ਸੀਵਰੇਜ ਟਰੀਟਮੈਂਟ ਪਲਾਟਾਂ ਦੇ ਨਿਰਮਾਣ ਤੇ ਅੱਪ-ਗ੍ਰੇਡੇਸ਼ਨ ਨਾਲ ਸ਼ਹਿਰ ਵਾਸੀਆਂ ਨੂੰ ਮਿਲੇਗਾ ਪਾਣੀ

ਗਮਾਡਾ ਦੇ ਮੁੱਖ ਪ੍ਰਸ਼ਾਸਕ ਨੇ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਐਸਟੀਪੀ ਸਾਈਟਾਂ ਦਾ ਕੀਤਾ ਦੌਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਸੀਵਰੇਜ ਟਰੀਟਮੈਂਟ ਪਲਾਟਾਂ (ਐਸਟੀਪੀ) ਦੇ ਨਿਰਮਾਣ ਅਤੇ ਅਪ-ਗ੍ਰੇਡੇਸ਼ਨ ਦਾ ਕੰਮ ਮੁਕੰਮਲ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਲੋੜ ਅਨੁਸਾਰ ਪਾਣੀ ਮਿਲੇਗਾ। ਇਹ ਗੱਲ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੇ ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਨੇ ਆਖੀ। ਉਨ੍ਹਾਂ ਕਿਹਾ ਕਿ ਜ਼ਮੀਨੀ ਪਾਣੀ ’ਤੇ ਨਿਰਭਰਤਾ ਘਟਾਉਣ ਅਤੇ ਧੁਆਈ, ਫਲਸ਼ਿੰਗ ਅਤੇ ਉਸਾਰੀ ਗਤੀਵਿਧੀਆਂ ਲਈ ਪਾਣੀ (ਤੀਜਾ ਦਰਜਾ ਪਾਣੀ) ਮੁਹੱਈਆ ਕਰਵਾਉਣ ਲਈ ਮੌਜੂਦਾ ਸੀਵਰੇਜ ਟਰੀਟਮੈਂਟ ਪਲਾਂਟ ਦੀ ਅਪ-ਗ੍ਰੇਡਸ਼ਨ ਅਤੇ ਨਵੇਂ ਸੀਵਰੇਜ ਟਰੀਟਮੈਂਟ ਪਲਾਂਟ ਦੀ ਉਸਾਰੀ ਦਾ ਕੰਮ ਕਰਵਾ ਰਿਹਾ ਹੈ।
ਇਨ੍ਹਾਂ ਪ੍ਰਾਜੈਕਟਾਂ ਦਾ ਜਾਇਜਾ ਲੈਣ ਲਈ ਰਾਜੀਵ ਗੁਪਤਾ, ਮੁੱਖ ਪ੍ਰਸ਼ਾਸਕ, ਗਮਾਡਾ ਨੇ ਅੱਜ ਸੈਕਟਰ-83 ਦੀ ਸਾਈਟ ਜਿੱਥੇ ਮੌਜੂਦਾ 10 ਐਮਜੀਡੀ ਦੀ ਸਮਰੱਥਾ ਵਾਲੇ ਸੀਵੇਜ ਟਰੀਟਮੈਂਟ ਪਲਾਂਟ ਨੂੰ 15 ਐਮਜੀਡੀ ਤੱਕ ਅਪਗਰੇਡ ਕਰਨ ਦਾ ਕੰਮ ਚੱਲ ਰਿਹਾ ਹੈ ਦਾ ਨਿਰੀਖਣ ਕੀਤਾ। ਇੰਜਨੀਅਰਿੰਗ ਟੀਮ ਨੇ ਮੁੱਖ ਪ੍ਰਸ਼ਾਸਕ ਨੂੰ ਜਾਣੂ ਕਰਵਾਇਆ ਕਿ ਸੈਕਟਰ 53-82 ’ਚੋਂ ਨਿਕਲਦੇ ਸੀਵੇਜ ਦੇ ਪਾਣੀ ਨੂੰ ਟਰੀਟ ਕਰਨ ਲਈ ਪਹਿਲਾਂ 10 ਐਮਜੀਡੀ ਸਮਰੱਥਾ ਦਾ ਸੀਵੇਜ ਟਰੀਟਮੈਂਟ ਪਲਾਂਟ ਲੱਗਿਆ ਹੋਇਆ ਸੀ, ਪਰ ਭਵਿੱਖ ਦੀਆਂ ਲੋੜਾਂ ਨੂੰ ਦੇਖਦੇ ਹੋਏ ਇਸ ਐਸਟੀਪੀ ਨੂੰ ਅਪਗ੍ਰੇਡ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਇੰਜੀਨੀਅਰਿੰਗ ਵਿੰਗ ਨੇ ਦੱਸਿਆ ਕਿ ਇਹ ਕੰਮ ਲਗਭਗ ਅੱਧਾ ਮੁਕਮੰਲ ਹੋ ਚੁਕਿਆ ਹੈ ਅਤੇ ਇਸ ਸਾਲ ਦੇ ਅੰਤ ਤੱਕ ਇਸ ਦੇ ਪੂਰਾ ਹੋਣ ਦੀ ਉਮੀਦ ਹੈ, ਜਿਸ ਤੋਂ ਬਾਅਦ ਸ਼ਹਿਰ ਨਿਵਾਸੀਆਂ ਨੂੰ ਫਲਸਿੰਗ, ਧੁਆਈ, ਬਾਗਬਾਨੀ ਆਦਿ ਲਈ ਤੀਜੇ ਦਰਜੇ ਦਾ ਗੈਰ-ਪੀਣਯੋਗ ਪਾਣੀ ਉਪਲਬਧ ਹੋ ਜਾਵੇਗਾ। ਮੁੱਖ ਪ੍ਰਸ਼ਾਸਕ ਨੇ ਇੰਜੀਨੀਅਰਿੰਗ ਵਿੰਗ ਨੂੰ ਪ੍ਰਾਜੈਕਟ ਨਿਰਧਾਰਿਤ ਸਮਾਂ ਸੀਮਾ ਵਿੱਚ ਮੁਕੰਮਲ ਕਰਨ ਲਈ ਕਿਹਾ ਤਾਂ ਜੋ ਵਸਨੀਕ ਜਲਦੀ ਇਸ ਸਹੂਲਤ ਦਾ ਲਾਭ ਉਠਾ ਸਕਣ।
ਸ੍ਰੀ ਗੁਪਤਾ ਨੇ ਐਰੋਸਿਟੀ ਦਾ ਵੀ ਦੌਰਾ ਕੀਤਾ, ਜਿੱਥੇ 15 ਐਮਐਲਡੀ ਸਮਰੱਥਾ ਵਾਲੇ ਮੇਨ ਪੰਪਿੰਗ ਸਟੇਸ਼ਨ, 10 ਐਮਐਲਡੀ ਸਮਰੱਥਾ ਦੇ ਸੀਵੇਜ ਟ੍ਰੀਟਮੈਂਟ ਪਲਾਂਟ ਅਤੇ 5 ਐਮਐਲਡੀ ਸਮਰੱਥਾ ਦੇ ਟਰੀਟਮੈਂਟ ਪਲਾਂਟ ਦੇ ਡਿਜ਼ਾਈਨ ਅਤੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਕੰਮ ਦੀ ਪ੍ਰਗਤੀ ਬਾਰੇ ਪੁੱਛਣ ’ਤੇ ਇੰਜੀਨੀਅਰਿੰਗ ਵਿੰਗ ਨੇ ਮੁੱਖ ਪ੍ਰਸ਼ਾਸਕ ਨੂੰ ਦੱਸਿਆ ਕਿ ਇਹ ਪ੍ਰੋਜੈਕਟ ਇਸ ਸਾਲ 31 ਜੁਲਾਈ ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਇਸ ਐਸਟੀਪੀ ਦੀ ਉਸਾਰੀ ਮੁਕੰਮਲ ਹੋਣ ਤੋਂ ਬਾਅਦ, ਪ੍ਰਾਪਤ ਹੋਣ ਵਾਲੇ ਟਰਸ਼ਰੀ ਪਾਣੀ ਦੀ ਐਰੋਸਿਟੀ ਦੇ ਵਸਨੀਕ ਉਸਾਰੀ, ਵਾਹਨਾਂ ਦੀ ਧੁਆਈ, ਬਾਗਬਾਨੀ ਆਦਿ ਦੇ ਕੰਮਾਂ ਲਈ ਕਰ ਸਕਣਗੇ ਜਿਸ ਨਾਲ ਧਰਤੀ ਹੇਠਲੇ ਪਾਣੀ ’ਤੇ ਨਿਰਭਰਤਾ ਘਟੇਗੀ ਅਤੇ ਅਣਸੋਧੇ ਪਾਣੀ ਦੀ ਵਰਤੋਂ ਕਰਨ ਨਾਲ ਕੁਦਰਤੀ ਸਰੋਤਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇਗਾ।
ਸ੍ਰੀ ਗੁਪਤਾ ਨੇ ਦੱਸਿਆ ਕਿ ਸ਼ਹਿਰ ਨਿਵਾਸੀਆਂ ਨੂੰ ਰਹਿਣ ਦੀਆਂ ਵਿਸ਼ਵ ਪੱਧਰੀ ਸਹੂਲਤਾਂ ਮੁਹਈਆ ਕਰਵਾਉਣ ਲਈ ਗਮਾਡਾ ਵੱਲੋਂ ਵੱਖ-ਵੱਖ ਪ੍ਰੋਜੈਕਟ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਥਾਰਿਟੀ ਵੱਖ-ਵੱਖ ਪ੍ਰਾਜੈਕਟਾਂ ਦੇ ਵਸਨੀਕਾਂ ਨੂੰ ਰਹਿਣ ਯੋਗ ਅਤੇ ਸਿਹਤਮੰਦ ਮਾਹੌਲ ਪ੍ਰਦਾਨ ਕਰਨ ਦੇ ਨਾਲ-ਨਾਲ ਕੁਦਰਤੀ ਸਰੋਤਾਂ ਦੀ ਬਰਬਾਦੀ ਨਾ ਹੋਣ ਦੇਣ ਲਈ ਵੀ ਵਚਨਬੱਧ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…