Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਾਸੀਆਂ ਨੂੰ ਆਵਾਰਾ ਪਸ਼ੂਆਂ ਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਮਿਲਣ ਦੀ ਆਸ ਬੱਝੀ ਆਵਾਰਾ ਪਸ਼ੂਆਂ ਨੂੰ ਫੜਨ ਦਾ ਕੰਮ ਠੇਕੇ ’ਤੇ ਦੇਣ ਦੀ ਤਿਆਰੀ, ਪਸ਼ੂ ਛੱਡਣ ਲਈ ਪਸ਼ੂ ਪਾਲਕ ਤੋਂ ਵਸੂਲਿਆ ਜਾਵੇਗਾ 20 ਹਜ਼ਾਰ ਜੁਰਮਾਨਾ ਨਗਰ ਨਿਗਮ ਦੀ 5 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ 13 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਮਤੇ ਹੋਣਗੇ ਪੇਸ਼ ਸ਼ਹਿਰ ਦੀਆਂ ਮਾਰਕੀਟਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 7.31 ਕਰੋੜ ਰੁਪਏ ਖਰਚ ਕਰੇਗੀ ਮੁਹਾਲੀ ਨਿਗਮ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਸਤੰਬਰ: ਮੁਹਾਲੀ ਵਾਸੀਆਂ ਨੂੰ ਸ਼ਹਿਰ ਦੇ ਸਰਬਪੱਖੀ ਵਿਕਾਸ ਹੋਣ ਦੇ ਨਾਲ ਨਾਲ ਹੁਣ ਆਵਾਰਾ ਪਸ਼ੂਆਂ ਅਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲਣ ਦੀ ਆਸ ਬੱਝੀ ਹੈ। ਮੁਹਾਲੀ ਨਗਰ ਨਿਗਮ ਦੀ 5 ਸਤੰਬਰ ਨੂੰ ਬਾਅਦ ਦੁਪਹਿਰ 3 ਵਜੇ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਲਈ 13 ਕਰੋੜ ਰੁਪਏ ਦੀ ਲਾਗਤ ਨਾਲ ਨੇਪਰੇ ਚਾੜ੍ਹਨ ਵਾਲੇ ਵੱਖ ਵੱਖ ਕੰਮਾਂ ਦੇ ਮਤੇ ਹਾਊਸ ਵਿੱਚ ਪੇਸ਼ ਕੀਤੇ ਜਾਣਗੇ। ਇਨ੍ਹਾਂ ਮਤਿਆਂ ਵਿੱਚ ਵੱਖ ਵੱਖ ਮਾਰਕੀਟਾਂ ਦੇ ਬੁਨਿਆਦੀ ਢਾਂਚੇ ’ਤੇ ਤਕਰੀਬਨ ਸਵਾ ਸੱਤ ਕਰੋੜ ਰੁਪਏ ਦੇ ਮਤੇ ਸ਼ਾਮਲ ਹਨ। ਉਧਰ, ਮੁਹਾਲੀ ਵਿੱਚ ਲਗਾਤਾਰ ਵੱਧ ਰਹੀ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਟੋਲੀਆਂ ਬੰਨ੍ਹ ਕੇ ਘੁੰਮਦੇ ਆਵਾਰਾ ਪਸ਼ੂਆਂ ਨੂੰ ਫੜਨ ਦਾ ਕੰਮ ਠੇਕੇ ’ਤੇ ਦੇਣ ਲਈ ਮਤਾ ਲਿਆਂਦਾ ਜਾ ਰਿਹਾ ਹੈ ਜਦੋਂਕਿ ਇਸ ਤੋਂ ਪਹਿਲਾਂ ਇਹ ਕੰਮ ਨਗਰ ਨਿਗਮ ਦੇ ਕਰਮਚਾਰੀ ਕਰਦੇ ਸਨ। ਇਸ ਤੋਂ ਇਲਾਵਾ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਵੱਲੋਂ ਨਗਰ ਨਿਗਮ ਦੀ ਹੱਦ ਅੰਦਰ ਘਾਹ ਚਰਨ ਲਈ ਖੁੱਲ੍ਹੇ ਛੱਡੇ ਜਾਂਦੇ ਪਾਲਤੂ ਪਸ਼ੂਆਂ ਦੀ ਸਮੱਸਿਆ ’ਤੇ ਕਾਬੂ ਪਾਉਣ ਲਈ ਸਖ਼ਤੀ ਵਰਤੀ ਜਾਵੇਗੀ। ਇਸ ਸਬੰਧੀ ਪਾਲਤੂ ਪਸ਼ੂਆਂ ਨੂੰ ਛੁਡਾਉਣ ਬਦਲੇ ਪਸ਼ੂ ਮਾਲਕਾਂ ਤੋਂ ਪਹਿਲਾਂ ਵਸੂਲੇ ਜਾਂਦੇ ਜੁਰਮਾਨੇ ਦੀ ਰਾਸ਼ੀ 5 ਹਜ਼ਾਰ ਤੋਂ ਵਧਾ ਕੇ ਹੁਣ 20 ਹਜ਼ਾਰ ਰੁਪਏ ਕਰਨ ਅਤੇ ਇਨ੍ਹਾਂ ਪਸ਼ੂਆਂ ਦੇ ਚਾਰੇ ਦੀ ਰਕਮ 100 ਰੁਪਏ ਰੋਜ਼ਾਨਾ ਤੋਂ ਵਧਾ ਕੇ 500 ਰੁਪਏ ਰੋਜ਼ਾਨਾ ਕਰਨ ਦਾ ਮਤਾ ਲਿਆਂਦਾ ਜਾਵੇਗਾ। ਇੰਝ ਹੀ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਰੋਕਥਾਮ ਲਈ ਇੱਕ ਨਵੀਂ ਡਾਗ ਕੈਚਰ ਗੱਡੀ ਖ਼ਰੀਦਣ ਦਾ ਵੀ ਮਤਾ ਪੇਸ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪਸ਼ੂਆਂ ਕਾਰਨ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ ਅਤੇ ਮੌਜੂਦਾ ਸਮੇਂ ਵਿੱਚ ਸ਼ਹਿਰ ਦੀਆਂ ਪਾਰਕਾਂ ਪਸ਼ੂ ਚਰਾਂਦ ਬਣ ਗਈਆਂ ਹਨ। ਮੀਟਿੰਗ ਵਿੱਚ ਪੇਸ਼ ਕੀਤੇ ਜਾਣ ਵਾਲੇ ਮਤਿਆਂ ਵਿੱਚ ਇੱਥੋਂ ਦੇ ਫੇਜ਼-9 ਦੀ ਮਾਰਕੀਟ ਲਈ 154 ਲੱਖ, ਫੇਜ਼-10 ਦੀ ਮਾਰਕੀਟ ਲਈ 98 ਲੱਖ, ਫੇਜ਼-11 ਦੀ ਮਾਰਕੀਟ ਲਈ 96.29 ਲੱਖ, ਫੇਜ਼-7 ਦੀ ਮਾਰਕੀਟ ਲਈ 98.27 ਲੱਖ, ਫੇਜ਼-5 ਦੀ ਮਾਰਕੀਟ ਲਈ 146 ਲੱਖ ਅਤੇ ਫੇਜ਼-3ਬੀ2 ਦੀ ਮਾਰਕੀਟ ਲਈ 139 ਲੱਖ ਰੁਪਏ ਖ਼ਰਚਣ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ ਸਥਾਨਕ ਸੈਕਟਰ-67 ਤੇ 68 ਅਤੇ ਸੈਕਟਰ-68 ਤੇ 69 ਦੀਆਂ ਡਿਵਾਈਡਿੰਗ ਸੜਕਾਂ ਅਤੇ ਅੰਬ ਸਾਹਿਬ ਚੌਂਕ ਤੋਂ ਬਾਵਾ ਵਾਈਟ ਹਾਊਸ ਤੱਕ ਦੀ ਸੜਕ ਨੂੰ ਮਜ਼ਬੂਤ ਬਣਾਉਣ ਲਈ 3.65 ਕਰੋੜ ਰੁਪਏ ਖ਼ਰਚਣ ਦਾ ਮਤਾ ਸ਼ਾਮਲ ਹੈ। ਇੰਝ ਹੀ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਬਰਸਾਤੀ ਪਾਣੀ ਦੀਆਂ ਨਿਕਾਸੀ ਲਈ ਪੁਰਾਣੀਆਂ ਪਾਈਪਲਾਈਨਾਂ ਦੀ ਮੁਰੰਮਤ ਅਤੇ ਮੇਨ ਹੋਲਾਂ ਦੇ ਕੰਮਾਂ ’ਤੇ ਇੱਕ ਕਰੋੜ ਰੁਪਏ ਖ਼ਰਚ ਕਰਨ ਦੀ ਤਜਵੀਜ਼ ਹੈ। ਇਨ੍ਹਾਂ ਮਤਿਆਂ ’ਤੇ ਹਾਊਸ ਵਿੱਚ ਉਸਾਰੂ ਬਹਿਸ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਅਤੇ ਚੇਅਰਮੈਨ ਚੌਧਰੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਮੇਅਰ ਵੱਲੋਂ ਸ਼ਹਿਰ ਦੀਆਂ ਮਾਰਕੀਟਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸੁੰਦਰੀਕਰਨ ਲਈ 5 ਕਰੋੜ ਰੁਪਏ ਖਰਚ ਕਰਨ ਦਾ ਵਾਇਦਾ ਕੀਤਾ ਗਿਆ ਸੀ ਅਤੇ ਹੁਣ ਨਿਗਮ ਦੀ ਮੀਟਿੰਗ ਵਿੱਚ ਮਾਰਕੀਟਾਂ ਦੇ ਵਿਕਾਸ ਲਈ ਸਵਾ ਸੱਤ ਕਰੋੜ ਰੁਪਏ ਦੇ ਮਤੇ ਲਿਆਂਦੇ ਜਾ ਰਹੇ ਹਨ। ਮੀਟਿੰਗ ਵਿੱਚ ਸ਼ਹਿਰ ਦੀਆਂ ਵੱਖ-ਵੱਖ ਭਲਾਈ ਐਸੋਸੀਏਸ਼ਨਾਂ ਨੂੰ ਰਿਹਾਇਸ਼ੀ ਖੇਤਰ ਵਿਚਲੇ ਪਾਰਕਾਂ ਦੀ ਸਾਂਭ-ਸੰਭਾਲ ਦਾ ਕੰਮ ਦੇਣ ਸਬੰਧੀ ਇਕਰਾਰਨਾਮੇ ਕਰਨ ਦਾ ਵੀ ਮਤਾ ਲਿਆਂਦਾ ਗਿਆ ਹੈ। ਇਨ੍ਹਾਂ ਐਸੋਸੀਏਸ਼ਨਾਂ ਨੂੰ ਨਿਗਮ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ 2.45 ਰੁਪਏ ਪ੍ਰਤੀ ਵਰਗ ਮੀਟਰ ਹਿਸਾਬ ਨਾਲ ਅਦਾਇਗੀ ਵੀ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ