nabaz-e-punjab.com

ਸੇਵਾਮੁਕਤ ਮੁਲਾਜ਼ਮ ਨੇ ਘਰ ਦੇ ਵਿਹੜੇ ਵਿੱਚ ਬੈਠ ਕੇ ਲਿਖਿਆ 1430 ਪੰਨਿਆਂ ਦਾ ਪੂਰਾ ਗੁਰੂ ਗ੍ਰੰਥ ਸਾਹਿਬ

ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦਾ ਲੱਗਿਆ ਤਾਂਤਾ, ਸੁੱਖ ਆਸਣ ਕਰਕੇ ਗੁਰਦੁਆਰੇ ਵਿੱਚ ਰੱਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਕਤੂਬਰ:
ਖਰੜ ਦੇ ਨਜ਼ਦੀਕੀ ਪਿੰਡ ਪੋਪਨਾ ਦੇ ਵਸਨੀਕ ਜਿਸ ਪੰਜਾਬੀ ਸਿੱਖ ਗਿਆਨੀ ਬਲਦੇਵ ਸਿੰਘ ਨੇ ਸਾਢੇ ਚਾਰ ਦਹਾਕੇ ਪਹਿਲਾਂ ਦੇਸ਼ ਦੀ ਰੱਖਿਆ ਲਈ ਆਪਣੇ ਹੱਥਾਂ ਵਿੱਚ ਹਥਿਆਰ ਚੁੱਕੇ ਸਨ। ਹੁਣ ਉਸ ਨੇ ਆਪਣੇ ਹੱਥਾਂ ਵਿੱਚ ਕਲਮ ਚੁੱਕ ਕੇ ਜੁੜਵੇਂ ਅੱਖਰਾਂ ਵਾਲਾ (ਲੜੀਵਾਰ) ਸ੍ਰੀ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ ਹੈ। ਉਸ ਨੇ ਦੱਸਿਆ ਕਿ 1430 ਪੰਨਿਆਂ ਵਾਲੇ ਇਸ ਅਲੌਕਿਕ ਗੁਰੂ ਗ੍ਰੰਥ ਸਾਹਿਬ ਨੂੰ ਤਿਆਰ ਕਰਨ ਲਈ ਸਾਢੇ ਛੇ ਸਾਲ ਤੋਂ ਵੱਧ ਸਮਾਂ ਲੱਗਿਆ। ਐਤਵਾਰ ਨੂੰ ਸਵੇਰੇ ਜਿਲਦਬੰਦੀ ਕਰਨ ਉਪਰੰਤ ਦੁਪਹਿਰ ਵੇਲੇ ਇਲਾਕੇ ਦੀ ਸੰਗਤ ਦੇ ਦਰਸ਼ਨਾਂ ਲਈ ਘਰ ਦੇ ਵਿਹੜੇ ਵਿੱਚ ਪ੍ਰਕਾਸ਼ ਕੀਤਾ ਗਿਆ। ਸ਼ਾਮ ਨੂੰ ਸੁੱਖ ਆਸਣ ਕਰਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਰੱਖਿਆ ਗਿਆ।
ਇਸ ਮੌਕੇ ਐਸਜੀਪੀਸੀ ਦੇ ਸਾਬਕਾ ਮੈਂਬਰ ਭਜਨ ਸਿੰਘ ਸ਼ੇਰਗਿੱਲ, ਪੈਰੀਫੇਰੀ ਮਿਲਕਮੈਨ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਜੋਰਾ ਸਿੰਘ ਭੁੱਲਰ ਸਾਬਕਾ ਸਰਪੰਚ ਚੱਪੜਚਿੜੀ, ਜਸਜੀਤ ਸਿੰਘ ਬਡਾਲਾ ਸਮੇਤ ਹੋਰਨਾਂ ਲੋਕਾਂ ਵੱਲੋਂ ਗਿਆਨੀ ਬਲਦੇਵ ਸਿੰਘ ਨੂੰ ਸਿਰੋਪਾਓ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖਾਲਸਾ ਸਕੂਲ ਖਰੜ ਦੇ ਪ੍ਰਿੰਸੀਪਲ ਜਸਬੀਰ ਸਿੰਘ ਧਨੋਆ, ਦਲਜੀਤ ਸਿੰਘ ਸੈਣੀ, ਗੁਰਦੁਆਰਾ ਸਾਹਿਬ ਸੈਕਟਰ-34 ਦੇ ਪ੍ਰਧਾਨ ਸਾਧੂ ਸਿੰਘ, ਮੀਤ ਪ੍ਰਧਾਨ ਮੇਜਰ ਕਰਨੈਲ ਸਿੰਘ, ਜਰਨੈਲ ਸਿੰਘ ਬਾਠਾਂ, ਲੇਖਾ ਵਿਭਾਗ ਦੇ ਡਿਪਟੀ ਡਾਇਰੈਕਟਰ (ਵਿੱਤ) ਪ੍ਰਿਤਪਾਲ ਸਿੰਘ ਨਵਾਂ ਗਰਾਓ, ਪਰਮਜੀਤ ਸਿੰਘ ਪੋਪਨਾ, ਬਹਾਦਰ ਸਿੰਘ ਨਿਆਮੀਆਂ, ਕੁਲਦੀਪ ਸਿੰਘ ਭਾਗੋਮਾਜਰਾ, ਅਵਤਾਰ ਸਿੰਘ, ਕੁਲਵੰਤ ਸਿੰਘ, ਪਰਵਿੰਦਰ ਤੇ ਹਰਵਿੰਦਰ ਸਮੇਤ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਖੰਡ ਕੀਰਤਨੀ ਜਥੇ ਦੇ ਆਗੂ ਮਤਵਾਲਾ ਜੀ ਦੀ ਬੇਟੀ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ ਸੀ।
ਗਿਆਨੀ ਬਲਦੇਵ ਸਿੰਘ ਨੇ ਦੱਸਿਆ ਕਿ ਉਹ 27 ਅਗਸਤ 1965 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਏ ਸੀ ਅਤੇ ਉਸ ਦਾ ਸੁਪਨਾ ਫੌਜ ਦਾ ਵੱਡਾ ਅਫ਼ਸਰ ਬਣਨ ਦਾ ਸੀ ਪ੍ਰੰਤੂ ਸੰਨ 1971 ਦੀ ਲੜਾਈ ਤੋਂ ਬਾਅਦ ਉਸ ਨੇ ਕੁਝ ਕਾਰਨਾਂ ਕਰਕੇ 14 ਦਸੰਬਰ 1972 ’ਚ ਫੌਜ ਦੀ ਨੌਕਰੀ ਛੱਡ ਦਿੱਤੀ ਸੀ। ਉਸ ਨੇ 13 ਮਾਰਚ 1975 ਵਿੱਚ ਸੈਂਟਰਲ ਗਰਾਉਂਡ ਵਾਟਰ ਬੋਰਡ ਚੰਡੀਗੜ੍ਹ ਵਿੱਚ ਨੌਕਰੀ ਕਰ ਲਈ। ਉਸ ਨੇ 1982 ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਤੋਂ ਪਿੰਡ ਸੈਂਪਲੀ ਸਾਹਿਬ ਵਿੱਚ ਅੰਮ੍ਰਿਤ ਛਕਿਆ ਅਤੇ ਉਹ ਪੂਰੀ ਤਰ੍ਹਾਂ ਗੁਰੂ ਨੂੰ ਸਮਰਪਿਤ ਹੋ ਗਿਆ। ਇਸ ਮਗਰੋਂ ਉਸ ਦੇ ਮਨ ਵਿੱਚ ਆਪਣੇ ਹੱਥਾਂ ਨਾਲ ਗੁਰੂ ਗ੍ਰੰਥ ਸਾਹਿਬ ਲਿਖਣ ਦਾ ਚਾਅ ਪੈਦਾ ਹੋਇਆ। ਉਸ ਨੇ 14 ਮਈ 2012 ਵਿੱਚ ਗੁਰੂ ਗ੍ਰੰਥ ਸਾਹਿਬ ਲਿਖਣ ਦਾ ਕੰਮ ਸ਼ੁਰੂ ਕੀਤਾ। ਪਹਿਲੇ ਪੜਾਅ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਪਹਿਲਾਂ ਉਸ ਨੇ ਕਾਨੇ ਦੀ ਕਲਮ ਬਣਾਈ ਪਰ ਇੱਕ ਲਾਈਨ ਲਿਖਣ ਤੋਂ ਉਹ ਟੁੱਟ ਗਈ। ਇਸ ਤੋਂ ਬਾਅਦ ਕਿੱਕਰ, ਬੇਰੀ, ਨਿੰਬੂ, ਬਾਂਸ, ਤੂੰਤ ਅਤੇ ਅਨਾਰ ਦੀ ਲੱਕੜ ਦੀ ਕਲਮ ਘੜੀ ਗਈ ਪ੍ਰੰਤੂ ਇਹ ਵੀ ਕਿਸੇ ਕੰਮ ਨਹੀਂ ਆਈਆਂ। ਉਸ ਨੇ ਬਾਲ ਪੈੱਨਾਂ ਦਾ ਵੀ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਲੇਕਿਨ ਗੱਲ ਨਹੀਂ ਬਣੀ। ਜਿਸ ਕਾਰਨ 346 ਅੰਗ ਦੁਬਾਰਾ ਲਿਖਣੇ ਪਏ। ਫਿਰ ਉਸ ਨੇ ਅਮਰੂਦ ਦੀ ਲੱਕੜ ਦੀ ਕਲਮ ਤਿਆਰ ਕੀਤੀ, ਜਿਸ ਨੇ ਆਖ਼ਰੀ ਦਮ ਤੱਕ ਉਸ ਦਾ ਸਾਥ ਦਿੱਤਾ। ਉਂਜ ਇਸ ਤੋਂ ਪਹਿਲਾਂ ਉਸ ਨੇ ਸਰਵਿਸ ਦੌਰਾਨ 2005 ਵਿੱਚ ਪੰਜ ਪੌੜੀਆਂ ਸ੍ਰੀ ਆਨੰਦ ਸਾਹਿਬ ਅਤੇ ਰਹਿਰਾਸ ਸਾਹਿਬ ਅਤੇ ਚੋਪਈ ਸਾਹਿਬ ਲਿਖਿਆ ਸੀ।
ਗਿਆਨੀ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਸੱਤ ਘੰਟੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਅਤੇ ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਲਿਖਦੇ ਸਨ। ਦੋ ਸਾਲਾਂ ਵਿੱਚ ਉਸ ਨੇ ਜਪੁਜੀ ਸਾਹਿਬ ਵਿਆਖਿਆ ਸਮੇਤ ਲਿਖਿਆ ਹੈ। ਉਸ ਨੇ ਹਰੇਕ ਪੰਨੇ ’ਤੇ ਦਰਜ ਬਾਣੀ ਦਾ ਇਨਡੈਸਕ (ਤਤਕਰਾ) ਵੀ ਤਿਆਰ ਕੀਤਾ ਹੈ। ਬਾਬਾ ਬੁੱਢਾ ਜੀ ਗੁਰਮਤਿ ਵਿਦਿਆਲਾ ਦੇ ਪ੍ਰਬੰਧਕ ਸੁਖਦੇਵ ਸਿੰਘ ਸਿੱਲ ਨੇ ਸਿੱਖ ਲੇਖਕ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਮਰਹੂਮ ਭਾਈ ਮੱਲ ਸਿੰਘ ਨਾਲ ਮਿਲਾਇਆ ਸੀ ਜਿਨ੍ਹਾਂ ਨੇ ਉਸ ਦੇ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਕਰਨ ਦਾ ਭਰੋਸਾ ਦਿੱਤਾ ਸੀ ਲੇਕਿਨ ਜਥੇਦਾਰ ਦੀ ਮੌਤ ਤੋਂ ਬਾਅਦ ਅੱਗੇ ਗੱਲ ਨਹੀਂ ਤੁਰੀ। ਹੁਣ ਐਸਜੀਪੀਸੀ ਦੇ ਸਾਬਕਾ ਮੈਂਬਰ ਭਜਨ ਸਿੰਘ ਸ਼ੇਰਗਿੱਲ ਪੈਰਵੀ ਕਰ ਰਹੇ ਹਨ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨਾਲ ਲੇਖਕ ਦੀ ਗੱਲ ਵੀ ਕਰਵਾਈ ਹੈ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…