ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਲੋਕ ਸਭਾ ਚੋਣਾਂ ਅਤੇ ਐਸਜੀਪੀਸੀ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਤਿਆਰ

ਕਿਸਾਨਾਂ ਦਾ ਕਰਜ਼ਾ ਮੁਆਫ਼ੀ ਦੇ ਨਾਂ ’ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕੈਪਟਨ ਸਰਕਾਰ: ਜਥੇਦਾਰ ਬ੍ਰਹਮਪੁਰਾ

ਸੂਬੇ ਦੀ ਤਰੱਕੀ ਲਈ ਕਾਂਗਰਸ, ਬਾਦਲ ਤੇ ਭਾਜਪਾ ਨੂੰ ਛੱਡ ਕੇ ਬਾਕੀ ਹਮਖ਼ਿਆਲੀ ਪਾਰਟੀਆਂ ਨਾਲ ਕੀਤਾ ਜਾਵੇਗਾ ਗੱਠਜੋੜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਉਨ੍ਹਾਂ ਦੀ ਪਾਰਟੀ ਆਗਾਮੀ ਲੋਕ ਸਭਾ ਚੋਣਾਂ ਅਤੇ ਐਸਜੀਪੀਸੀ ਦੀਆਂ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸਬੰਧੀ ਕਾਂਗਰਸ, ਬਾਦਲ ਦਲ ਤੇ ਭਾਜਪਾ ਨੂੰ ਛੱਡ ਕੇ ਬਾਕੀ ਸਾਰੀਆਂ ਹਮਖ਼ਿਆਲੀ ਪਾਰਟੀਆਂ ਨਾਲ ਸੂਬੇ ਦੀ ਤਰੱਕੀ ਲਈ ਸਿਆਸੀ ਗੱਠਜੋੜ ਕੀਤਾ ਜਾਵੇਗਾ। ਜਥੇਦਾਰ ਬ੍ਰਹਮਪੁਰਾ ਅੱਜ ਇੱਥੇ ਸ਼ੁਰੂ ਹੋਏ ਪਹਿਲੇ ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਦਾ ਉਦਘਾਟਨ ਕਰਨ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ 13 ਸੀਟਾਂ ’ਚੋਂ ਕਰੀਬ 6-7 ਸੀਟਾਂ ਲਈ ਉਮੀਦਵਾਰਾਂ ਦੀ ਚੋਣ ਕਰ ਲਈ ਗਈ ਹੈ ਅਤੇ ਸਮਾਂ ਆਉਣ ’ਤੇ ਘੋਸ਼ਣਾ ਕਰ ਦਿੱਤੀ ਜਾਵੇਗੀ।
ਅੱਜ ਇੱਥੇ ਚੋਣਵੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਦੀ ਖ਼ੁਸ਼ਹਾਲੀ ਤੇ ਤਰੱਕੀ ਲਈ ਉਨ੍ਹਾਂ ਦੀ ਪਾਰਟੀ ਦੀ ਹਮਖ਼ਿਆਲੀ ਸਿਆਸੀ ਧਿਰਾਂ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਲੁਧਿਆਣਾ ਤੋਂ ਬੈਂਸ ਭਰਾ, ਬਹੁਜਨ ਸਮਾਜ ਪਾਰਟੀ (ਬਸਪਾ), ਪੰਜਾਬੀ ਏਕਤਾ ਪਾਰਟੀ ਤੇ ਹੋਰਨਾਂ ਨਾਲ ਗੱਲ ਚਲ ਰਹੀ ਹੈ। ਉਂਜ ਤੀਜਾ ਫਰੰਟ ਕਾਇਮ ਕਰਨ ਲਈ ਹੁਣ ਆਮ ਆਦਮੀ ਪਾਰਟੀ (ਆਪ) ਨਾਲ ਸਮਝੌਤੇ ਦੀ ਕੋਈ ਸੰਭਾਵਨਾ ਨਹੀਂ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਨੂੰ ਬਾਦਲਾਂ ਦੇ ਕਬਜ਼ੇ ’ਚੋਂ ਆਜ਼ਾਦ ਕਰਵਾਉਣ ਲਈ ਟਕਸਾਲੀ ਦਲ ਵੱਲੋਂ ਹਮਖ਼ਿਆਲੀ ਪਾਰਟੀਆਂ ਨਾਲ ਮਿਲ ਕੇ ਐਸਜੀਪੀਸੀ ਚੋਣਾਂ ਲੜੀਆਂ ਜਾਣਗੀਆਂ ਅਤੇ ਪੂਰਨ ਗੁਰਸਿੱਖ ਉਮੀਦਵਾਰ ਮੈਦਾਨ ’ਚ ਉਤਾਰੇ ਜਾਣਗੇ।
ਜਥੇਦਾਰ ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਚੋਣਾਂ ਵਿੱਚ ਕੀਤੇ ਵਾਅਦਿਆਂ ਤੋਂ ਕੈਪਟਨ ਸਰਕਾਰ ਨੇ ਹੁਣ ਮੂੰਹ ਫੇਰ ਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਅਤੇ ਘਰ ਘਰ ਰੁਜ਼ਗਾਰ ਦੇਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕਰਕੇ ਸੱਤਾ ਹਾਸਲ ਕੀਤੀ ਹੈ ਲੇਕਿਨ ਪਿਛਲੇ ਦੋ ਸਾਲਾਂ ਵਿੱਚ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਕਰਜ਼ਾ ਮੁਆਫ਼ੀ ਦੇ ਨਾਂ ’ਤੇ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਪਹਿਲਾਂ ਤੋਂ ਨੌਕਰੀਆਂ ’ਤੇ ਲੱਗੇ ਨੌਜਵਾਨਾਂ ਤੋਂ ਰੁਜ਼ਗਾਰ ਖੋਹਿਆ ਜਾ ਰਿਹਾ ਹੈ।
ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਦੇ ਮੁੱਦੇ ’ਤੇ ਬੋਲਦਿਆਂ ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਸਿੱਖਾਂ ਨੂੰ ਕੈਪਟਨ ਤੋਂ ਇਨਸਾਫ਼ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਕਿਉਂਕਿ ਬਾਦਲ ਅਤੇ ਕੈਪਟਨ ਆਪਸ ਵਿੱਚ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਦੇ ਮੁੱਖ ਮੰਤਰੀ ਹੁੰਦਿਆਂ ਬੇਅਦਬੀ ਅਤੇ ਗੋਲੀਕਾਂਡ ਲਈ ਜ਼ਿੰਮੇਵਾਰ ਰਾਜਸੀ ਆਗੂਆਂ ਅਤੇ ਅਫ਼ਸਰਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਨਹੀਂ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਪਿਛਲੇ 10 ਸਾਲਾਂ ਵਿੱਚ ਅਣਜਾਣੇ ਵਿੱਚ ਨਹੀਂ ਸਗੋਂ ਜਾਣਬੁੱਝ ਕੇ ਬਜਰ ਗੁਨਾਹ ਕੀਤੇ ਹਨ। ਜਿਸ ਦੀ ਸਜ਼ਾ ਰਾਜ ਦੇ ਲੋਕਾਂ ਨੇ ਬਾਦਲਾਂ ਨੂੰ ਸੱਤਾ ਤੋਂ ਲਾਂਭੇ ਕਰ ਦਿੱਤੀ ਹੈ ਅਤੇ ਹਾਲੇ ਵੀ ਲੋਕਾਂ ਦੇ ਮਨਾਂ ’ਚੋਂ ਗੁੱਸਾ ਖ਼ਤਮ ਨਹੀਂ ਹੋਇਆ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੀ ਤਰੱਕੀ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ।
ਇਸ ਮੌਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਜਸਬੀਰ ਸਿੰਘ ਮੁਹਾਲੀ, ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਐਸਪੀ ਸਿੰਘ ਓਬਰਾਏ, ਅਕਾਲੀ ਕੌਂਸਲਰ ਕਮਲਜੀਤ ਸਿੰਘ ਰੂਬੀ, ਕਰਮਜੀਤ ਸਿੰਘ ਬੱਗਾ ਤੇ ਦਿਲਬਾਗ ਸਿੰਘ ਬਾਗੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…