ਮੁਹਾਲੀ ਵਿੱਚ ਸਰਵਹਿੱਤਕਾਰੀ ਸੁਸਾਇਟੀ ਦਾ ਦੂਜਾ ਗੁਲਦਾਉਦੀ ਮੇਲਾ ਧੂਮ-ਧੜੱਕੇ ਨਾਲ ਸ਼ੁਰੂ

ਗੁਲਦਾਉਦੀ ਫੁੱਲਾਂ ਦੀਆਂ 150 ਕਿਸਮਾਂ ਨਾਲ ਮਹਿਕਿਆ ਮੁਹਾਲੀ

ਵਿਦਿਆਰਥੀਆਂ ਦੇ ਚਿੱਤਰਕਾਰੀ ਮੁਕਾਬਲੇ ਤੇ ਵਾਤਾਵਰਨ ਬਾਰੇ ਵਿਚਾਰ-ਚਰਚਾ ਅੱਜ

ਨਬਜ਼-ਏ-ਪੰਜਾਬ, ਮੁਹਾਲੀ, 6 ਦਸੰਬਰ:
ਇੱਥੋਂ ਦੇ ਜਤੇਂਦਰਵੀਰ ਸਰਵਹਿੱਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਵਿਖੇ ਦੂਜਾ ਗੁਲਦਾਉਦੀ ਮੇਲਾ ਬੁੱਧਵਾਰ ਨੂੰ ਸ਼ੁਰੂ ਹੋਇਆ। ਜਿਸ ਵਿੱਚ ਗੁਲਦਾਉਦੀ ਫੁੱਲਾਂ ਦੀਆਂ 150 ਕਿਸਮਾਂ ਦੀ ਨੁਮਾਇਸ਼ ਕੀਤੀ ਗਈ। ਜਿਸ ਦਾ ਟਰਾਈਸਿਟੀ ਦੇ ਵਸਨੀਕਾਂ, ਵਾਤਾਵਰਨ ਪ੍ਰੇਮੀਆਂ ਅਤੇ ਵਿਦਿਆਰਥੀਆਂ ਨੇ ਆਨੰਦ ਮਾਣਿਆਂ। ਉਦਘਾਟਨ ਵਿੱਦਿਆ ਭਾਰਤੀ ਉੱਤਰ ਖੇਤਰ ਦੇ ਜਨਰਲ ਸਕੱਤਰ ਦੇਸ ਰਾਜ ਸ਼ਰਮਾ ਨੇ ਕੀਤਾ ਅਤੇ ਕੁਦਰਤ ਦੇ ਸੁਹੱਪਣ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਵਿਜੈ ਆਨੰਦ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਤਿਲਕ ਲਗਾਇਆ ਗਿਆ। ਵੀਰਵਾਰ ਨੂੰ ਦੂਜੇ ਦਿਨ ਵੱਖ-ਵੱਖ 25 ਸਰਵਹਿੱਤਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਚਿੱਤਰਕਾਰੀ ਮੁਕਾਬਲੇ ਕਰਵਾਏ ਜਾਣਗੇ। ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਦੇਸ ਰਾਜ ਸ਼ਰਮਾ ਨੇ ਕਿਹਾ ਕਿ ਫੁੱਲਾਂ ਨੂੰ ਪਿਆਰ ਕਰਨ ਵਾਲੇ ਲੋਕ ਕੋਮਲਚਿੱਤ ਤੇ ਕੁਦਰਤ ਦੇ ਬਹੁਤ ਨੇੜੇ ਹੁੰਦੇ ਹਨ। ਸਰਵਹਿੱਤਕਾਰੀ ਸੁਸਾਇਟੀ ਦਾ ਹਰੇਕ ਮੈਂਬਰ ਵਾਤਾਵਰਨ ਅਤੇ ਪਾਣੀ ਦੀ ਬੱਚਤ ਲਈ ਪਹਿਲੇ ਦਿਨ ਤੋਂ ਤਤਪਰ ਹੈ। ਉਨ੍ਹਾਂ ਦੱਸਿਆ ਕਿ ਗੁਲਦਾਉਦੀ ਫੁੱਲਾਂ ਲਈ 2 ਹਜ਼ਾਰ ਗਮਲੇ ਤਿਆਰ ਕੀਤੇ ਗਏ ਹਨ। ਸਰਵਹਿੱਤਕਾਰੀ ਸਿੱਖਿਆ ਸਮਿਤੀ ਵੱਲੋਂ ਮਈ ਮਹੀਨੇ ਤੋਂ ਪੌਦਿਆਂ ਦੀ ਕਾਸ਼ਤ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਇਸ ਕੰਮ ਲਈ ਸੰਸਥਾ ਨੇ ਸਖ਼ਤ ਮਿਹਨਤ ਕਰਕੇ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ ਹੈ। ਹਾਲਾਂਕਿ ਕਰੀਬ ਇੱਕ ਹਜ਼ਾਰ ਫੁੱਲਾਂ ਨੂੰ ਮਹਾਮਾਰੀ ਨੇ ਨੁਕਸਾਨ ਪਹੁੰਚਾਇਆ ਹੈ ਪ੍ਰੰਤੂ ਵਾਤਾਵਰਨ ਪ੍ਰੇਮੀ ਤੇ ਵਿੱਦਿਆ ਭਾਰਤੀ ਦੇ ਖੇਤਰੀ ਕੋਆਰਡੀਨੇਟਰ ਓਮ ਪ੍ਰਕਾਸ਼ ਮਨੌਲੀ ਨੇ ਹਾਰ ਨਹੀਂ ਮੰਨੀ। ਜਿਸ ਦਾ ਨਤੀਜਾ ਅੱਜ ਸਾਰਿਆਂ ਦੇ ਸਾਹਮਣੇ ਹੈ।
ਵਾਤਾਵਰਨ ਪ੍ਰੇਮੀ ਬਾਲ ਕ੍ਰਿਸ਼ਨ ਨੇ ਵਾਤਵਰਨ ਦੀ ਸੰਭਾਲ ਲਈ ਤਿੰਨ ਨੁਕਤੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਜਨਮ ਦਿਨ ’ਤੇ ਫਜ਼ੂਲ ਖ਼ਰਚੀ ਕਰਨ ਦੀ ਥਾਂ ਆਪਣੇ ਘਰਾਂ ਅਤੇ ਖਾਲੀ ਥਾਵਾਂ ’ਤੇ ਹਰਬਲ ਅਤੇ ਹੋਰ ਕਿਸਮਾਂ ਦੇ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸਹੀ ਤਰੀਕੇ ਨਾਲ ਸੰਭਾਲ ਯਕੀਨੀ ਬਣਾਈ ਜਾਵੇ। ਮਹਿੰਗੇ ਤੋਹਫ਼ਿਆਂ ਦੀ ਥਾਂ ਮਹਿਮਾਨਾਂ ਨੂੰ ਵੀ ਪੌਦੇ ਦਿੱਤੇ ਜਾਣ।

ਸਰਵਹਿੱਤਕਾਰੀ ਸਿੱਖਿਆ ਸਮਿਤੀ ਪੰਜਾਬ ਦੇ ਜਨਰਲ ਸਕੱਤਰ ਨਵਦੀਪ ਸ਼ੇਖਰ ਨੇ ਵੀ ਓਮ ਪ੍ਰਕਾਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਨੇੜ ਭਵਿੱਖ ਵਿੱਚ ਅਜਿਹੇ ਵੱਡੇ ਪ੍ਰੋਗਰਾਮ ਉਲੀਕੇਗੀ, ਜਿਸ ਦਾ ਪੂਰੇ ਉਤਰ ਭਾਰਤ ਦੇ ਲੋਕਾਂ ਨੂੰ ਵੱਡਾ ਲਾਭ ਹੋਵੇਗਾ। ਇਸ ਦੌਰਾਨ ਡੀਐੱਮ ਐਸੋਸੀਏਟ ਕੰਪਨੀ ਦੇ ਪ੍ਰਧਾਨ ਐੱਮਐੱਲ ਗਰਗ ਅਤੇ ਡਾ. ਹਰਸ਼ ਮਿੱਤਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਅਧਿਆਪਕ ਤੇ ਗਾਇਕ ਕ੍ਰਿਸ਼ਨ ਰਾਹੀ ਨੇ ਇਕ ਗੀਤ ਪੇਸ਼ ਕਰਕੇ ਸਰੋਤਿਆਂ ਦਾ ਮਨੋਰੰਜਨ ਕੀਤਾ।

ਓਮ ਪ੍ਰਕਾਸ਼ ਮਨੌਲੀ ਨੇ ਦੱਸਿਆ ਕਿ ਪਿਛਲੇ ਸਾਲ ਕਰਵਾਏ ਗੁਲਦਾਉਦੀ ਸ਼ੋਅ ਸਫਲ ਰਹਿਣ ’ਤੇ ਇਸ ਵਾਰ ਤਿੰਨ ਗੁਣਾ ਵੱਧ ਗਮਲਿਆਂ ਤੋਂ ਇਲਾਵਾ ਫੁੱਲਾਂ ਦੀਆਂ 20 ਤੋਂ ਵੱਧ ਕਿਸਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਫੁੱਲਾਂ ਦੇ ਮੇਲੇ ਦੌਰਾਨ ਸਰਵਹਿੱਤਕਾਰੀ ਸਕੂਲ ਦੇ ਵੱਡ ਆਕਾਰੀ ਹਰਬਲ ਗਾਰਡਨ, ਹਰਬਲ ਪਲਾਂਟਸ ਨਰਸਰੀ, ਮੈਡੀਸਨਲ ਪਲਾਂਟਸ ਸੀਡਜ਼ ਹਰਬੇਰੀਅਮ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਮੈਡੀਸਨਲ ਪਲਾਂਟ ਦੀ ਖੇਤੀ ਦੀ ਮਾਰਕਿਟਿੰਗ ਇਸ ਲਈ ਨਹੀਂ ਹੋ ਰਹੀ ਕਿਉਂਕਿ ਇੱਥੇ ਵੱਡੇ ਉਦਯੋਗ ਨਹੀਂ ਹਨ। ਉਨ੍ਹਾਂ ਦੱਸਿਆ ਕਿ ਗੁਲਦਾਉਦੀ ਸ਼ੋਅ ਕਰਵਾਉਣ ਪਿੱਛੇ ਵੱਡਾ ਕਾਰਨ ਨੌਜਵਾਨ ਪੀੜ੍ਹੀ ਨੂੰ ਕੁਦਰਤ ਨਾਲ ਜੋੜਨਾ ਹੈ।

Load More Related Articles
Load More By Nabaz-e-Punjab
Load More In General News

Check Also

India Needs Next Generation Leaders: Jagdeep Dhankhar

India Needs Next Generation Leaders: Jagdeep Dhankhar Nabaz-e-Punjab, Mohali, October 18: …