
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਜਮਾਤ ਦਾ ਨਤੀਜਾ ਐਲਾਨਿਆ, ਕੁੜੀਆਂ ਨੇ ਬਾਜ਼ੀ ਮਾਰੀ
ਮਾਨਸਾ ਦੀ ਲਵਪ੍ਰੀਤ ਕੌਰ ਤੇ ਗੁਰਅੰਕਿਤ ਕੌਰ ਨੇ 100 ਫੀਸਦੀ ਅੰਕ ਲੈ ਕੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਮੱਲਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਅੱਠਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਸਾਲ 2 ਲੱਖ 98 ਹਜ਼ਾਰ 127 ਵਿਦਿਆਰਥੀ ਅੱਠਵੀਂ ਦੀ ਪ੍ਰੀਖਿਆ ਵਿੱਚ ਅਪੀਅਰ ਹੋਏ। ਜਿਨ੍ਹਾਂ ’ਚੋਂ 2 ਲੱਖ 92 ਹਜ਼ਾਰ 206 ਵਿਦਿਆਰਥੀ ਪਾਸ ਹੋਏ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.01 ਫੀਸਦੀ ਹੈ। ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਵੱਲੋਂ 356 ਵਿਦਿਆਰਥੀਆਂ ਦੀ ਮੈਰਿਟ ਸੂਚੀ ਜਾਰੀ ਕੀਤੀ ਗਈ। ਇਸ ਮੌਕੇ ਸਕੱਤਰ ਅਵੀਕੇਸ਼ ਗੁਪਤਾ, ਸੰਯੁਕਤ ਸਕੱਤਰ-ਕਮ-ਕੰਟਰੋਲਰ ਪ੍ਰੀਖਿਆਵਾਂ ਜੇਆਰ ਮਹਿਰੋਕ ਅਤੇ ਉਪ ਸਕੱਤਰ (ਪ੍ਰਸ਼ਾਸਨ) ਗੁਰਤੇਜ ਸਿੰਘ ਵੀ ਮੌਜੂਦ ਸਨ।
ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਬੁਢਲਾਡਾ (ਮਾਨਸਾ) ਦੀ ਵਿਦਿਆਰਥਣ ਲਵਪ੍ਰੀਤ ਕੌਰ ਪੱੁਤਰੀ ਕੁਲਵਿੰਦਰ ਸਿੰਘ ਅਤੇ ਇਸੇ ਸਕੂਲ ਦੀ ਗੁਰਅੰਕਿਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਦੋਵਾਂ ਵਿਦਿਆਰਥਣਾਂ ਦੇ ਬਰਾਬਰ ਅੰਕ ਹੋਣ ਕਾਰਨ ਜਨਮ ਤਰੀਕ ਨੂੰ ਆਧਾਰ ਬਣਾ ਕੇ ਨਤੀਜਾ ਘੋਸ਼ਿਤ ਕੀਤਾ ਗਿਆ। ਜਦੋਂਕਿ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ (ਲੁਧਿਆਣਾ) ਦੀ ਸਮਰਪ੍ਰੀਤ ਕੌਰ ਪੁੱਤਰੀ ਜਗਦੇਵ ਸਿੰਘ ਨੇ 598 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ।
ਉਨ੍ਹਾਂ ਦੱਸਿਆ ਕਿ ਅੱਠਵੀਂ ਦੀ ਪ੍ਰੀਖਿਆ ਵਿੱਚ ਕੱੁਲ 2 ਲੱਖ 98 ਹਜ਼ਾਰ 127 ਰੈਗੂਲਰ ਵਿਦਿਆਰਥੀਆਂ ’ਚੋਂ 2 ਲੱਖ 92 ਹਜ਼ਾਰ 206 ਬੱਚੇ ਪਾਸ ਹੋਏ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ ੯੮.੦੧ ਫੀਸਦੀ ਹੈ। ਮੈਰਿਟ ਅਨੁਸਾਰ 1 ਲੱਖ 41 ਹਜ਼ਾਰ 630 ਲੜਕੀਆਂ ’ਚੋਂ 1 ਲੱਖ 39 ਹਜ਼ਾਰ 767 ਲੜਕੀਆਂ 98.68 ਫੀਸਦੀ ਅੰਕ ਲੈ ਕੇ ਪਾਸ ਹੋਈਆਂ ਜਦੋਂਕਿ 1 ਲੱਖ 56 ਹਜ਼ਾਰ 491 ਲੜਕਿਆਂ ’ਚੋਂ 1 ਲੱਖ 52 ਹਜ਼ਾਰ 433 ਲੜਕੇ 97.41 ਫੀਸਦੀ ਅੰਕ ਲੈ ਕੇ ਪਾਸ ਹੋਏ। ਉਧਰ, 6 ਟ੍ਰਾਂਸਜੈਂਡਰ ਵਿਦਿਆਰਥੀਆਂ ਨੇ ਵੀ ਚੰਗੇ ਅੰਕ ਲੈ ਕੇ ਪ੍ਰੀਖਿਆ ਪਾਸ ਕੀਤੀ। ਮਾਨਤਾ ਪ੍ਰਾਪਤ ਅਤੇ ਐਸੋਸੀਏਟਿਡ ਸਕੂਲਾਂ ਦੇ 75 ਹਜ਼ਾਰ 120 ਵਿਦਿਆਰਥੀਆਂ ’ਚੋਂ 74 ਹਜ਼ਾਰ 456 ਬੱਚੇ 99.12 ਫੀਸਦੀ ਲੈ ਕੇ ਪਾਸ ਹੋਏ। ਸਰਕਾਰੀ ਸਕੂਲਾਂ ਦੇ 2,07,369 ਵਿਦਿਆਰਥੀਆਂ ’ਚੋਂ 2,02,981 ਬੱਚਿਆਂ ਨੇ 97.88 ਫੀਸਦੀ ਅੰਕਾਂ ਨਾਲ ਪ੍ਰੀਖਿਆ ਪਾਸ ਕੀਤੀ। ਏਡਿਡ ਸਕੂਲਾਂ ਦੇ 15638 ’ਚੋਂ 14769 ਵਿਦਿਆਰਥੀ 94.44 ਫੀਸਦੀ ਅੰਕ ਲੈ ਕੇ ਪਾਸ ਹੋਏ।
ਕੰਟਰੋਲਰ ਪ੍ਰੀਖਿਆਵਾਂ ਜੇਆਰ ਮਹਿਰੋਕ ਨੇ ਨਕਲ ਦੇ ਕੋਹੜ ਨੂੰ ਜੜੋ ਖਤਮ ਕਰਨ ਲਈ ਚੁੱਕੇ ਸਖ਼ਤ ਕਦਮਾਂ ਸਦਕਾ ਐਤਕੀਂ ਸਿਰਫ਼ ਇਕ ਵਿਦਿਆਰਥੀ ’ਤੇ ਨਕਲ ਦਾ ਕੇਸ ਬਣਿਆ ਹੈ। ਉਨ੍ਹਾਂ ਦੱਸਿਆ ਕਿ 5791 ਵਿਦਿਆਰਥੀ ਫੇਲ ਹਨ ਜਦੋਂਕਿ 17 ਵਿਦਿਆਰਥੀਆਂ ਦਾ ਨਤੀਜਾ ਲੇਟ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਗੁਣਾਂਤਕ ਸਿੱਖਿਆ ਪ੍ਰਦਾਨ ਕਰਨ ਲਈ ਵਿਸ਼ੇਸ਼ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਸਿੱਖਿਆ ਬੋਰਡ ਵੱਲੋਂ ਮਹੱਤਵ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫੇਲ ਵਿਦਿਆਰਥੀਆਂ ਦੀ ਦੋ ਮਹੀਨੇ ਬਾਅਦ ਦੁਬਾਰਾ ਸਪਲੀਮੈਂਟਰੀ ਪ੍ਰੀਖਿਆ ਲਈ ਜਾਵੇਗੀ। ਉਂਜ ਉਹ ਆਰਜ਼ੀ ਤੌਰ ’ਤੇ ਅਗਲੀ ਸ਼ੇ੍ਰਣੀ ਵਿੱਚ ਦਾਖਲਾ ਲੈ ਸਕਦੇ ਹਨ ਪ੍ਰੰਤੂ ਜਿਹੜੇ ਬੱਚੇ ਸਪਲੀਮੈਂਟਰੀ ਪ੍ਰੀਖਿਆ ’ਚੋਂ ਵੀ ਪਾਸ ਨਹੀਂ ਹੋਣਗੇ, ਉਨ੍ਹਾਂ ਨੂੰ ਮੁੜ ਅੱਠਵੀਂ ਸ਼ੇ੍ਰਣੀ ਵਿੱਚ ਹੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਦੇਖਣ ਲਈ ਇਹ ਨਤੀਜਾ ਭਲਕੇ 29 ਅਪਰੈਲ ਨੂੰ ਸਵੇਰੇ 10 ਵਜੇ ਪੰਜਾਬ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਉਪਲਬਧ ਹੋਵੇਗਾ।