ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਾਂ ਵਾਰਨ ਵਾਰੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ: ਬਦਨੌਰ

ਯੂਟੀ ਪੁਲੀਸ ਦੇ ਸ਼ਹੀਦ ਇੰਸਪੈਕਟਰ ਸੁੱਚਾ ਸਿੰਘ ਦੀ ਯਾਦ ਵਿੱਚ ਮੁੱਲਾਂਪੁਰ ਗਰੀਬਦਾਸ ਸਕੂਲ ਵਿੱਚ ਸ਼ਰਧਾਂਜਲੀ ਸਮਾਗਮ ਆਯੋਜਿਤ

ਸ਼ਹੀਦ ਸੁੱਚਾ ਸਿੰਘ ਯਾਦਗਾਰੀ ਸਾਲਾਨਾ ਸਕਾਲਰਸ਼ਿਪ ਤਹਿਤ ਹੋਣਹਾਰ ਵਿਦਿਆਰਥੀ ਨੂੰ 11 ਹਜ਼ਾਰ ਰੁਪਏ ਦਾ ਕੀਤਾ ਚੈੱਕ ਭੇਂਟ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਕਤੂਬਰ:
ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕਿਹਾ ਕਿ ਸ਼ਹੀਦ ਸਾਡੇ ਦੇਸ਼ ਤੇ ਕੌਮ ਦਾ ਸ਼ਰਮਾਇਆ ਹਨ। ਦੇਸ਼ ਅੰਦਰ ਅਮਨ ਤੇ ਕਾਨੂੰਨ ਦੀ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਪੁਲਿਸ ਦੇ ਜਵਾਨਾਂ ਅਤੇ ਅਧਿਕਾਰੀਆਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਐਮ.ਐਲ.ਪੁਰੀ ਸੀਨੀਅਰ ਸੈਕੰਡਰੀ ਸਕੂਲ ਮੁਲਾਪੁਰ ਗਰੀਬਦਾਸ ਵਿੱਚ ਪੰਜਾਬ ਪੁਲੀਸ ਦੇ ਸ਼ਹੀਦ ਸੱੁਚਾ ਸਿੰਘ ਦੀ ਯਾਦ ਵਿੱਚ ਚੰਡੀਗੜ੍ਹ ਪੁਲਿਸ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਖਾਤਰ ਆਪਣੀ ਜਾਨ ਦੇਣ ਵਾਲੇ ਜਵਾਨਾਂ ਦੀ ਕੁਰਬਾਨੀ ਨੂੰ ਕਦੇ ਵੀ ਜਾਇਆ ਨਹੀਂ ਜਾਣ ਦਿੱਤਾ ਜਾਵੇਗਾ।
ਚੰਡੀਗੜ੍ਹ ਪੁਲਿਸ ਵਿੱਚ ਬਤੌਰ ਇੰਸਪੈਕਟਰ ਸੇਵਾ ਨਿਭਾਉਂਦਿਆਂ ਸ਼ਹੀਦ ਹੋਏ ਸੁੱਚਾ ਸਿੰਘ ਦੀ ਫੋਟੋ ’ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਸ਼ਹੀਦ ਸੁੱਚਾ ਸਿੰਘ ਨੇ 8 ਜੂਨ 2013 ਦੀ ਰਾਤ ਨੂੰ ਜ਼ਿਲ੍ਹਾ ਅਦਾਲਤ ਬੱਸ ਸਟੈਂਡ ਸੈਕਟਰ 17 ਵਿਖੇ ਲੜਕਾ ਲੜਕੀ ਸ਼ੱਕੀ ਹਾਲਤ ਵਿੱਚ ਘੁਮਦਿਆਂ ਵੇਖਿਆ ਜਿਹੜੇ ਕਿ ਪੁੱਛਗਿੱਛ ਦੋਰਾਨ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ ਜਦੋ ਸੁੱਚਾ ਸਿੰਘ ਵੱਲੋ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲੈ ਜਾਇਆ ਜਾ ਰਿਹਾ ਸੀ ਤਾ ਅਵਾਰਾ ਲੜਕੇ ਵੱਲੋਂ ਉਸ ਦੀ ਪਿਠ ਉਤੇ ਕਈ ਵਾਰ ਕਰਕੇ ਉਸ ਨੂੰ ਗੰਭੀਰ ਵਿੱਚ ਜ਼ਖ਼ਮੀ ਕਰ ਦਿੱਤਾ ਸੀ ਅਤੇ ਸੁੱਚਾ ਸਿੰਘ ਪੀਜੀਆਈ ਵਿੱਚ ਜ਼ਖ਼ਮਾਂ ਦੀ ਤਾਪ ਨਾ ਝਲਦੇ ਹੋਏ ਪੀਜੀਆਈ ਵਿਖੇ ਸਹਾਦਤ ਦਾ ਜਾਂਮ ਪੀ ਗਿਆ ਸੀ। ਰਾਜਪਾਲ ਨੇ ਦੱਸਿਆ ਕਿ ਸੁੱਚਾ ਸਿੰਘ ਨੇ ਸ਼ਾਨਦਾਰ ਸੇਵਾਵਾਂ ਬਦਲੇ 29 ਪ੍ਰਸੰਸਾ ਪੱਤਰ ਅਤੇ ਇੱਕ ਵੱਧੀਆ ਪ੍ਰਸਾਸ਼ਨਿਕ ਸੇਵਾਵਾਂ ਲਈ ਐਡਮਨੀਸਟੇਟਰ ਪੁਲਿਸ ਮੈਡਲ ਵੀ ਹਾਸਲ ਕੀਤਾ। ਅਜਿਹੇ ਅਧਿਕਾਰੀ ਤੇ ਸਾਨੂੰ ਸਾਰਿਆਂ ਨੂੰ ਮਾਣ ਹੈ।
ਪਿੰਡ ਪੜਛ ਵਿਖੇ ਜਨਮੇ ਸੁੱਚਾ ਸਿੰਘ ਨੇ ਅਪਣੀ ਵਿਦਿਆ ਐਮ.ਐਲ.ਪੁਰੀ ਸੀਨੀਅਰ ਸੈਕੰਡਰੀ ਸਕੂਲ ਮੁਲਾਪੁਰ ਗਰੀਬਦਾਸ ਤੋਂ ਪ੍ਰਾਪਤ ਕੀਤੀ ਸੀ। ਰਾਜਪਾਲ ਪੰਜਾਬ ਨੇ ਇਸ ਮੌਕੇ ਸ਼ਹੀਦ ਸੁੱਚਾ ਸਿੰਘ ਦੀ ਸੁਪੱਤਨੀ ਰਣਜੀਤ ਕੌਰ ਅਤੇ ਚੰਡੀਗੜ੍ਹ ਪੁਲਿਸ ਵਿੱਚ ਸੇਵਾ ਨਿਭਾ ਰਹੇ ਉਸ ਦੇ ਪੁੱਤਰ ਏ.ਐਸ.ਆਈ ਪਰਮਿੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ।
ਇਸ ਤੋਂ ਪਹਿਲਾਂ ਡੀ.ਜੀ.ਪੀ. ਚੰਡੀਗੜ੍ਹ ਪੁਲਿਸ ਸ੍ਰੀ ਤਜਿੰਦਰ ਸਿੰਘ ਲੁਥਰਾ ਨੇ ਸ਼ਹੀਦ ਸੁੱਚਾ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਕਿਸੇ ਕੋਲ ਪੈਸਾ ਹੋਣਾ ਜਾਂ ਕਿਸੇ ਦਾ ਵੱਡੇ ਸ਼ਹਿਰ ਵਿੱਚ ਜਨਮ ਲੈਣਾ ਉਨ੍ਹੀ ਅਹਿਮੀਅਤ ਨਹੀਂ ਰੱਖਦਾ ਜਿੰਨੀ ਕਿ ਦੇਸ਼ ਅੰਦਰ ਅਮਨ ਕਾਨੂੰਨ ਤੇ ਸ਼ਾਂਤੀ ਬਣਾਈ ਰੱਖਣ ਲਈ ਸ਼ਹੀਦੀ ਪ੍ਰਾਪਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੂੰ ਉਨ੍ਹਾਂ ਦੇ ਗ੍ਰਹਿ ਖੇਤਰਾਂ ਵਿੱਚ ਜਾ ਕੇ ਉਨ੍ਹਾਂ ਨੂੰ ਸਨਮਾਨਿਤ ਕਰਨਾ ਚੰਡੀਗੜ੍ਹ ਪੁਲਿਸ ਦੀ ਇਕ ਅਨੋਖੀ ਪਹਿਲ ਹੈ ਜਿਸ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਿੱਤੇ ਵੀ ੰਚੰਡੀਗੜ੍ਹ ਪੁਲਿਸ ਦੇ ਜਵਾਨਾਂ ਨੇ ਦੇਸ਼ ਦੀ ਸੁਰੱਖਿਆ ਲਈ ਕੁਰਬਾਨੀਆਂ ਦਿੱਤੀਆਂ ਹਨ ਉਨ੍ਹਾਂ ਦੇ ਗ੍ਰਹਿ ਖੇਤਰਾਂ ਵਿੱਚ ਜਾ ਕੇ ਸਨਮਾਨਿਤ ਕੀਤਾ ਗਿਆ ਹੈ।
ਰਾਜਪਾਲ ਪੰਜਾਬ ਨੇ ਇਸ ਮੋਕੇ ਚੰਡੀਗੜ੍ਹ ਪੁਲਿਸ ਵੱਲੋਂ ਸ਼ਹੀਦ ਹੋਏ ਜਵਾਨਾਂ ਦੀਆਂ ਤਸਵੀਰਾਂ ਤੇ ਉਨ੍ਹਾਂ ਦੇ ਵੇਰਵਿਆਂ ਸਬੰਧੀ ਇਕ ਕਿਤਾਬ ਦੀ ਘੁੰਡ-ਚੁਕਾਈ ਵੀ ਕੀਤੀ ਗਈ। ਇਸ ਮੌਕੇ ਚੰਡੀਗੜ੍ਹ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਸ਼ਹੀਦ ਸੁੱਚਾ ਸਿੰਘ ਸਕਾਲਰਸ਼ਿਪ ਤਹਿਤ ਸਕੂਲ ਦੇ ਹੋਣਹਾਰ ਵਿਦਿਆਰਥਣ ਹਰੀਸ ਕੁਮਾਰ ਨੂੰ 11000 ਰੁਪਏ ਦਾ ਚੈੱਕ ਵੀ ਭੇਂਟ ਕੀਤਾ ਗਿਆ। ਇਸ ਸਕਾਲਰਸ਼ਿਪ ਤਹਿਤ ਹਰ ਸਾਲ ਸਕੂਲ ਦੀ ਦਸਵੀਂ ਜਮਾਤ ਵਿੱਚੋਂ ਪਹਿਲ ਦਰਜੇ ’ਤੇ ਰਹਿਣ ਵਾਲੇ ਵਿਦਿਆਰਥੀ ਨੂੰ ਨਗਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਇਆ ਕਰੇਗਾ। ਇਸ ਮੌਕੇ ਰਾਜਪਾਲ ਵੱਲੋਂ ਸਕੂਲ ਵਿੱਚ ਸ਼ਹੀਦ ਦੀ ਯਾਦ ਵਿੱਚ ਬਣਾਈ ਗਈ ਲਾਇਬੇ੍ਰਰੀ ਦਾ ਵੀ ਉਦਘਾਟਨ ਕੀਤਾ ਗਿਆ। ਇਸ ਤੋਂ ਪਹਿਲਾਂ ਰਾਜਪਾਲ ਨੂੰ ਡੀਐਸਪੀ ਖਰੜ ਸ੍ਰੀ ਦੀਪ ਕਮਲ ਦੀ ਅਗਵਾਈ ਵਿੱਚ ਜ਼ਿਲ੍ਹਾ ਪੁਲੀਸ ਟੁਕੜੀ ਵੱਲੋਂ ਗਾਰਡ ਆਫ਼ ਆਨਰ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਸ. ਜਗਮੋਹਨ ਸਿੰਘ ਕੰਗ, ਕਮਿਸ਼ਨਰ ਰੂਪਨਗਰ ਰੇਂਜ ਰੂਪਨਗਰ ਸ੍ਰੀ ਵੀ.ਕੇ.ਮੀਨਾ, ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਐਸ.ਡੀ.ਐਮ ਖਰੜ ਸ੍ਰੀਮਤੀ ਅਮਨਿੰਦਰ ਕੌਰ ਸਮੇਤ ਜਿਲਾ੍ਹ ਪ੍ਰਸ਼ਾਸਨ ਅਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

Load More Related Articles

Check Also

SIT Expands Probe in Bikram Majithia Drug Case After Suspicious Financial Transactions Surface-SIT Member Varun Sharma IPS

SIT Expands Probe in Bikram Majithia Drug Case After Suspicious Financial Transactions Sur…