ਸੁਰੱਖਿਆ ਗਾਰਡ ਨੇ ਆਪਣੀ ਤੇ ਪਤਨੀ ਦੀ ਸੁਰੱਖਿਆ ਲਈ ਐਸਐਸਪੀ ਦਾ ਬੂਹਾ ਖੜਕਾਇਆ

ਥਾਣਾ ਫੇਜ਼-8 ਵਿੱਚ ਗਾਰਡ ਦੀ ਪਤਨੀ ਦੀ ਗੁੰਮਸ਼ੁਦਗੀ ਬਾਰੇ ਡੀਡੀਆਰ ਦਰਜ, ਭਾਲ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਵਿੱਚ ਰਹਿੰਦੇ ਸੁਰੱਖਿਆ ਗਾਰਡ ਅਮਰਪਾਲ ਸਿੰਘ ਦੀ ਨਵ-ਵਿਆਹੁਤਾ ਭੇਤਭਰੀ ਹਾਲਤ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਨੌਜਵਾਨ ਦੀ ਸ਼ਿਕਾਇਤ ’ਤੇ ਸੈਂਟਰਲ ਥਾਣਾ ਫੇਜ਼-8 ਵਿੱਚ ਮੁਟਿਆਰ ਦੇ ਲਾਪਤਾ ਹੋਣ ਸਬੰਧੀ ਗੁੰਮਸ਼ੁਦਗੀ ਰਿਪੋਰਟ ਦਰਜ ਕੀਤੀ ਗਈ ਹੈ। ਅਮਰਪਾਲ ਨੇ ਅੱਜ ਮੁਹਾਲੀ ਦੇ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਮਾਨਸਾ ਦੀ ਸਿਮਰਨ ਨਾਲ ਬੀਤੀ 14 ਮਾਰਚ ਨੂੰ ਅਦਾਲਤ ਵਿੱਚ ਪ੍ਰੇਮ ਪਿਆਰ ਕਰਵਾਇਆ ਸੀ। ਨੌਜਵਾਨ ਨੇ ਆਪਣੀ ਸ਼ਿਕਾਇਤ ਨਾਲ ਪ੍ਰੇਮ ਵਿਆਹ ਸਬੰਧੀ ਅਦਾਲਤ ਵੱਲੋਂ ਜਾਰੀ ਸਰਟੀਫਿਕੇਟ ਵੀ ਨੱਥੀ ਕੀਤਾ ਹੈ।
ਅਮਰਪਾਲ ਨੇ ਦੱਸਿਆ ਕਿ ਲੜਕੀ ਵਾਲੇ ਉਨ੍ਹਾਂ ਦੇ ਪ੍ਰੇਮ ਪਿਆਰ ਤੋਂ ਖ਼ੁਸ਼ ਨਹੀਂ ਸਨ। ਜਿਸ ਕਾਰਨ ਉਹ ਡਰਦੇ ਮਾਰੇ ਮੁਹਾਲੀ ਆ ਕੇ ਰਹਿਣ ਲੱਗ ਗਏ। ਇੱਥੇ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਮਿਲ ਗਈ ਜਦੋਂਕਿ ਉਸ ਦੀ ਪਤਨੀ ਵੀ ਇੱਕ ਨਾਮੀ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ’ਤੇ ਲੱਗ ਗਈ। ਪੀੜਤ ਨੌਜਵਾਨ ਨੇ ਦੱਸਿਆ ਕਿ ਹਫ਼ਤਾ ਕੁ ਪਹਿਲਾਂ ਪਤਨੀ ਨੇ ਉਸ ਦੇ ਧਿਆਨ ਵਿੱਚ ਲਿਆਂਦਾ ਕਿ ਇੰਜ ਜਾਪਦਾ ਹੈ ਕਿ ਜਿਵੇਂ ਕੋਈ ਉਸ ਦਾ ਪਿੱਛਾ ਕਰਦਾ ਹੋਵੇ। ਹਾਲਾਂਕਿ ਉਸ (ਅਮਰਪਾਲ) ਨੇ ਆਪਣੀ ਪਤਨੀ ਨੂੰ ਨੌਕਰੀ ਛੱਡਣ ਦਾ ਸੁਝਾਅ ਦਿੱਤਾ ਸੀ। ਉਂਜ ਵੀ ਉਹ ਗਰਭਵਤੀ ਸੀ। ਉਹ ਉਸ ਤੋਂ ਕੋਈ ਕੰਮ ਨਹੀਂ ਕਰਵਾਉਣਾ ਚਾਹੁੰਦਾ ਸੀ।
ਪੀੜਤ ਨੌਜਵਾਨ ਨੇ ਦੱਸਿਆ ਕਿ ਬੀਤੀ 9 ਜੂਨ ਨੂੰ ਉਸ ਦੀ ਪਤਨੀ ਰੋਜ਼ਾਨਾ ਵਾਂਗ ਡਿਊਟੀ ’ਤੇ ਜਾਣ ਲਈ ਘਰੋਂ ਨਿਕਲੀ ਸੀ ਪਰ ਵਾਪਸ ਨਹੀਂ ਪਰਤੀ। ਜਦੋਂ ਦਫ਼ਤਰ ਜਾ ਕੇ ਪਤਾ ਕੀਤਾ ਉਸ ਨੂੰ ਦੱਸਿਆ ਗਿਆ ਕਿ ਸਿਮਰਨ ਅੱਜ ਡਿਊਟੀ ’ਤੇ ਆਈ ਹੀ ਨਹੀਂ। ਇਹ ਗੱਲ ਸੁਣ ਕੇ ਉਹ ਬਹੁਤ ਘਬਰਾ ਗਿਆ ਅਤੇ ਥਾਣੇ ਸ਼ਿਕਾਇਤ ਦਿੱਤੀ ਗਈ। ਨੌਜਵਾਨ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਉਸ ਦੇ ਸਹੁਰਾ ਪਰਿਵਾਰ ਵਾਲੇ ਆਪਣੀ ਲੜਕੀ ਨੂੰ ਜ਼ਬਰਦਸਤੀ ਇੱਥੋਂ ਲੈ ਗਏ ਹਨ। ਜਿੱਥੇ ਉਸ ਦੀ ਪਤਨੀ ਅਤੇ ਗਰਭ ਵਿੱਚ ਪਲ ਰਹੇ ਬੱਚੇ ਦੀ ਜਾਨ ਨੂੰ ਖ਼ਤਰਾ ਹੈ। ਕਿਉਂਕਿ ਸਹੁਰਾ ਪਰਿਵਾਰ ਜ਼ਬਰਦਸਤੀ ਜਾਂ ਧੋਖੇ ਨਾਲ ਗਰਭਪਾਤ ਕਰਵਾ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਉਸ ਦੀ ਅਤੇ ਪਤਨੀ ਅਤੇ ਗਰਭ ਵਿੱਚ ਪਲ ਰਹੇ ਬੱਚੇ ਦੀ ਜਾਨ ਦੀ ਰੱਖਿਆ ਕੀਤੀ ਜਾਵੇ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮੁਹਾਲੀ ਦੇ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਾਜੇਸ਼ ਅਰੋੜਾ ਨੇ ਦੱਸਿਆ ਕਿ ਨੌਜਵਾਨ ਦੀ ਸ਼ਿਕਾਇਤ ’ਤੇ ਲੜਕੀ ਦੀ ਗੁੰਮਸ਼ੁਦਗੀ ਬਾਰੇ ਡੀਡੀਆਰ ਦਰਜ ਕੀਤੀ ਗਈ ਹੈ ਅਤੇ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲਾਪਤਾ ਲੜਕੀ ਦੇ ਘਰਦਿਆਂ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਜਲਦੀ ਹੀ ਉਸ ਨੂੰ ਬਰਾਮਦ ਕਰਕੇ ਅਦਾਲਤ ਵਿੱਚ ਬਿਆਨ ਕਰਵਾਏ ਜਾਣਗੇ। ਇਸ ਮਗਰੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…