ਵੱਖ-ਵੱਖ ਮੈਗਾ ਪ੍ਰਾਜੈਕਟਾਂ ਦੇ ਵਸਨੀਕਾਂ ਨੇ ਗਮਾਡਾ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਈਡੀਸੀ ਕਾਰਨ ਰਜਿਸਟਰੀਆਂ ’ਤੇ ਲੱਗੀ ਰੋਕ ਤੁਰੰਤ ਹਟਾਉਣ ਦੀ ਮੰਗ

ਨਬਜ਼-ਏ-ਪੰਜਾਬ, ਮੁਹਾਲੀ, 6 ਦਸੰਬਰ:
ਕੌਂਸਲ ਆਫ਼ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਅਤੇ ਸੁਸਾਇਟੀਜ਼ ਦੇ ਅਹੁਦੇਦਾਰਾਂ ਨੇ ਸੰਸਥਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਦੇ ਪ੍ਰਧਾਨਗੀ ਹੇਠ ਅੱਜ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਬਲਵਿੰਦਰ ਸਿੰਘ, ਜ਼ਿਲ੍ਹਾ ਟਾਊਨ ਪਲਾਨਰ ਗੁਰਦੇਵ ਸਿੰਘ ਅਟਵਾਲ ਅਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਮੰਗ ਕੀਤੀ ਕਿ ਮੁਹਾਲੀ ਦੇ ਮੈਗਾ ਪ੍ਰਾਜੈਕਟਾਂ ਅਤੇ ਕੁਝ ਹੋਰ ਸੈਕਟਰਾਂ ਦੀਆਂ ਰਜਿਸਟਰੀਆਂ ’ਤੇ ਲਗਾਈ ਰੋਕ ਤੁਰੰਤ ਹਟਾਈ ਜਾਵੇ।
ਰਾਜਵਿੰਦਰ ਸਿੰਘ ਸਰਾਓ ਨੇ ਦੱਸਿਆ ਕਿ ਮੀਟਿੰਗ ਦੌਰਾਨ ਵੱਖ-ਵੱਖ ਮੈਗਾ ਪ੍ਰਾਜੈਕਟਾਂ ਨਾਲ ਸਬੰਧਤ ਐਸੋਸੀਏਸ਼ਨਾਂ ਅਤੇ ਸੁਸਾਇਟੀਆਂ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਗਮਾਡਾ ਦੇ ਉੱਚ ਅਧਿਕਾਰੀਆਂ ਦੇ ਧਿਆਨ ਲਿਆਂਦਾ ਗਿਆ ਕਿ ਰਜਿਸਟਰੀਆਂ ’ਤੇ ਰੋਕ ਲਗਾਉਣ ਨਾਲ ਬਿਲਡਰਾਂ ਦੀ ਥਾਂ ਆਮ ਲੋਕ ਪ੍ਰਭਾਵਿਤ ਹੋ ਰਹੇ ਹਨ ਕਿਉਂਕਿ ਬਿਲਡਰ ਇਨ੍ਹਾਂ ਸੈਕਟਰਾਂ ਵਿੱਚ ਲਗਪਗ ਆਪਣੇ ਪਲਾਟ ਪਹਿਲਾਂ ਹੀ ਵੇਚ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਬਿਲਡਰਾਂ ਤੋਂ ਈਡੀਸੀ ਦੀ ਵਸੂਲੀ ਕਰਨ ਲਈ ਰਜਿਸਟਰੀਆਂ ’ਤੇ ਰੋਕ ਲਗਾਉਣ ਦੀ ਥਾਂ ਕੋਈ ਹੋਰ ਰਸਤਾ ਅਖ਼ਤਿਆਰ ਕੀਤਾ ਜਾਵੇ।
ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਪ੍ਰਾਈਵੇਟ ਸੈਕਟਰਾਂ ਤੋਂ ਲਗਪਗ ਡੇਢ ਦਹਾਕੇ ਦੌਰਾਨ ਈਡੀਸੀ ਵਜੋ ਜੋ ਰਾਸ਼ੀ ਇਕੱਠੀ ਕੀਤੀ ਗਈ ਹੈ ਉਹ ਸਬੰਧਤ ਸੈਕਟਰਾਂ ਦੇ ਵਿਕਾਸ ’ਤੇ ਖ਼ਰਚ ਕੀਤੀ ਜਾਵੇ ਅਤੇ ਇਨ੍ਹਾਂ ਸੈਕਟਰਾਂ ਨੂੰ ਮੁਹਾਲੀ ਅਤੇ ਚੰਡੀਗੜ੍ਹ ਨਾਲ ਜੋੜਦੀਆਂ ਸੜਕਾਂ ਦਾ ਤੁਰੰਤ ਨਿਰਮਾਣ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਸਾਲ 2006 ਤੋਂ ਬਿਲਡਰਾਂ ਨੂੰ ਮਿਲਦੀ ਪਾਪਰਾਂ ਦੀਆਂ ਛੋਟਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਵੱਖ-ਵੱਖ ਰੈਜ਼ੀਡੈਂਟ ਸੈੱਲਫ਼ ਐਸੋਸੀਏਸ਼ਨਾਂ ਦੀਆਂ ਗਮਾਡਾ ਦਫ਼ਤਰ ਵਿੱਚ ਲੰਬਿਤ ਪਈਆਂ ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਜਾਵੇ ਤਾਂ ਜੋ ਬਿਲਡਰਾਂ ਦੇ ਸਤਾਏ ਹੋਏ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਵਫ਼ਦ ਅਨੁਸਾਰ ਵਧੀਕ ਮੁੱਖ ਪ੍ਰਸ਼ਾਸਕ ਨੇ ਇਸ ਸਬੰਧੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਗੱਲ ਕਰਕੇ ਅਗਲੀ ਮੀਟਿੰਗ ਜਲਦੀ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਪਾਲ ਸਿੰਘ ਰੱਤੂ, ਭੁਪਿੰਦਰ ਸਿੰਘ ਸੈਣੀ, ਕਵਰ ਸਿੰਘ ਗਿੱਲ, ਅਨਿਲ ਪਰਾਸ਼ਰ, ਗੋਰਵ ਗੋਇਲ, ਸੁਮਿਕਸ਼ਾ ਸੂਦ, ਵੱਸਣ ਸਿੰਘ, ਬੀਆਰ ਕ੍ਰਿਸ਼ਨਾ, ਮਨੋਜ ਸ਼ਰਮਾ, ਮਨੀਸ਼ ਗੁਪਤਾ, ਦਵਿੰਦਰ ਪਾਲ ਸਿੰਘ, ਸੰਜੀਵ ਠੁਕਰਾਲ, ਜਸਵੀਰ ਸਿੰਘ ਗੜਾਂਗ, ਸੁਖਬੀਰ ਸਿੰਘ ਢਿੱਲੋਂ, ਐਸਕੇ ਸ਼ਰਮਾ, ਹਰਮਿੰਦਰ ਸਿੰਘ ਸੋਹੀ, ਹਰਬੰਸ ਸਿੰਘ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਨਬਜ਼…