ਗਊਸ਼ਾਲਾ ਦਾ ਮੰਤਵ ਪੂਰੀ ਤਰ੍ਹਾਂ ਦਾਨ-ਪੁੰਨ ਵਾਲਾ ਨਾ ਕਿ ਵਪਾਰਕ: ਬਲਬੀਰ ਸਿੱਧੂ

ਜ਼ਮੀਨ ਸਬੰਧੀ ਲਗਾਏ ਗਏ ਦੋਸ਼ ਸਿਆਸਤ ਤੋਂ ਪ੍ਰੇਰਿਤ

ਹੋਰ ਸ਼ੈੱਡਾਂ ਦੀ ਉਸਾਰੀ ਕਰਕੇ ਸ਼ਹਿਰ ਨੂੰ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਦਾ ਦਾਅਵਾ

ਐਸ.ਏ.ਐਸ. ਨਗਰ (ਮੁਹਾਲੀ), 6 ਅਗਸਤ:
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਗਊਸ਼ਾਲਾ ਲਈ ਸ਼ਾਮਲਾਤ ਜ਼ਮੀਨ ਲੀਜ਼ ’ਤੇ ਲੈਣ ਸਬੰਧੀ ਉਨ੍ਹਾਂ ਦੇ ਪਰਿਵਾਰ ’ਤੇ ਲਗਾਏ ਜਾ ਰਹੇ ਸਾਰੇ ਦੋਸ਼ ਬਿਲਕੁਲ ਬੇਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ ਹਨ। ਅੱਜ ਸ਼ਾਮ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਸਿੱਧੂ ਨੇ ਗਊਸ਼ਾਲਾ ਜਿਹੇ ਸਮਾਜਿਕ ਕਾਰਜਾਂ ਦਾ ਸਿਆਸੀਕਰਨ ਕਰਨ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਕੋਈ ਮੁੱਦਾ ਨਾ ਮਿਲਣ ਕਰਕੇ ਮੁਹਾਲੀ ਦੇ ਲੋਕਾਂ ਨੂੰ ਉਨ੍ਹਾਂ ਖ਼ਿਲਾਫ਼ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਜ਼ਮੀਨ ਲਾਵਾਰਿਸ ਗਊਆਂ ਦੀ ਸਾਂਭ-ਸੰਭਾਲ ਲਈ ਸਮਰਪਿਤ ਹੈ ਨਾ ਕਿ ਵਪਾਰਕ ਉਦੇਸ਼ਾਂ ਲਈ।
ਸ੍ਰੀ ਸਿੱਧੂ ਨੇ ਸਵਾਲ ਕੀਤਾ ਕਿ ‘ਕੀ ਅਸੀਂ ਗਊਸ਼ਾਲਾ ਬਣਾ ਕੇ ਕੋਈ ਗਲਤੀ ਕੀਤੀ ਹੈ ਕਿਉਂਕਿ ਮੈਂ ਮੁਹਾਲੀ ਦੇ ਲੋਕਾਂ ਨਾਲ ਵਚਨਬੱਧਤਾ ਕੀਤੀ ਸੀ ਕਿ ਮੈਂ ਇਸ ਸ਼ਹਿਰ ਨੂੰ ਲਾਵਾਰਿਸ ਪਸ਼ੂਆਂ ਤੋਂ ਮੁਕਤ ਕਰਾਂਗਾ ਤਾਂ ਜੋ ਸੜਕੀ ਦੁਰਘਟਨਾਵਾਂ ਦੀ ਰੋਕਥਾਮ ਕਰਕੇ ਨਿਰਦੋਸ਼ ਲੋਕਾਂ ਅਤੇ ਜਾਨਵਰਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।’’ ਬਲੌਂਗੀ ਗਊਸ਼ਾਲਾ ਦੇ ਸਾਰੇ ਟਰੱਸਟੀਆਂ ਅਤੇ ਪੰਚਾਇਤ ਦੀ ਹਾਜ਼ਰੀ ਵਿੱਚ ਉਨ੍ਹਾਂ ਦੱਸਿਆ ਕਿ ਗਊਸ਼ਾਲਾ ਦੇ ਸਾਰੇ ਟਰੱਸਟੀ ਉੱਘੇ ਉਦਯੋਗਪਤੀ ਅਤੇ ਜਾਣੇ-ਪਛਾਣੇ ਲੋਕ ਹਨ। ਜਿਨ੍ਹਾਂ ਦਾ ਮੁੱਖ ਉਦੇਸ਼ ਲਾਵਾਰਿਸ ਗਊਆਂ ਦੀ ਭਲਾਈ ਅਤੇ ਉਨ੍ਹਾਂ ਨੂੰ ਆਸਰਾ ਦੇਣਾ ਹੈ। ਉਨ੍ਹਾਂ ਕਿਹਾ ਕਿ ਇੱਥੇ ਅਤਿ ਆਧੁਨਿਕ ਸੀਮਨ ਲੈਬਾਰਟਰੀ ਬਣਾਉਣ ਲਈ ਠੋਸ ਯਤਨ ਕੀਤੇ ਜਾ ਰਹੇ ਹਨ, ਜਿੱਥੇ ਭਰੂਣ ਟਰਾਂਸਪਲਾਂਟ ਲਈ ਖੋਜ ਕਾਰਜ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿਰਫ਼ ਵੱਛੀਆਂ ਦਾ ਹੀ ਜਨਮ ਹੋ ਸਕੇ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਬਿਨਾਂ ਵਰਤੋਂ ਦੇ ਪਈ ਸੀ ਅਤੇ ਲੋਕਾਂ ਵੱਲੋਂ ਇਸ ’ਤੇ ਕਬਜ਼ਾ ਕੀਤਾ ਜਾ ਰਿਹਾ ਸੀ ਪਰ ਹੁਣ ਲੀਜ਼ ਡੀਡਜ਼ ਤੋਂ ਪੰਚਾਇਤ ਨੂੰ ਆਮਦਨ ਹੋ ਰਹੀ ਹੈ।
ਬਾਲ ਗੋਪਾਲ ਗਊ ਬਸੇਰਾ ਵੈਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਨਰੇਸ਼ ਕਾਂਸਲ ਨੇ ਕਿਹਾ ਕਿ ਉਹ ਪਿਛਲੇ 4 ਸਾਲਾਂ ਤੋਂ ਲਾਵਾਰਿਸ ਪਸ਼ੂਆਂ ਨੂੰ ਸ਼ਰਨ ਮੁਹੱਈਆ ਕਰਵਾਉਣ ਲਈ ਅਣਥੱਕ ਮਿਹਨਤ ਕਰ ਰਹੇ ਸਨ। ਮੁਹਾਲੀ ਵਾਸੀ ਲਗਾਤਾਰ ਖੁੱਲ੍ਹੀ ਥਾਂ ਅਤੇ ਆਧੁਨਿਕ ਸਹੂਲਤਾਂ ਵਾਲੀ ਗਊਸ਼ਾਲਾ ਦੀ ਮੰਗ ਚੁੱਕ ਰਹੇ ਹਨ। ਜ਼ਮੀਨ ਲੀਜ਼ ’ਤੇ ਲੈਣ ਲਈ ਸਿਹਤ ਮੰਤਰੀ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਸੁਸਾਇਟੀ ਦੀ ਅਗਵਾਈ ਕਰਨ ਦੀ ਬੇਨਤੀ ਕੀਤੀ। ਟਰੱਸਟੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਗਊ ਸ਼ੈਂਡ ਬਣਾਉਣ ਲਈ ਹੁਣ ਤੱਕ 1 ਕਰੋੜ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ। ਇਹ ਪੈਸਾ ਟਰੱਸਟੀਆਂ ਵੱਲੋਂ ਦਾਨ ਕੀਤਾ ਗਿਆ ਹੈ। ਸੰਜੀਵ ਗਰਗ ਨੇ ਕਿਹਾ ਕਿ ਕੁਝ ਮਾੜੀ ਸੋਚ ਦੇ ਲੋਕਾਂ ਵੱਲੋਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਕੀਤੇ ਜਾਣ ਵਾਲੇ ਕੰਮਾਂ ਕਰਕੇ ਸੁਸਾਇਟੀ ਨੂੰ ਸਮੱਸਿਆ ਝੱਲਣੀ ਪੈਂਦੀ ਹੈ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਅਤੇ ਬਹਾਦਰ ਸਿੰਘ ਸਰਪੰਚ ਬਲੌਂਗੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…