ਆਂਗਨਵਾੜੀ ਸੈਂਟਰਾਂ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਰੋਟਰੀ ਕਲੱਬ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੱਥ ਮਿਲਾਇਆ

ਸ਼ੁਰੂਆਤੀ ਪੜਾਅ ’ਤੇ ਡੀਸੀ ਆਸ਼ਿਕਾ ਜੈਨ ਨੂੰ ਆਂਗਨਵਾੜੀ ਸੈਂਟਰਾਂ ਲਈ ਵਿਸ਼ੇਸ਼ ਕਿੱਟਾਂ ਸੌਂਪੀਆਂ

ਨਬਜ਼-ਏ-ਪੰਜਾਬ, ਮੁਹਾਲੀ, 22 ਜਨਵਰੀ:
ਰੋਟਰੀ ਕਲੱਬ ਮੁਹਾਲੀ ਮਿਡਟਾਊਨ ਨੇ ਛੋਟੇ ਬੱਚਿਆਂ ਵਿੱਚ ਕੁਪੋਸ਼ਣ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਦੇ ਸ਼ਲਾਘਾਯੋਗ ਕੰਮ ਵਿੱਚ ਸਹਿਯੋਗ ਦੇਣ ਲਈ ਆਂਗਨਵਾੜੀ ਸੈਂਟਰਾਂ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੱਥ ਮਿਲਾਇਆ ਹੈ। ਜਿਸ ਦੀ ਸ਼ੁਰੂਆਤ ਵਜੋਂ ਕਲੱਬ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੂੰ ਜ਼ਰੂਰੀ ਵਸਤਾਂ ਦੀਆਂ 20 ਕਿੱਟਾਂ ਜਿਵੇਂ ਕਿ ਕੁਰਸੀਆਂ, ਭੋਜਨ ਪਰੋਸਣ ਵਾਲੀਆਂ ਪਲੇਟਾਂ, ਗਲਾਸ, ਪਾਣੀ ਦਾ ਡਿਸਪੈਂਸਰ ਅਤੇ ਖਾਣਾ ਪਕਾਉਣ ਲਈ ਵੱਡਾ ਪਤੀਲਾ ਦਾਨ ’ਚ ਦਿੱਤਾ। ਕਲੱਬ ਨੇ ਅਗਲੇ ਤਿੰਨ ਸਾਲਾਂ ਤੱਕ ਬਾਕੀ ਆਂਗਨਵਾੜੀ ਸੈਂਟਰਾਂ ਲਈ ਅਜਿਹੀਆਂ 500 ਹੋਰ ਕਿੱਟਾਂ ਮੁਹੱਈਆ ਕਰਵਾਉਣ ਲਈ ਵੀ ਵਚਨਬੱਧਤਾ ਪ੍ਰਗਟਾਈ।
ਇਸ ਮੌਕੇ ਡੀਸੀ ਆਸ਼ਿਕਾ ਜੈਨ ਨੇ ਰੋਟਰੀ ਕਲੱਬ ਮੁਹਾਲੀ ਮਿਡਟਾਊਨ ਜ਼ਿਲ੍ਹਾ-3080 ਦਾ ਧੰਨਵਾਦ ਕਰਦਿਆਂ ਕੋਵਿਡ ਅਤੇ ਹੜ੍ਹਾਂ ਵਰਗੇ ਅੌਖੇ ਸਮਿਆਂ ਤੋਂ ਲੈ ਕੇ ਪ੍ਰਸ਼ਾਸਨ ਨਾਲ ਕਲੱਬ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਸਾਂਝ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਹ ਬਚਪਨ ਤੋਂ ਹੀ ਪ੍ਰਤੀਯੋਗੀ ਅਤੇ ਚੈਰੀਟੇਬਲ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਐਨਜੀਓਜ਼ ਨਾਲ ਜੁੜੇ ਰਹੇ ਹਨ। ਉਹ ਰੋਟਰੀ ਕਲੱਬ ਨਾਲ ਜੁੜੇ ਮੈਂਬਰਾਂ ਦੀ ਇਮਾਨਦਾਰੀ, ਸੰਜੀਦਗੀ ਅਤੇ ਸਮਰਪਣ ਨੂੰ ਜਾਣਦੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਲੋਕ ਭਲਾਈ ਕੰਮਾਂ ਲਈ ਹਮੇਸ਼ਾ ਹੀ ਸਰਕਾਰਾਂ ਦਾ ਸਭ ਤੋਂ ਉੱਪਰਲਾ ਏਜੰਡਾ ਰਹਿੰਦਾ ਹੈ, ਉਸੇ ਤਰ੍ਹਾਂ ਅਜਿਹੀਆਂ ਸੰਸਥਾਵਾਂ ਵੀ ਸਮਾਜ ਦੀ ਬਿਹਤਰੀ ਲਈ ਨਿਰੰਤਰ ਕੰਮ ਕਰ ਰਹੀਆਂ ਹਨ।
ਡੀਸੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 0 ਤੋਂ 6 ਸਾਲ ਦੀ ਉਮਰ ਦੇ ਬੱਚੇ ਦੇ ਕੁਪੋਸ਼ਣ ਨੂੰ ਦੂਰ ਕਰਨ ਲਈ ਵਚਨਬੱਧ ਹੈ। ਕਿਉਂਕਿ ਕੋਮਲ ਉਮਰ ਨਾਜ਼ੁਕ ਹੁੰਦੀ ਹੈ ਅਤੇ ਪੂਰਕ ਭੋਜਨ ਪੋਸ਼ਣ ਦੀ ਲੋੜ ਹੁੰਦੀ ਹੈ, ਇਸ ਲਈ ਉਹ ਆਉਣ ਵਾਲੀ ਪੀੜ੍ਹੀ ਦੀ ਸਿਹਤ ਲਈ ਕਾਫ਼ੀ ਸੁਹਿਰਦ ਹਨ ਅਤੇ ਸਕੂਲਾਂ ਦੇ ਨਾਲ-ਨਾਲ ਆਂਗਨਵਾੜੀ ਸੈਂਟਰਾਂ ਵਿੱਚ ਘਰੇਲੂ ਰਸੋਈ ਬਗੀਚੀਆਂ ਸ਼ੁਰੂ ਕੀਤੀਆਂ ਹਨ, ਜਿੱਥੇ ਜਿੱਥੇ ਵੀ ਹਰੀਆਂ ਸਬਜ਼ੀਆਂ ਉਗਾਉਣ ਲਈ ਥਾਂ ਉਪਲਬਧ ਹੈ। ਅਨੀਮੀਆ ਅਤੇ ਹੋਰ ਕਮੀਆਂ ਨੂੰ ਦੂਰ ਕਰਨ ਲਈ ਪੂਰਕ ਪੋਸ਼ਣ, ਗੁੜ ਅਤੇ ਮਿਡ-ਡੇਅ-ਮੀਲ ਦਿੱਤਾ ਜਾ ਰਿਹਾ ਹੈ।
ਰੋਟਰੀ ਕਲੱਬ ਦੇ ਜ਼ਿਲ੍ਹਾ ਗਵਰਨਰ ਰਵੀ ਪ੍ਰਕਾਸ਼, ਪ੍ਰਧਾਨ ਅਮਰਜੀਤ ਸਿੰਘ, ਡਾਇਰੈਕਟਰ ਕਮਿਊਨਿਟੀ ਸਰਵਿਸ ਹਰਜੀਤ ਸਿੰਘ ਸਮੇਤ ਕਲੱਬ ਦੇ ਅਹੁਦੇਦਾਰਾਂ ਨੇ ਡੀਸੀ ਮੁਹਾਲੀ ਨੂੰ ਭਵਿੱਖ ਵਿੱਚ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਸਮਾਜ ਸੇਵੀ ਕੰਮਾਂ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਅਤੇ ਡੀਡੀਪੀਓ ਅਮਨਿੰਦਰ ਪਾਲ ਸਿੰਘ ਚੌਹਾਨ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

DGP Gaurav Yadav conducts ‘Night Domination’ across Punjab to inspect nakas, Police Stations

DGP Gaurav Yadav conducts ‘Night Domination’ across Punjab to inspect nakas, P…