
ਮੀਂਹ ਦੇ ਪਾਣੀ ਨੇ ਖੋਲ੍ਹੀ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ, ਲੋਕ ਪ੍ਰੇਸ਼ਾਨ
ਨਬਜ਼-ਏ-ਪੰਜਾਬ, ਮੁਹਾਲੀ, 8 ਜੁਲਾਈ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਈ ਥਾਵਾਂ ’ਤੇ ਵੱਡੀ ਮਾਤਰਾ ਵਿੱਚ ਜਮ੍ਹਾ ਹੋਏ ਮੀਂਹ ਦੇ ਪਾਣੀ ਨੇ ਮੁਹਾਲੀ ਪ੍ਰਸ਼ਾਸਨ ਦੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਅਗਾਊਂ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਰਿਹਾਇਸ਼ੀ ਇਲਾਕਾ ਅਤੇ ਪ੍ਰਮੁੱਖ ਸੜਕਾਂ ’ਤੇ ਪਾਣੀ ਇਕੱਠਾ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਜ਼ਿਆਦਾ ਫੇਜ਼-11 ਨੂੰ ਪਈ ਹੈ। ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ ਦੇ ਦਫ਼ਤਰ ਨੇੜਲਾ ਇਲਾਕਾ ਤਲਾਬ ਵਿੱਚ ਤਬਦੀਲ ਹੋਇਆ ਨਜ਼ਰ ਆਇਆ।
ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ ਤੇ ਓਪਿੰਦਰ ਪ੍ਰੀਤ ਕੌਰ ਅਤੇ ਰਣਜੀਤ ਸਿੰਘ ਸੈਣੀ, ਐਡਵੋਕੇਟ ਰਾਮ ਕੁਮਾਰ ਚੌਹਾਨ, ਵਾਤਾਵਰਨ ਪ੍ਰੇਮੀ ਗੁਰਮੇਲ ਸਿੰਘ ਮੌਜੇਵਾਲ, ਰਮਣੀਕ ਸਿੰਘ, ਰਘਬੀਰ ਸਿੰਘ, ਹਰਦੇਵ ਠਾਕਰ, ਅਨੀਸ਼ ਸ਼ਰਮਾ, ਅਨੰਤ ਸ਼ਰਮਾ, ਸੋਨੀਆ ਸੰਧੂ, ਮੋਹਿਤ ਅਹੂਜਾ ਸਮੇਤ ਹੋਰਨਾਂ ਵਿਅਕਤੀਆਂ ਨੇ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਕੋਸਦੇ ਹੋਏ ਕਿਹਾ ਕਿ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਅੱਜ ਹੋਈ ਤੇਜ਼ ਬਾਰਸ਼ ਦਾ ਪਾਣੀ ਕਈ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਗਿਆ। ਕਾਫ਼ੀ ਲੋਕਾਂ ਨੇ ਦਰਵਾਜ਼ਿਆਂ ਅੱਗੇ ਫੱਟੇ ਅਤੇ ਰੇਤੇ ਦੇ ਥੈਲੇ ਲਗਾ ਕੇ ਆਪਣੇ ਘਰਾਂ ਅੰਦਰ ਪਾਣੀ ਵੜਨ ਤੋਂ ਰੋਕਣ ਦਾ ਯਤਨ ਕੀਤਾ ਲੇਕਿਨ ਜਿਵੇਂ ਹੀ ਵਾਹਨ ਸੜਕ ਤੋਂ ਲੰਘਦਾ ਸੀ ਤਾਂ ਮੀਂਹ ਦਾ ਪਾਣੀ ਘਰਾਂ ਵਿੱਚ ਦਾਖ਼ਲ ਹੋ ਜਾਂਦਾ ਸੀ।
ਇੰਜ ਹੀ ਇੱਥੋਂ ਦੇ ਫੇਜ਼-2, ਫੇਜ਼-4, ਫੇਜ਼-7, ਲਾਲ ਬੱਤੀ ਚੌਂਕ, ਚਾਵਲਾ ਹਸਪਤਾਲ ਤੋਂ ਸੈਕਟਰ-70 ਤੇ ਸੈਕਟਰ-71 ਨੂੰ ਜਾਂਦੀ ਸੜਕ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਜਮ੍ਹਾ ਹੋ ਗਿਆ ਅਤੇ ਕਈ ਥਾਵਾਂ ’ਤੇ ਦੁਕਾਨਾਂ ਦੇ ਮਸ਼ਹੂਰੀ ਬੋਰਡ ਅਤੇ ਦਰਖਤ ਟੁੱਟ ਕੇ ਡਿੱਗਣ ਕਾਰਨ ਬਿਜਲੀ ਗੁੱਲ ਹੋ ਗਈ। ਉਂਜ ਵਾਰ ਇੱਥੋਂ ਦੇ ਫੇਜ਼-4 ਅਤੇ ਫੇਜ਼-5 ਅਤੇ ਫੇਜ਼-3 ਦੇ ਇਲਾਕੇ ਵਿੱਚ ਬਚਾਅ ਰਿਹਾ। ਜਦੋਂ ਇਸ ਤੋਂ ਪਹਿਲਾਂ ਇਨ੍ਹਾਂ ਇਲਾਕਿਆਂ ਦੇ ਲੋਕ ਸ਼ੁਰੂ ਤੋਂ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ।

ਨੌਜਵਾਨ ਆਗੂ ਆਸ਼ੂ ਵੈਦ ਨੇ ਦੱਸਿਆ ਕਿ ਜਲ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਪਿੰਡ ਮਟੌਰ ਅਤੇ ਸੈਕਟਰ-70 ਵਿੱਚ ਕਾਫ਼ੀ ਥਾਵਾਂ ’ਤੇ ਮੀਂਹ ਦਾ ਪਾਣੀ ਜਮ੍ਹਾ ਹੋ ਗਿਆ। ਜਿਸ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਲਾਕੇ ਦੇ ਕੌਂਸਲਰਾਂ ਵੱਲੋਂ ਇਸ ਸਮੱਸਿਆ ਦੇ ਸਥਾਈ ਹੱਲ ਲਈ ਯਤਨ ਨਹੀਂ ਕੀਤੇ ਜਾ ਰਹੇ ਹਨ। ਇੰਜ ਹੀ ਡੀਪਲਾਸਟ ਚੌਕ ਤੋਂ ਮਦਨਪੁਰ ਸੜਕ, ਪੀਟੀਐਲ ਚੌਂਕ ਅਤੇ ਪੀਸੀਐਸ ਚੌਂਕ ’ਤੇ ਵੀ ਕਾਫ਼ੀ ਪਾਣੀ ਜਮ੍ਹਾ ਹੋ ਗਿਆ। ਜਿਸ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਇਸ ਤੋਂ ਇਲਾਵਾ ਸਨਅਤੀ ਏਰੀਆ ਵਿੱਚ ਮੀਂਹ ਦਾ ਪਾਣੀ ਭਰ ਗਿਆ।