Nabaz-e-punjab.com

ਐਤਕੀਂ ਵੀ ਗਰਮੀਆਂ ਵਿੱਚ ਸ਼ਹਿਰ ਵਾਸੀਆਂ ਦੇ ਸੁੱਕੇ ਰਹਿਣਗੇ ਹਲਕ, ਲੋੜ ਅਨੁਸਾਰ ਪਾਣੀ ਨਾ ਮਿਲਣ ਦਾ ਖਦਸ਼ਾ

ਆਰਟੀਆਈ ਕਾਰਕੁਨ ਕੁਲਜੀਤ ਬੇਦੀ ਮੁੜ ਖੜਕਾਉਣਗੇ ਹਾਈ ਕੋਰਟ ਦਾ ਬੂਹਾ

ਪੰਜਾਬ ਸਰਕਾਰ ਤੇ ਗਮਾਡਾ ਦੇ ਖ਼ਿਲਾਫ਼ ਦਾਇਰ ਕੀਤਾ ਜਾਵੇਗਾ ਅਦਾਲਤੀ ਮਾਣਹਾਨੀ ਦਾ ਕੇਸ ਦਾਇਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਫਰਵਰੀ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਕਜੌਲੀ ਤੋਂ ਸਿੱਧੇ ਪਾਣੀ ਦੀ ਸਪਲਾਈ ਲਈ ਵਿਛਾਈ ਜਾ ਰਹੀ ਫੇਜ਼-5 ਅਤੇ ਫੇਜ਼-6 ਪਾਈਪਲਾਈਨ ਅਤੇ ਵਾਟਰ ਟਰੀਟਮੈਂਟ ਪਲਾਂਟ ਲਗਾਉਣ ਲਈ ਲਗਾਤਾਰ ਪਛੜਦਾ ਜਾ ਰਿਹਾ ਹੈ। ਜਿਸ ਕਾਰਨ ਇਸ ਸਾਲ ਗਰਮੀ ਦੇ ਮੌਸਮ ਵਿੱਚ ਵੀ ਸ਼ਹਿਰ ਵਾਸੀਆਂ ਦੇ ਹਲਕ ਸੁੱਕੇ ਰਹਿਣ ਅਤੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਸੰਕਟ ਪੈਦਾ ਹੋਣ ਦਾ ਖਦਸ਼ਾ ਹੈ। ਇਸ ਸਬੰਧੀ ਆਰਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੀ ਕਥਿਤ ਅਣਦੇਖੀ ਦੇ ਖ਼ਿਲਾਫ਼ ਹਾਈ ਕੋਰਟ ਦਾ ਬੂਹਾ ਖੜਕਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਵੀ ਸ੍ਰੀ ਬੇਦੀ ਨੇ ਪਾਣੀ ਸੰਕਟ ਦੇ ਹੱਲ ਲਈ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਛੇ ਸਾਲਾਂ ਤੋਂ ਲੋਕ ਲੋੜ ਅਨੁਸਾਰ ਪਾਣੀ ਮਿਲਣ ਦੀ ਉਡੀਕ ਕਰ ਰਹੇ ਹਨ ਪ੍ਰੰਤੂ ਐਤਕੀਂ ਵੀ ਗਰਮੀਆਂ ਵਿੱਚ ਪਾਣੀ ਦਾ ਸੰਕਟ ਗਹਿਰਾਉਣ ਦੀ ਸੰਭਾਵਨਾ ਹੈ।
ਸ੍ਰੀ ਬੇਦੀ ਨੇ ਕਿਹਾ ਕਿ ਗਮਾਡਾ ਵੱਲੋਂ ਕਜੌਲੀ ਤੋਂ ਜੰਡਪੁਰ ਤੱਕ ਪਾਈਪਲਾਈਨ ਤਾਂ ਵਿਛਾ ਦਿੱਤੀ ਗਈ ਹੈ ਪ੍ਰੰਤੂ ਵਾਟਰ ਟਰੀਟਮੈਂਟ ਪਲਾਂਟ ਦਾ ਕੰਮ ਠੰਢੇ ਬਸਤੇ ਵਿੱਚ ਪਿਆ ਹੋਣ ਕਾਰਨ ਉੱਥੇ ਝਾੜੀਆਂ ਉੱਗ ਗਈਆਂ ਹਨ। ਦੂਜੇ ਪਾਸੇ ਇਸ ਪਾਈਪਲਾਈਨ ਤੋਂ ਚੰਡੀਗੜ੍ਹ ਜਾਣ ਵਾਲੇ ਪਾਣੀ ਨੂੰ ਸੋਧਣ ਲਈ ਚੰਡੀਗੜ੍ਹ ਨਗਰ ਨਿਗਮ ਵੱਲੋਂ ਨਾਲ ਲੱਗਦੀ ਜ਼ਮੀਨ ’ਤੇ ਵਾਟਰ ਟਰੀਟਮੈਂਟ ਪਲਾਂਟ ਸਥਾਪਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗਮਾਡਾ ਰਾਹੀਂ ਅਦਾਲਤ ਵਿੱਚ ਬਾਕਾਇਦਾ ਜਲਦੀ ਪਾਣੀ ਦੇਣ ਸਬੰਧੀ ਹਲਫ਼ਨਾਮਾ ਦਾਇਰ ਕੀਤਾ ਗਿਆ ਸੀ ਪ੍ਰੰਤੂ ਲੋੜੀਂਦੀ ਕਾਰਵਾਈ ਨਾ ਹੋਣ ਕਾਰਨ ਨਿਰਾਸ਼ਾ ਦੇ ਆਲਮ ਛਾਇਆ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਸਰਕਾਰ ਦੇ ਖ਼ਿਲਾਫ਼ ਅਦਾਲਤੀ ਮਾਣਹਾਨੀ ਦਾ ਕੇਸ ਦਾਇਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪਿਛਲੇ ਛੇ ਸਾਲਾਂ ਤੋਂ ਗਮਾਡਾ ਦੇ ਚੱਕਰ ਕੱਟ ਰਹੇ ਹਨ ਕਿ ਨਵੀਂ ਪਾਈਪਲਾਈਨ ਦਾ ਪ੍ਰਾਜੈਕਟ ਪੂਰਾ ਕਰਕੇ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾਵੇ ਪ੍ਰੰਤੂ ਗਮਾਡਾ ਅਧਿਕਾਰੀਆਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਇਸ ਕੰਮ ’ਤੇ ਗਮਾਡਾ ਵੱਲੋਂ ਲਗਭਗ 350 ਕਰੋੜ ਰੁਪਏ ਖਰਚਾ ਵੀ ਕੀਤਾ ਜਾ ਚੁੱਕਿਆ ਹੈ ਪ੍ਰੰਤੂ ਹੁਣ ਤੱਕ ਨਤੀਜਾ ਜ਼ੀਰੋ ਹੈ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …