Nabaz-e-punjab.com

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 57 ਕਰੋੜ ਰੁਪਏ ਘਾਟੇ ਵਾਲਾ ਬਜਟ ਪੇਸ਼

ਸਿੱਖਿਆ ਬੋਰਡ ਦੀ ਮੀਟਿੰਗ ਵਿੱਚ ਕਾਰਗੁਜ਼ਾਰੀ ਹੋਰ ਬਿਹਤਰ ਤੇ ਵਿਦਿਆਰਥੀਆਂ ਦੀ ਸਹੂਲਤ ਮੁਖੀ ਕਰਨ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਅੱਜ ਨਵੇਂ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਵਿਦਿਆਰਥੀਆਂ, ਮਾਪਿਆਂ ਦੀ ਭਲਾਈ ਦੇ ਨਾਲ ਨਾਲ ਬੋਰਡ ਵੱਲੋਂ ਸਿੱਖਿਆ ਨਾਲ ਜੁੜੀਆਂ ਕਠਿਨਾਈਆਂ ਨੂੰ ਦੂਰ ਕਰਨ ਲਈ ਮੀਟਿੰਗ ਵਿੱਚ ਪੇਸ਼ ਏਜੰਡੇ ਉੱਤੇ ਬਹੁਤ ਮਹੱਤਵਪੂਰਨ ਅਤੇ ਵਿਸਥਾਰ ਸਾਹਿਤ ਭਰਵੀਂ ਚਰਚਾ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਬੋਰਡ ਮੈਨੇਜਮੈਂਟ ਵੱਲੋਂ ਇਸ ਮੀਟਿੰਗ ਵਿੱਚ ਐਤਕੀਂ 57 ਕਰੋੜ ਰੁਪਏ ਘਾਟੇ ਵਾਲਾ ਬਜਟ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੱਖ ਵੱਖ ਸਰਕਾਰੀ ਵਿਭਾਗਾਂ ਵੱਲ ਖੜੀ ਬਕਾਇਆ ਰਾਸ਼ੀ ਵਸੂਲਣ ’ਤੇ ਵੀ ਜ਼ੋਰ ਦਿੱਤਾ ਗਿਆ।
ਮੀਟਿੰਗ ਸ਼ੁਰੂ ਤੋਂ ਪਹਿਲਾਂ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਆਪਣੀ ਪਲੇਠੀ ਮੀਟਿੰਗ ਵਿੱਚ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ, ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਆਪਣੇ ਆਪਣੇ ਕੀਮਤੀ ਸੁਝਾਅ ਪੇਸ਼ ਕਰਦਿਆਂ ਬੋਰਡ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ, ਸਰਲ ਅਤੇ ਲੋਕ ਸਹੂਲਤ ਪੱਖੀ ਬਣਾਉਣ ਦੇ ਸੁਝਾਅ ਦਿੱਤੇ। ਮੀਟਿੰਗ ਵਿੱਚ ਬੱਚਿਆਂ ਮਾਪਿਆਂ ਅਤੇ ਆਮ ਲੋਕਾਂ ਨੂੰ ਦਰਪੇਸ਼ ਕਠਿਨਾਈਆਂ ਦਾ ਤੁਰੰਤ ਨਿਵਾਰਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ।
ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਬੋਰਡ ਨੂੰ ਤਕਨੀਕੀ ਪੱਖੋਂ ਹੋਰ ਸੁਧਾਰਨ, ਰਾਜ ਸਰਕਾਰ ਦੇ ਸਿੱਖਿਆ ਪ੍ਰਬੰਧ ਨੂੰ ਹੋਰ ਮਜਬੂਤ ਕਰਨ ਅਤੇ ਤਰਜੀਹ ਦੇਣ, ਵਿਦਿਆਰਥੀਆਂ ਦੀਆਂ ਗੁੰਝਲਦਾਰ ਸਮੱਸਿਆਵਾਂ ਨੂੰ ਖਤਮ ਕਰਨ, ਈ-ਸਰਟੀਫਿਕੇਟ ਮੁਹੱਈਆ ਕਰਵਾਉਣ, ਵਿਦਿਆਰਥੀਆਂ/ਮਾਪਿਆਂ ਨੂੰ ਬੋਰਡ ਦੇ ਮੁੱਖ ਦਫਤਰ ਦੇ ਚੱਕਰਾਂ ਤੋਂ ਮੁਕਤ ਕਰਨ, ਈ-ਸਰਟੀਫਿਕੇਟਾਂ ਰਾਹੀਂ ਭਵਿੱਖ ਵਿੱਚ ਵਿਦਿਆਰਥੀਆਂ ਦੇ ਅਗਲੇਰੀ ਪੜ੍ਹਾਈ ਲਈ ਅਸਾਨ ਦਾਖਲਿਆਂ ਤੇ ਨੌਕਰੀਆਂ ਪ੍ਰਾਪਤ ਕਰਨ ਵਿੱਚ ਸਹੂਲਤ ਮਿਲਣ, ਪਰੀਖਿਆ ਸੁਧਾਰਾਂ ਸਬੰਧੀ ਲਏ ਗਏ ਫੈਸਲਿਆਂ ਦੀ ਪ੍ਰੋੜਤਾ ਕਰਨ, ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਯਤਨਾਂ ’ਤੇ ਖੁੱਲ੍ਹ ਕੇ ਚਰਚਾ ਕੀਤੀ ਗਈ। ਬੋਰਡ ਦੀ ਸਕੱਤਰ ਹਰਗੁਣਜੀਤ ਕੌਰ ਨੇ ਮੀਟਿੰਗ ਦਾ ਬਾਖ਼ੂਬੀ ਮੰਚ ਸੰਚਾਲਨ ਕੀਤਾ ਗਿਆ।
ਮੀਟਿੰਗ ਵਿੱਚ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ, ਡੀਜੀਐਸਈ ਪ੍ਰਸ਼ਾਂਤ ਕੁਮਾਰ ਗੋਇਲ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਨੁਮਾਇੰਦੇ ਡਾ. ਪ੍ਰਭਜੀਤ ਕੌਰ, ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਨੁਮਾਇੰਦੇ ਡਾ. ਜਤਿੰਦਰ ਗਰਗ, ਪ੍ਰਮੁੱਖ ਸਕੱਤਰ ਵਿੱਤ ਵਿਭਾਗ ਦੇ ਨੁਮਾਇੰਦੇ ਸ੍ਰੀ ਦਵਿੰਦਰਪਾਲ ਸ਼ਰਮਾ, ਡੀਪੀਆਈ (ਸੈਕੰਡਰੀ) ਪਰਮਜੀਤ ਸਿੰਘ, ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ, ਖੇਤੀ ਬਾੜੀ ਯੂਨੀਵਰਸਿਟੀ ਦੇ ਨੁਮਾਇੰਦੇ ਡਾ. ਐੱਸ ਐੱਸ ਕੁੱਕਲ, ਪੰਜਾਬੀ ਯੂਨੀਵਰਸਿਟੀ ਦੇ ਨੁਮਾਇੰਦੇ ਪ੍ਰੋ. ਨਿਸ਼ਾਨ ਸਿੰਘ ਦਿਉਲ ਨੇ ਅੱਜ ਦੀ ਮੀਟਿੰਗ ਵਿੱਚ ਭਾਗ ਲਿਆ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…