ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ, ਕੁੜੀਆਂ ਨੇ ਬਾਜੀ ਮਾਰੀ

ਮਾਨਸਾ ਦੀ ਸੁਜਾਨ ਕੌਰ 100 ਫੀਸਦੀ ਅੰਕ ਲੈ ਕੇ ਪੰਜਾਬ ਭਰ ’ਚੋਂ ਅੱਵਲ

ਬਠਿੰਡਾ ਦੀ ਸ਼ਰੇਆ ਸਿੰਗਲਾ ਦੂਜਾ ਅਤੇ ਲੁਧਿਆਣਾ ਦੀ ਨਵਪ੍ਰੀਤ ਕੌਰ ਤੀਜਾ ਸਥਾਨ ਮੱਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਇਸ ਵਾਰ ਵੀ ਕੁੜੀਆਂ ਨੇ ਬਾਜੀ ਮਾਰੀ ਅਤੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਕੇ ਲੜਕਿਆਂ ਨੂੰ ਪਿੱਛੇ ਕਰ ਦਿੱਤਾ ਹੈ। ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਵੱਲੋਂ ਜਾਰੀ ਮੈਰਿਟ ਸੂਚੀ ਅਨੁਸਾਰ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ (ਮਾਨਸਾ) ਦੀ ਸੁਜਾਨ ਕੌਰ ਪੁੱਤਰੀ ਨਿਰਮਲ ਸਿੰਘ 100 ਫੀਸਦੀ (500\500) ਅੰਕ ਲੈ ਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦੋਂਕਿ ਐਮਐਸਡੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਠਿੰਡਾ ਦੀ ਸ਼ਰੇਆ ਸਿੰਗਲਾ ਪੁੱਤਰੀ ਦੇਵਿੰਦਰ ਸਿੰਗਲਾ ਨੇ 498 ਅੰਕ ਲੈ ਕੇ ਦੂਜਾ ਅਤੇ ਬੀਸੀਐਮ ਸੀਨੀਅਰ ਸੈਕੰਡਰੀ ਐਚਐਮ 150, ਜਮਾਲਪੁਰ ਕਲੋਨੀ, ਫੋਕਲ ਪੁਆਇੰਟ ਲੁਧਿਆਣਾ ਦੀ ਨਵਪ੍ਰੀਤ ਕੌਰ ਪੁੱਤਰੀ ਅਮਰੀਕ ਸਿੰਘ ਨੇ 497 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਇਹ ਤਿੰਨੋਂ ਵਿਦਿਆਰਥਣਾਂ ਹਿਊਮੈਨਟੀਜ ਗਰੁੱਪ ਦੀਆਂ ਹਨ। ਪਹਿਲੀਆਂ 14 ਪੁਜ਼ੀਸ਼ਨਾਂ ’ਤੇ ਲੜਕੀਆਂ ਕਾਬਜ਼ ਹਨ।
ਡਾ. ਭਾਟੀਆ ਨੇ ਦੱਸਿਆ ਕਿ ਪੰਜਾਬ ਵਿੱਚ ਕਈ ਚੁਨੌਤੀਆਂ ਦੇ ਬਾਵਜੂਦ ਸਕੂਲ ਬੋਰਡ ਨੇ ਬਾਰ੍ਹਵੀਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਹੈ। ਵੱਡੀ ਗਿਣਤੀ ਵਿੱਚ ਸਕੂਲਾਂ ਦਾ ਸੀਬੀਐਸਈ ਵਾਲੇ ਰੁਝਾਨ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਸਿੱਖਿਆ ਬੋਰਡ ਇਸ ਵੱਲ ਵਿਸ਼ੇਸ਼ ਧਿਆਨ ਦੇਵੇਗਾ ਅਤੇ ਉਨ੍ਹਾਂ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਜਿਸ ਕਾਰਨ ਪੰਜਾਬ ਦੇ ਕਈ ਸਕੂਲ ਸੀਬੀਐਸਈ ਵਿੱਚ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਬਾਰ੍ਹਵੀਂ ਦੇ ਵਿਸ਼ਿਆਂ ਵਿੱਚ ਸੀਬੀਐਸਈ ਅਤੇ ਸਿੱਖਿਆ ਬੋਰਡ ਦੇ ਵਿਸ਼ਿਆਂ ਦੀ ਗਿਣਤੀ ਦੇ ਅੰਤਰ ਦਾ ਵੀ ਸਿੱਖਿਆ ਬੋਰਡ ਅਧਿਐਨ ਕਰੇਗਾ।
ਪੱਤਰਕਾਰਾਂ ਦੇ ਖੇਡ ਕੋਟੇ ਦੇ ਵਿਦਿਆਰਥੀਆਂ ਬਾਰੇ ਪੁੱਛੇ ਜਾਣ ’ਤੇ ਵਾਈਸ ਚੇਅਰਮੈਨ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਵਾਰ ਕੇਵਲ ਸਟੇਟ ਪੱਧਰ ’ਤੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੀ ਖੇਡ ਕੋਟੇ ਦੇ 15 ਅੰਕਾਂ ’ਚੋਂ ਲੋੜ ਮੁਤਾਬਕ ਅੰਕ ਦਿੱਤੇ ਗਏ ਹਨ। ਪਹਿਲੀ ਪੁਜ਼ੀਸ਼ਨ ਵਾਲੇ ਵਿਦਿਆਰਥੀ ਨੂੰ ਗਰੇਸ ਦੇ 15 ਅੰਕ, ਦੂਜੀ ਪੁਜ਼ੀਸ਼ਨ ਵਾਲੇ ਵਿਦਿਆਰਥੀ ਨੂੰ 12 ਅੰਕ ਅਤੇ ਤੀਜੀ ਪੁਜ਼ੀਸ਼ਨ ਵਾਲੇ ਵਿਦਿਆਰਥੀ ਨੂੰ 9 ਅੰਕ ਦਿੱਤੇ ਗਏ ਹਨ। ਇਸ ਵਾਰ 915 ਵਿਦਿਆਰਥੀ ਸਪੋਰਟਸ ਕੋਟੇ ਦੇ ਸਨ। ਜਿਨ੍ਹਾਂ ’ਚੋਂ 16 ਵਿਦਿਆਰਥੀ ਹੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਸਕੇ ਹਨ।
ਕੰਟਰੋਲਰ (ਪ੍ਰੀਖਿਆਵਾਂ) ਜੇਆਰ ਮਹਿਰੋਕ ਵੱਲੋਂ ਬਾਰ੍ਹਵੀਂ ਅੰਗਰੇਜ਼ੀ ਵਿਸ਼ੇ ਦੇ ਰੱਦ ਕੀਤੇ ਪੇਪਰ ਦੇ ਜਵਾਬ ਵਿੱਚ ਦੱਸਿਆ ਗਿਆ ਕਿ ਇੱਕ ਦੋ ਪ੍ਰੀਖਿਆ ਕੇਂਦਰਾਂ ਵੱਲੋਂ ਦੁਬਾਰਾ ਪੇਪਰ ਲੈਣ ਵੇਲੇ ਅਣਿਗਹਿਲੀ ਕੀਤੀ ਗਈ ਸੀ। ਪ੍ਰੀਖਿਆ ਵੇਲੇ ਮੁੜ ਪੁਰਾਣਾ ਪ੍ਰਸ਼ਨ-ਪੱਤਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁੜ ਪ੍ਰੀਖਿਆ ਕਰਵਾਉਣ ਲਈ ਜੋ ਵੀ ਖ਼ਰਚਾ ਆਇਆ ਹੈ, ਉਸ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਖ਼ਰਚੇ ਦੀ ਭਰਪਾਈ ਸਬੰਧਤ ਪ੍ਰੀਖਿਆ ਕੇਂਦਰ ਤੋਂ ਵਸੂਲੀ ਜਾਵੇਗੀ। ਉਨ੍ਹਾਂ ਕਿਹਾ ਕਿ ਹਫ਼ਤੇ ਬਾਅਦ ਵਿਦਿਆਰਥੀਆਂ ਦੇ ਡਿਜੀਟਲ ਸਰਟੀਫਿਕੇਟ ਡਿਜੀਲਾਕਰ ’ਤੇ ਉਪਲਬਧ ਹੋਣਗੇ। ਵਿਦਿਆਰਥੀ ਆਪਣੇ ਡਿਜੀਟਲ ਸਰਟੀਫਿਕੇਟ ਡਿਜੀਲਾਕਰ ਰਾਹੀਂ ਡਾਊਨਲੋਡ ਕਰ ਸਕਦੇ ਹਨ। ਜਿਨ੍ਹਾਂ ਵਿਦਿਆਰਥੀਆਂ ਵੱਲੋਂ ਆਪਣੇ ਪ੍ਰੀਖਿਆ ਫ਼ਾਰਮ ਵਿੱਚ ਸਰਟੀਫਿਕੇਟ ਦੀ ਹਾਰਡ ਕਾਪੀ ਲਈ ਆਪਸ਼ਨ ਭਰੀ ਗਈ ਸੀ, ਉਨ੍ਹਾਂ ਦੇ ਸਰਟੀਫ਼ਕੇਟ ਨਤੀਜਾ ਐਲਾਨੇ ਜਾਣ ਤੋਂ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਸਬੰਧਤ ਸਕੂਲ ਜ਼ਿਲ੍ਹਾ ਪੱਧਰੀ ਖੇਤਰੀ ਦਫ਼ਤਰਾਂ ਤੋਂ ਪ੍ਰਾਪਤ ਕਰ ਸਕਣਗੇ। ਕੰਪਾਰਟਮੈਂਟ, ਵਾਧੂ ਵਿਸ਼ਾ ਅਤੇ ਕਾਰਗੁਜ਼ਾਰੀ ਵਿੱਚ ਸੁਧਾਰ ਕੈਟਾਗਰੀਆਂ ਅਧੀਨ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੇ ਸਰਟੀਫਿਕੇਟ ਵੀ ਡਿਜੀਲਾਕਰ ’ਤੇ ਮੁਹੱਈਆ ਕਰਵਾਏ ਜਾਣਗੇ ਅਤੇ ਸਰਟੀਫਿਕੇਟ ਦੀ ਹਾਰਡ ਕਾਪੀ ਲਈ ਆਪਸ਼ਨ ਭਰਨ ਵਾਲੇ ਵਿਦਿਆਰਥੀਆਂ ਦੇ ਸਰਟੀਫਿਕੇਟ ਰਜਿਸਟਰਡ ਡਾਕ ਰਾਹੀਂ ਭੇਜੇ ਜਾਣਗੇ।
ਸ੍ਰੀ ਮਹਿਰੋਕ ਨੇ ਦੱਸਿਆ ਕਿ ਨਤੀਜੇ ਸਬੰਧੀ ਵੇਰਵੇ ਅਤੇ ਪੂਰਾ ਨਤੀਜਾ ਭਲਕੇ ਵੀਰਵਾਰ 25 ਮਈ ਨੂੰ ਸਵੇਰੇ 8 ਵਜੇ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.9ndiaresults.com ’ਤੇ ਉਪਲਬਧ ਹੋਵੇਗਾ। ਨਤੀਜੇ ਸਬੰਧੀ ਇਹ ਵੇਰਵੇ ਕੇਵਲ ਵਿਦਿਆਰਥੀਆਂ ਦੀ ਸੂਚਨਾ ਹਿੱਤ ਹੋਣਗੇ। ਇਸ ਮੌਕੇ ਉਪ ਸਕੱਤਰ ਡਾ. ਗੁਰਮੀਤ ਕੌਰ, ਮਨਮੀਤ ਸਿੰਘ ਭੱਠਲ, ਡਾਇਰੈਕਟਰ (ਅਕਾਦਮਿਕ) ਅਮਰਜੀਤ ਕੌਰ ਦਾਲਮ ਅਤੇ ਸਹਾਇਕ ਸਕੱਤਰ ਸ੍ਰੀਮਤੀ ਰਵਜੀਤ ਕੌਰ ਵੀ ਮੌਜੂਦ ਸਨ।
ਬਾਰ੍ਹਵੀਂ ਜਮਾਤ ਦੇ ਐਲਾਨੇ ਤਾਜ਼ਾ ਨਤੀਜੇ ਅਨੁਸਾਰ ਸ਼ਹਿਰੀ ਖੇਤਰ ਦੇ ਵਿਦਿਆਰਥੀਆਂ ਪੇਂਡੂ ਖੇਤਰ ਦੇ ਵਿਦਿਆਰਥੀਆਂ ਤੋਂ ਅੱਗੇ ਰਹੇ। ਇਸ ਸਾਲ ਸ਼ਹਿਰੀ ਖੇਤਰ ਦੇ 1,23,118 ਵਿਦਿਆਰਥੀਆਂ ’ਚੋਂ 1,14,376 ਪਾਸ ਹੋਏ ਅਤੇ ਉਨ੍ਹਾਂ ਪਾਸ ਪ੍ਰਤੀਸ਼ਤਤਾ ਫੀਸਦੀ 92.90 ਰਹੀ। ਇੰਜ ਹੀ ਪੇਂਡੂ ਖੇਤਰ ਦੇ 1,73,591 ਵਿਦਿਆਰਥੀਆਂ ’ਚੋਂ 1,60,002 ਪਾਸ ਹੋਏ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 92.17 ਫੀਸਦੀ ਰਹੀ ਹੈ।
ਇਸ ਵਾਰ ਪ੍ਰਾਈਵੇਟ ਸਕੂਲ ਦੇ ਬੱਚੇ ਸਰਕਾਰੀ ਅਤੇ ਏਡਿਡ ਸਕੂਲਾਂ ਤੋਂ ਅੱਗੇ ਰਹੇ। ਇਸ ਪ੍ਰੀਖਿਆ ਵਿੱਚ ਮੈਰੀਟੋਰੀਅਸ ਸਕੂਲਾਂ ਦੇ 2615 ਵਿਦਿਆਰਥੀਆਂ ’ਚੋਂ 2601 ਪਾਸ ਹੋਏ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ ਫੀਸਦੀ 99.46 ਰਹੀ। ਪ੍ਰਾਈਵੇਟ ਸਕੂਲਾਂ ਦੇ 69 ਹਜ਼ਾਰ 979 ਵਿਦਿਆਰਥੀਆਂ ’ਚੋਂ 66,316 ਪਾਸ ਹੋਏ ਅਤੇ ਪਾਸ ਪ੍ਰਤੀਸ਼ਤਤਾ 94.77 ਫੀਸਦੀ ਰਹੀ ਜਦੋਂਕਿ ਸਰਕਾਰੀ ਸਕੂਲਾਂ ਦੇ 2,01,747 ਵਿਦਿਆਰਥੀਆਂ ’ਚੋਂ 1,85,320 ਪਾਸ ਹੋਏ ਅਤੇ ਪਾਸ ਪ੍ਰਤੀਸ਼ਤਤਾ 91.86 ਫੀਸਦੀ ਰਹੀ। ਇੰਜ ਹੀ ਏਡਿਡ ਸਕੂਲਾਂ ਦੇ 24 ਹਜ਼ਾਰ 983 ਵਿਦਿਆਰਥੀਆਂ ’ਚੋਂ 22,742 ਪਾਸ ਹੋਏ ਅਤੇ ਪਾਸ ਪ੍ਰਤੀਸ਼ਤਤਾ 91.03 ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …