਿਆਰ ਵਰਤਿਆ ਗਿਆ ਸੀ। ਅਸਲ ਵਿੱਚ, ਉਸੇ ਤਰ੍ਹਂਾਂ ਦੇ ਹਥਿਆਰ, 9 ਐਮਐਮ, ਪੁਆਇੰਟ 32 ਅਤੇ ਪੁਆਇੰਟ 30 ਬੋਰ ਦੇ ਪਿਸਤੌਲ ਹੀ ਜਨਵਰੀ, 2016 ਵਿੱਚ ਆਰਐਸਐਸ ਸ਼ਾਖਾ ਮਾਮਲੇ ਵਿੱਚ ਅਤੇ ਫਰਵਰੀ, 2016 ਦੇ ਅਮਿਤ ਅਰੋੜਾ ਹੱਤਿਆ ਮਾਮਲੇ ਵਿੱਚ ਵਰਤੇ ਗਏ ਸਨ। ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਦੱਸਿਆ ਕਿ ਇਸ ਕਾਰਵਾਈ ਦੀ ਸਫਲਤਾ ਲਈ ਇੰਟੈਲੀਜੈਂਸ ਅਤੇ ਕਾਊਂਟਰ ਇੰਟੈਲੀਜੈਂਸ ਦੇ ਨਾਲ ਬਟਾਲਾ ਅਤੇ ਮੋਗਾ ਦੀ ਜਿਲ੍ਹਾ ਪੁਲਿਸ ਨੇ ਸਾਂਝੇ ਤੌਰ ਤੇ ਕੰਮ ਕੀਤਾ। ਇਸ ਟੀਮ ਵਿੱਚ ਆਈ.ਜੀ. ਇੰਟੈਲੀਜੈਂਸ ਅਮਿਤ ਪ੍ਰਸਾਦ, ਡੀ.ਆਈ.ਜੀ. ਕਾਊਂਟਰ ਇੰਟੈਲੀਜੈਂਸ ਰਣਬੀਰ ਖੱਟੜਾ, ਜਿਲ੍ਹਾ ਪੁਲਿਸ ਮੁਖੀ ਮੋਗਾ ਰਾਜ ਜੀਤ ਸਿੰਘ, ਜਿਲ੍ਹਾ ਪੁਲਿਸ ਮੁਖੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ, ਐਸ.ਪੀ. ਰਜਿੰਦਰ ਸਿੰਘ, ਐਸ.ਪੀਂ ਵਜੀਰ ਸਿੰਘ, ਡੀ.ਐਸ.ਪੀ. ਸੁਲੱਖਣ ਸਿੰਘ ਤੇ ਸਰਬਜੀਤ ਸਿੰਘ, ਇੰਸਪੈਕਟਰ ਸੀ.ਆਈ.ਏ. ਮੋਗਾ ਕਿੱਕਰ ਸਿੰਘ ਅਤੇ ਏ.ਐਸ.ਆਈ. ਹਰੀਪਾਲ ਸ਼ਾਮਿਲ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ