ਰੇਹੜੀ-ਫੜੀ ਵਾਲਿਆਂ ਨੇ ਮੁਹਾਲੀ ਨਗਰ ਨਿਗਮ ਦਾ ਦਫ਼ਤਰ ਘੇਰਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ:
ਮੁਹਾਲੀ ਰੇਹੜੀ-ਫੜੀ ਐਸੋਸੀਏਸ਼ਨ ਵੱਲੋਂ ਇੰਦਰਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਅੱਜ ਸੈਂਕੜੇ ਰੇਹੜੀ-ਫੜੀ ਵਾਲਿਆਂ ਨੇ ਨਗਰ ਨਿਗਮ ਦਫ਼ਤਰ ਦੇ ਬਾਹਰ ਰੋਸ ਵਿਖਾਵਾ ਕਰਦਿਆਂ ਨਿਗਮ ਸਟਾਫ਼ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਇਸ ਮੌਕੇ ਇੰਦਰਜੀਤ ਸਿੰਘ, ਰਵੀ ਕੁਮਾਰ, ਵੇਦ ਪ੍ਰਕਾਸ਼ ਸ਼ਰਮਾ ਅਤੇ ਹੋਰਨਾਂ ਪੀੜਤ ਵਿਅਕਤੀਆਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੀ ਆਪ ਸਰਕਾਰ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਰੇਹੜੀ-ਫੜੀਆਂ ਤੋਂ ਰੁਜ਼ਗਾਰ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਵਿੱਚ ਰੇਹੜੀ-ਫੜੀ ਲਗਾ ਕੇ ਬੜੀ ਮੁਸ਼ਕਲ ਨਾਲ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਰਹੇ ਸੀ ਪੰ੍ਰਤੂ ਹੁਣ ਨਗਰ ਨਿਗਮ ਵੱਲੋਂ ਰੇਹੜੀ-ਫੜੀਆਂ ਲਗਾਉਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਜ਼ਬਤ ਕੀਤਾ ਜਾਂਦਾ ਸਾਮਾਨ ਵੀ ਪੂਰਾ ਨਹੀਂ ਮੋੜਿਆ ਜਾਂਦਾ।
ਇੰਦਰਜੀਤ ਭੁੱਲਰ ਨੇ ਕਿਹਾ ਕਿ ਰੇਹੜੀ-ਫੜੀ ਵਾਲੇ ਪਿਛਲੇ 40 ਦਿਨਾਂ ਤੋਂ ਡਾਢੇ ਪ੍ਰੇਸ਼ਾਨ ਹਨ ਹਾਲਾਂਕਿ ਨਗਰ ਨਿਗਮ ਨੇ ਖ਼ੁਦ ਤਿੰਨ ਕਿਸਮ ਦੇ ਪਾਸ ਬਣਾ ਕੇ ਰੇਹੜੀ-ਫੜੀ ਲਗਾਉਣ ਦੀ ਇਜਾਜ਼ਤ ਦਿੱਤੀ ਹੋਈ ਹੈ ਪ੍ਰੰਤੂ ਹੁਣ ਅਧਿਕਾਰੀ ਉਨ੍ਹਾਂ ਦੀ ਗੱਲ ਤੱਕ ਸੁਣਨ ਨੂੰ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਉਹ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲਣ ਆਏ ਹਨ ਪਰ ਕਮਿਸ਼ਨਰ ਦੀ ਗੈਮੌਜੂਦਗੀ ਵਿੱਚ ਹੋਰ ਕਿਸੇ ਅਧਿਕਾਰੀ ਉਨ੍ਹਾਂ ਦਾ ਪੱਖ ਸੁਣਨ ਨੂੰ ਤਿਆਰ ਨਹੀਂ ਹੋਇਆ। ਪੀੜਤਾਂ ਨੇ ਕਿਹਾ ਕਿ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਰੇਹੜੀ-ਫੜੀਆਂ ਲਗਾ ਰਹੇ ਹਨ। ਕੁੱਝ ਸਮਾਂ ਪਹਿਲਾਂ ਨਿਗਮ ਨੇ ਸਰਵੇ ਕਰਕੇ ਬਕਾਇਦਾ ਉਨ੍ਹਾਂ ਨੂੰ ਕਾਰਡ ਵੀ ਬਣਾ ਕੇ ਦਿੱਤੇ ਗਏ ਸਨ ਪ੍ਰੰਤੂ ਹੁਣ ਉਹੀ ਅਧਿਕਾਰੀ ਨੂੰ ਨਾਜਾਇਜ਼ ਰੇਹੜੀ-ਫੜੀ ਵਾਲੇ ਦੱਸ ਕੇ ਸਾਮਾਨ ਜ਼ਬਤ ਕਰਨ ’ਤੇ ਉਤਾਰੂ ਹੋ ਗਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਉਨ੍ਹਾਂ ਨਾਲ ਧੱਕੇਸ਼ਾਹੀ ਬੰਦ ਨਾ ਕੀਤੀ ਤਾਂ ਉਹ ਆਪਣੇ ਪਰਿਵਾਰਾਂ ਸਮੇਤ ਪਹਿਲਾਂ ਭੁੱਖ ਹੜਤਾਲ ’ਤੇ ਬੈਠਣਗੇ। ਲੋੜ ਪੈਣ ’ਤੇ ਮਰਨ ਵਰਤ ਸ਼ੁਰੂ ਕਤਾ ਜਾਵੇਗਾ।
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਤਹਿਤ ਸ਼ਹਿਰ ’ਚੋਂ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਮਾਰਕੀਟਾਂ ਦੇ ਦੁਕਾਨਦਾਰਾਂ ਸਮੇਤ ਆਮ ਲੋਕਾਂ ਨੇ ਵੀ ਨਗਰ ਨਿਗਮ ਕੋਲ ਸ਼ਿਕਾਇਤਾਂ ਕੀਤੀਆਂ ਸਨ ਕਿ ਮਾਰਕੀਟਾਂ ਵਿੱਚ ਰੇਹੜੀਆਂ-ਫੜੀਆਂ ਲੱਗਣ ਕਾਰਨ ਆਉਣ-ਜਾਣ ਵਿੱਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਨਗਰ ਨਿਗਮ ਨੂੰ ਰੇਹੜੀਆਂ-ਫੜੀਆਂ ਲਈ ਚਾਰ ਸਾਈਟਾਂ ਦਿੱਤੀਆਂ ਹਨ, ਜਿਨ੍ਹਾਂ ਦੇ ਨਕਸ਼ੇ ਅਤੇ ਐਸਟੀਮੇਟ ਤਿਆਰ ਕੀਤੇ ਜਾ ਰਹੇ ਹਨ। ਬੇਦੀ ਨੇ ਕਿਹਾ ਕਿ ਰੇਹੜੀ-ਫੜੀ ਵਾਲਿਆਂ ਦਾ ਮਾਮਲਾ ਹਮਦਰਦੀ ਨਾਲ ਵਿਚਾਰਿਆ ਜਾ ਰਿਹਾ ਹੈ ਅਤੇ ਜਲਦੀ ਹੀ ਲੋਕਹਿੱਤ ਵਿੱਚ ਕੋਈ ਠੋਸ ਫ਼ੈਸਲਾ ਲਿਆ ਜਾਵੇਗਾ।

Load More Related Articles

Check Also

ਨਕਲੀ ਡੀਏਪੀ ਖਾਦ ਦੀ ਕੀਮਤ ਕਿਸਾਨਾਂ ਦੇ ਖਾਤੇ ਵਿੱਚ ਪਾਈ ਜਾਵੇ: ਕਿਸਾਨ ਯੂਨੀਅਨ

ਨਕਲੀ ਡੀਏਪੀ ਖਾਦ ਦੀ ਕੀਮਤ ਕਿਸਾਨਾਂ ਦੇ ਖਾਤੇ ਵਿੱਚ ਪਾਈ ਜਾਵੇ: ਕਿਸਾਨ ਯੂਨੀਅਨ ਝੋਨੇ ਦੀਆਂ ਬੈਨ ਕੀਤੀਆਂ ਕਿ…