
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਜਮਾਤ ਦਾ ਨਤੀਜਾ ਐਲਾਨਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਵੱਲੋਂ ਅੱਜ ਪੰਜਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਇਸ ਸਾਲ ਪੰਜਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ 2,93,847 ਵਿਦਿਆਰਥੀ ਅਪੀਅਰ ਹੋਏ ਸਨ। ਜਿਨ੍ਹਾਂ ’ਚੋਂ 2,92,947 ਹੋਏ ਹਨ। ਕੁੱਲ ਨਤੀਜੇ ਦੀ ਪਾਸ ਪ੍ਰਤੀਸ਼ਤਤਾ 99.69 ਰਹੀ ਹੈ। ਮੋਹਰੀ ਰਹੇ ਬੱਚਿਆਂ ਵਿੱਚ ਜਸਪ੍ਰੀਤ ਕੌਰ ਪੁੱਤਰੀ ਜਰਨੈਲ ਸਿੰਘ ਅਤੇ ਨਵਦੀਪ ਕੌਰ ਪੁੱਤਰੀ ਕਰਮਜੀਤ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ, ਰੱਲਾ ਕੋਠੇ (ਮਾਨਸਾ) ਨੇ 100 ਫੀਸਦੀ ਅੰਕ (500\500) ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਹੈ। ਗੁਰਨੂਰ ਸਿੰਘ ਧਾਲੀਵਾਲ ਪੁੱਤਰ ਭਗਤ ਸਿੰਘ ਧਾਲੀਵਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ, ਭਾਣਾ (ਫਰੀਦਕੋਟ) ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਅੱਵਲ ਆਏ ਇਨ੍ਹਾਂ ਬੱਚਿਆਂ ਦਾ ਨਤੀਜਾ ਜਨਮ ਤਰੀਕ ਨੂੰ ਆਧਾਰ ਬਣਾ ਕੇ ਘੋਸ਼ਿਤਤ ਕੀਤਾ ਗਿਆ ਹੈ। ਪੰਜਵੀਂ ਵਿੱਚ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 99.65 ਫੀਸਦੀ ਅਤੇ ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 99.74 ਫੀਸਦੀ ਹੈ। ਜਾਣਕਾਰੀ ਅਨੁਸਾਰ 632 ਕੁੜੀਆਂ ਨੇ 100 ਫੀਸਦੀ ਅੰਕ ਪ੍ਰਾਪਤ ਕੀਤੇ ਹਨ।
ਡਾ. ਭਾਟੀਆ ਨੇ ਪੰਜਵੀਂ ਦਾ ਨਤੀਜਾ ਮਹਿਜ਼ 10 ਦਿਨਾਂ ਵਿੱਚ ਤਿਆਰ ਕਰਨ ਵਾਲੇ ਬੋਰਡ ਮੁਲਾਜ਼ਮਾਂ ਅਤੇ ਮੁਲਾਂਕਣ ਅਮਲਾ ਅਤੇ ਜ਼ਿਲ੍ਹਾ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਇਸ ਪ੍ਰੀਖਿਆ ਵਿੱਚ ਪਾਸ ਨਹੀਂ ਹੋ ਸਕੇ, ਉਨ੍ਹਾਂ ਦੀ ਸਪਲੀਮੈਂਟਰੀ ਪ੍ਰੀਖਿਆ ਦੋ ਮਹੀਨੇ ਤੱਕ ਦੁਬਾਰਾ ਲਈ ਜਾਵੇਗੀ। ਇਸ ਸਬੰਧੀ ਵਿਦਿਆਰਥੀਆਂ ਦੇ ਵੱਖਰੇ ਤੌਰ ’ਤੇ ਫਾਰਮ ਭਰੇ ਜਾਣਗੇ। ਇਸ ਸਬੰਧੀ ਉਨ੍ਹਾਂ ਨੂੰ School login ਅਤੇ ਅਖ਼ਬਾਰਾਂ ਰਾਹੀਂ ਸੂਚਿਤ ਕੀਤਾ ਜਾਵੇਗਾ। ਉਂਜ ਉਨ੍ਹਾਂ ਕਿਹਾ ਕਿ ਅਸਫਲ ਵਿਦਿਆਰਥੀ ਛੇਵੀਂ ਸ਼੍ਰੇਣੀ ਵਿੱਚ ਆਰਜ਼ੀ ਦਾਖ਼ਲਾ ਲੈ ਸਕਦੇ ਹਨ ਅਤੇ ਜਿਹੜੇ ਬੱਚੇ ਸਪਲੀਮੈਂਟਰੀ ਪ੍ਰੀਖਿਆ ਵਿੱਚ ਪਾਸ ਹੋ ਜਾਣਗੇ, ਉਨ੍ਹਾਂ ਦਾ ਨਤੀਜਾ Promoted ਅਤੇ ਜਿਹੜੇ ਪ੍ਰੀਖਿਆਰਥੀ ਸਪਲੀਮੈਂਟਰੀ ਪ੍ਰੀਖਿਆ ਵਿੱਚ ਪਾਸ ਨਹੀਂ ਹੋਣਗੇ। ਉਨ੍ਹਾਂ ਬੱਚਿਆਂ ਦਾ ਨਤੀਜਾ Not Promoted ਘੋਸ਼ਿਤ ਕੀਤਾ ਜਾਵੇਗਾ। ਭਾਵ ਉਹ ਪੰਜਵੀਂ ਸ਼੍ਰੇਣੀ ਵਿੱਚ ਹੀ ਦਾਖ਼ਲੇ ਦੇ ਯੋਗ ਹੋਣਗੇ।
ਕੰਟਰੋਲਰ (ਪ੍ਰੀਖਿਆਵਾਂ) ਜੇਆਰ ਮਹਿਰੋਕ ਨੇ ਦੱਸਿਆ ਕਿ ਸਕੂਲੀ ਬੱਚਿਆਂ ਦੇ ਪੂਰੇ ਵੇਰਵੇ ਅਤੇ ਨਤੀਜਾ ਭਲਕੇ 7 ਅਪਰੈਲ ਨੂੰ ਸਵੇਰੇ 10 ਵਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ www.pseb.ac.in ਅਤੇ www.indiaresults.com ’ਤੇ ਉਪਲਬਧ ਕਰਵਾਇਆ ਜਾਵੇਗਾ। ਨਤੀਜੇ ਸਬੰਧੀ ਦਰਸਾਏ ਅੰਕ ਵਿਦਿਆਰਥੀਆਂ/ਸਕੂਲਾਂ ਲਈ ਸਿਰਫ਼ ਸੂਚਨਾ ਹਿੱਤ ਹੋਣਗੇ। ਇਸ ਮੌਕੇ ਸਕੂਲ ਬੋਰਡ ਦੇ ਸਕੱਤਰ ਅਵਿਕੇਸ਼ ਗੁਪਤਾ, ਕੰਟਰੋਲਰ (ਪ੍ਰੀਖਿਆਵਾਂ) ਜੇਆਰ ਮਹਿਰੋਕ, ਉਪ ਸਕੱਤਰ (ਪ੍ਰਸ਼ਾਸਨ) ਗੁਰਤੇਜ ਸਿੰਘ, ਉਪ ਸਕੱਤਰ (ਬਾਰ੍ਹਵੀਂ) ਮਨਮੀਤ ਸਿੰਘ ਭੱਠਲ, ਉਪ ਸਕੱਤਰ (ਅਕਾਦਮਿਕ) ਸ੍ਰੀਮਤੀ ਅਮਰਜੀਤ ਕੌਰ ਦਾਲਮ ਅਤੇ ਹੋਰ ਅਧਿਕਾਰੀ ਮੌਜੂਦ ਸਨ।