
ਪੰਜਾਬ ਦੇ ਵਿਕਾਸ ਲਈ ਇੰਜੀਨੀਅਰਾਂ ਦਾ ਰੋਲ ਅਹਿਮ: ਵਿੱਤ ਮੰਤਰੀ
ਲੋਕਾਂ ’ਤੇ ਨਵਾਂ ਬੋਝ ਪਾਏ ਬਿਨਾਂ ਮਾਲੀਆ ਵਧਾਉਣ ਲਈ ਅਪਣਾਈਆਂ ਨੀਤੀਆਂ ਦੇ ਚੰਗੇ ਨਤੀਜੇ ਸਾਹਮਣੇ ਆਏ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਕਿਸੇ ਵੀ ਸੂਬੇ ਦੇ ਵਿਕਾਸ ਲਈ ਉੱਥੋਂ ਦੇ ਇੰਜੀਨੀਅਰਾਂ ਦਾ ਅਹਿਮ ਰੋਲ ਹੁੰਦਾ ਹੈ ਅਤੇ ਪੰਜਾਬ ਸਰਕਾਰ ਆਪਣੇ ਇੰਜੀਨੀਅਰਾਂ ਦੇ ਹੱਕਾਂ ਲਈ ਹਰ ਸੰਭਵ ਯਤਨ ਕਰੇਗੀ। ਇਹ ਵਿਚਾਰ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਇੰਜੀਨੀਅਰ ਦਿਵਸ ਦੇ ਮੌਕੇ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰ ਦੇ ਬੈਨਰ ਹੇਠ ਵੱਖ-ਵੱਖ ਵਿਭਾਗਾਂ ਦੇ ਇੰਜੀਨੀਅਰਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਇੰਜੀਨੀਅਰਾਂ ਨੇ ਪੰਜਾਬੀ ਸੂਬਾ ਅਤੇ ਦੇਸ਼ ਦੇ ਵਿਕਾਸ ਵਿੱਚ ਵਡਮੱੁਲਾ ਯੋਗਦਾਨ ਪਾਇਆ ਹੈ।
ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਇੰਜੀਨੀਅਰਾਂ ਨੇ ਰਾਸ਼ਟਰ ਨਿਰਮਾਣ ਅਤੇ ਮਨੁੱਖਤਾ ਦੀ ਜੀਵਨ-ਸ਼ੈਲੀ ਵਿੱਚ ਸੁਧਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ, ‘‘ਨਵੀਆਂ ਚੁਨੌਤੀਆਂ ਅਤੇ ਵਧਦੀ ਆਬਾਦੀ ਦੀ ਸੇਵਾ ਲਈ ਸਰਕਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਇੰਜੀਨੀਅਰ ਆਪੋ-ਆਪਣੇ ਤਰੀਕੇ ਨਾਲ ਯੋਗਦਾਨ ਪਾਉਣ।’’ ਇੰਜੀਨੀਅਰਾਂ ਨੂੰ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਵਿੱਤ ਮੰਤਰੀ ਨੇ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਵੱਲੋਂ ਮੰਗ ਪੱਤਰ ਵਿੱਚ ਦਰਸਾਈਆਂ ਸਾਰੀਆਂ ਜਾਇਜ਼ ਮੰਗਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ’ਤੇ ਕੋਈ ਨਵਾਂ ਬੋਝ ਪਾਏ ਬਗੈਰ ਮਾਲੀਆ ਵਧਾਉਣ ਲਈ ਅਪਣਾਈਆਂ ਨਵੀਆਂ ਆਰਥਿਕ ਅਤੇ ਪ੍ਰਸ਼ਾਸਨਿਕ ਨੀਤੀਆਂ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ।
ਇਸ ਤੋਂ ਪਹਿਲਾਂ ਕੌਂਸਲ ਦੇ ਚੇਅਰਮੈਨ ਸੁਖਮਿੰਦਰ ਸਿੰਘ ਲਵਲੀ ਨੇ ਮੰਗ ਕੀਤੀ ਕਿ ਪੰਜਾਬ ਦੇ ਜੂਨੀਅਰ ਇੰਜੀਨੀਅਰਾਂ ਦਾ ਪਿਛਲੀ ਸਰਕਾਰ ਵੱਲੋਂ ਖੋਹਿਆ ਪੈਟਰੋਲ ਭੱਤਾ ਵਧਾ ਕੇ 80 ਲੀਟਰ ਕੀਤਾ ਜਾਵੇ।
ਜਨਰਲ ਸਕੱਤਰ ਦਵਿੰਦਰ ਸਿੰਘ ਸੇਖੋਂ ਅਤੇ ਨਰਿੰਦਰ ਕੁਮਾਰ ਨੇ ਇੰਜੀਨੀਅਰਾਂ ਵੱਲੋਂ ਸਰਕਾਰ ਨੂੰ ਭਰੋਸਾ ਦਿੱਤਾ ਕਿ ਜਲ ਸਪਲਾਈ, ਨਹਿਰਾਂ ਤੇ ਸੜਕਾਂ ਦੇ ਵਿਕਾਸ ਵਿੱਚ ਮੋਹਰੀ ਰੋਲ ਅਦਾ ਕਰਨਗੇ।

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਇੰਜੀਨੀਅਰਾਂ ਦੇ ਸੂਬਾਈ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਜਨਰਲ ਸਕੱਤਰ ਅਰਵਿੰਦ ਸੈਣੀ, ਸਿੰਚਾਈ ਵਿਭਾਗ ਦੇ ਪ੍ਰਧਾਨ ਦਸ਼ਰਥ ਜਾਖੜ ਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਬੀ ਐਂਡ ਆਰ ਦੇ ਪ੍ਰਧਾਨ ਵਿਵੇਕ ਵਸ਼ਿਸ਼ਟ ਤੇ ਭੁਪਿੰਦਰ ਸੋਮਲ ਨੇ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਸੀਨੀਅਰ ਪੱਤਰਕਾਰ ਹਮੀਰ ਸਿੰਘ ਅਤੇ ਪਾਣੀਆਂ ਦੇ ਵਿਸ਼ੇ ’ਤੇ ਮਾਹਰ ਪ੍ਰੋ. ਤੇਜਦੀਪ ਸਿੰਘ ਨੇ ਸਰੋਤਿਆਂ ਨਾਲ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਡੂੰਘੀ ਚਰਚਾ ਕੀਤੀ। ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਸਮੇਤ ਇੰਜ. ਕਮਰਜੀਤ ਸਿੰਘ ਮਾਨ, ਕੁਲਦੀਪ ਸਿੰਘ ਮੁਹਾਲੀ, ਬਿਜਲੀ ਬੋਰਡ ਇੰਜੀਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਤੇ ਸਕੱਤਰ ਪਰਮਜੀਤ ਸਿੰਘ ਖਟੜਾ, ਕਰਮਜੀਤ ਸਿੰਘ ਮਾਨਸਾ ਆਦਿ ਨੇ ਵੀ ਸੰਬੋਧਨ ਕੀਤਾ।