
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਜਮਾਤ ਦਾ ਨਤੀਜਾ ਐਲਾਨਿਆ
ਨਬਜ਼-ਏ-ਪੰਜਾਬ, ਮੁਹਾਲੀ, 1 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਪ੍ਰੇਮ ਕੁਮਾਰ ਵੱਲੋਂ ਅੱਜ ਬਾਅਦ ਦੁਪਹਿਰ ਪੰਜਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਉਨ੍ਹਾਂ ਦੱਸਿਆ ਕਿ ਪੰਜਵੀਂ ਜਮਾਤ ਦੀ ਪ੍ਰੀਖਿਆ ਵਿੱਚ ਤਿੰਨ ਲੱਖ, 6 ਹਜ਼ਾਰ 431 ਬੱਚੇ ਅਪੀਅਰ ਹੋਏ ਸਨ। ਇਨ੍ਹਾਂ ’ਚੋਂ ਤਿੰਨ ਲੱਖ, 5 ਹਜ਼ਾਰ 937 ਬੱਚੇ ਪਾਸ ਹੋਏ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 99.84 ਫੀਸਦੀ ਰਹੀ। ਜਿਹੜੇ ਬੱਚੇ ਇਸ ਪ੍ਰੀਖਿਆ ਵਿੱਚ ਪਾਸ ਨਹੀਂ ਹੋਏ ਹਨ। ਉਨ੍ਹਾਂ ਦੀ ਸਪਲੀਮੈਂਟਰੀ ਪ੍ਰੀਖਿਆ ਦੋ ਮਹੀਨੇ ਬਾਅਦ ਦੁਬਾਰਾ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰੀਖਿਆਰਥੀਆਂ ਦੇ ਪੂਰੇ ਵੇਰਵੇ ਅਤੇ ਪੂਰਾ ਨਤੀਜਾ ਭਲਕੇ 2 ਅਪਰੈਲ ਨੂੰ ਸਵੇਰੇ 10 ਵਜੇ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਅਪਲੋਡ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪੰਜਵੀਂ ਜਮਾਤ ਦੇ ਪ੍ਰਯੋਗੀ ਵਿਸ਼ਿਆਂ ਦੀ ਪ੍ਰੀਖਿਆ ਦੀ 15 ਮਾਰਚ ਨੂੰ ਖ਼ਤਮ ਹੋਈ ਸੀ ਅਤੇ ਸਟਾਫ਼ ਦੀ ਸਖ਼ਤ ਮਿਹਨਤ ਸਦਕਾ ਮਹਿਜ਼ 15 ਦਿਨਾਂ ਵਿੱਚ ਨਤੀਜਾ ਤਿਆਰ ਕਰਕੇ ਘੋਸ਼ਿਤ ਕੀਤਾ ਗਿਆ। ਉਨ੍ਹਾਂ ਉੱਤਰ-ਪੱਤਰੀਆਂ ਦਾ ਮੁਲਾਂਕਣ ਕਰਨ ਵਾਲੇ ਸਟਾਫ਼ ਦੀ ਸ਼ਲਾਘਾ ਵੀ ਕੀਤੀ। ਇਸ ਸਬੰਧੀ ਪੰਜਾਬ ਬੋਰਡ ਵੱਲੋਂ ਵੱਖਰੇ ਤੌਰ ’ਤੇ ਸ਼ਡਿਊਲ ਸਕੂਲ ਲਾਗਿਨ ਆਈਡੀ ਅਤੇ ਅਖ਼ਬਾਰਾਂ ਰਾਹੀਂ ਸੂਚਿਤ ਕੀਤਾ ਜਾਵੇਗਾ। ਉਂਜ ਉਨ੍ਹਾਂ ਕਿਹਾ ਕਿ ਪ੍ਰੀਖਿਆ ਵਿੱਚ ਅਸਫਲ ਰਹੇ ਵਿਦਿਆਰਥੀ ਛੇਵੀਂ ਜਮਾਤ ਵਿੱਚ ਆਰਜ਼ੀ ਤੌਰ ਤੇ ਦਾਖ਼ਲਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਸਪਲੀਮੈਂਟਰੀ ਪ੍ਰੀਖਿਆ ਵਿੱਚ ਪਾਸ ਹੋ ਜਾਣਗੇ। ਉਨ੍ਹਾਂ ਦਾ ਨਤੀਜਾ ਪ੍ਰਮੋਟਡ ਅਤੇ ਫੇਲ੍ਹ ਬੱਚਿਆਂ ਦਾ ਨੌਟ-ਪ੍ਰਮੋਟਿਡ ਘੋਸ਼ਿਤ ਹੋਵੇਗਾ। ਭਾਵ ਉਹ ਮੁੜ ਪੰਜਵੀਂ ਜਮਾਤ ਵਿੱਚ ਹੀ ਦਾਖ਼ਲੇ ਦੇ ਯੋਗ ਹੋਣਗੇ। ਇਸ ਮੌਕੇ ਕੰਟਰੋਲਰ (ਪ੍ਰੀਖਿਆਵਾਂ) ਡਾ. ਮਨਿੰਦਰ ਸਿੰਘ ਸਰਕਾਰੀਆ, ਉਪ ਸਕੱਤਰ (ਪੰਜਵੀਂ\ਅੱਠਵੀਂ) ਮਨਜੀਤ ਸਿੰਘ ਭੱਠਲ, ਸਹਾਇਕ ਸਕੱਤਰ ਗੁਰਪ੍ਰੇਮ ਸਿੰਘ ਤੇ ਗੁਲਸ਼ਨ ਅਰੋੜਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।