ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ
ਨਬਜ਼-ਏ-ਪੰਜਾਬ, ਮੁਹਾਲੀ, 2 ਜਨਵਰੀ:
ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੇ ਅਧੀਨ ਪਿਛਲੇ ਦੋ ਦਹਾਕਿਆਂ ਤੋਂ ਸਰਕਾਰੀ ਸਕੂਲਾਂ ਵਿੱਚ ਦਿਵਿਆਂਗ ਬੱਚਿਆਂ ਨੂੰ ਪੜਾ ਰਹੇ ਵਿਸ਼ੇਸ਼ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਨਾ ਕਰਨ ਵਿਰੁੱਧ ਲਗਾਤਾਰ ਰੋਹ ਭਖਦਾ ਜਾ ਰਿਹਾ ਹੈ। ਵਿਸ਼ੇਸ਼ ਅਧਿਆਪਕ ਯੂਨੀਅਨ ਦੇ ਬੈਨਰ ਹੇਠ ਪੀੜਤ ਅਧਿਆਪਕ ਹੱਡ ਚੀਰਵੀਂ ਠੰਢ ਵਿੱਚ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਮੁਹਾਲੀ ਸਥਿਤ ਡੀਜੀਐਸਈ ਦਫ਼ਤਰ ਦੇ ਬਾਹਰ ਪਿਛਲੇ 59 ਦਿਨਾਂ ਤੋਂ ਲੜੀਵਾਰ ਧਰਨੇ ’ਤੇ ਬੈਠੇ ਹਨ ਪ੍ਰੰਤੂ ਹੁਕਮਰਾਨ ਅਤੇ ਅਫ਼ਸਰਸ਼ਾਹੀ ਉਨ੍ਹਾਂ ਦੀ ਗੱਲ ਤੱਕ ਸੁਣਨ ਨੂੰ ਤਿਆਰ ਨਹੀਂ ਹੈ।
ਇਸ ਮੌਕੇ ਸੂਬਾ ਪ੍ਰਧਾਨ ਰਮੇਸ਼ ਸਹਾਰਨ, ਨਰਿੰਦਰ ਕੁਮਾਰ, ਰੋਹਿਤ ਕੁਮਾਰ, ਗੁਰਮੀਤ ਸਿੰਘ ਮਾਂਗਟ, ਸੋਨਿਕਾ ਦੱਤਾ, ਅਨੂ, ਨੀਰਜ ਕਟੋਚ, ਅਸ਼ੋਕ ਕੁਮਾਰ, ਰਮਨਦੀਪ ਸਿੰਘ ਅਤੇ ਅਮਨ ਕੁਮਾਰ ਨੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਸੇਵਾਵਾਂ ਤੁਰੰਤ ਰੈਗੂਲਰ ਕੀਤੀਆਂ ਜਾਣ। ਬੁਲਾਰਿਆਂ ਨੇ ਕਿਹਾ ਕਿ ਸਾਲ 2005 ਵਿੱਚ ਉਨ੍ਹਾਂ ਦੀ ਭਰਤੀ ਨਿਯਮਾਂ ਤਹਿਤ ਕੀਤੀ ਗਈ ਸੀ ਅਤੇ ਉਹ ਸੇਵਾ ਭਾਵਨਾ ਨਾਲ ਸਰਕਾਰੀ ਸਕੂਲਾਂ ਵਿੱਚ ਦਿਵਿਆਂਗ ਬੱਚਿਆਂ ਨੂੰ ਪੜ੍ਹਾ ਰਹੇ ਹਨ ਪ੍ਰੰਤੂ 19 ਸਾਲ ਬੀਤ ਜਾਣ ਦੇ ਬਾਵਜੂਦ ਕਿਸੇ ਸਰਕਾਰ ਨੇ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ। ਸੂਬਾ ਪ੍ਰਧਾਨ ਰਮੇਸ਼ ਮਹਾਜਨ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਇਨਸਾਫ਼ ਮਿਲਣ ਦੀ ਆਸ ਬੱਝੀ ਸੀ ਪ੍ਰੰਤੂ ‘ਆਪ’ ਸਰਕਾਰ ਨੇ ਵੀ ਢਾਈ ਸਾਲ ਝੂਠੇ ਲਾਰੇ ਲਗਾ ਕੇ ਹੀ ਲੰਘਾ ਦਿੱਤੇ ਹਨ। ਵਿਸ਼ੇਸ਼ ਅਧਿਆਪਕਾਂ ਨੂੰ ਨਿਗੂਣੀਆਂ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਕਾਰਨ ਕੜਾਕੇ ਦੀ ਠੰਢ ਵਿੱਚ ਉਨ੍ਹਾਂ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪਿਆ ਹੈ।
ਉਨ੍ਹਾਂ ਦੱਸਿਆ ਕਿ ਸਾਲ 2015-16 ਵਿੱਚ ਹਾਈ ਕੋਰਟ ਦੇ 2017 ਤੋਂ 2019 ਤੱਕ ਦਾ ਬਣਦਾ ਬਕਾਇਆ 79587 ਪ੍ਰਤੀ ਅਧਿਆਪਕ ਦੇਣ ਦਾ ਫ਼ੈਸਲਾ ਦਿੱਤਾ ਸੀ ਪ੍ਰੰਤੂ ਅਜੇ ਤੀਕ ਪੈਸਾ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਮੱਗਰਾ ਸਿੱਖਿਆ ਅਭਿਆਨ ਦੇ ਕਰਮਚਾਰੀਆਂ ਨੂੰ 3 ਫੀਸਦੀ ਸਾਲਾਨਾ ਵਾਧਾ ਦਿੱਤਾ ਗਿਆ ਸੀ ਪਰ ਵਿਸ਼ੇਸ਼ ਅਧਿਆਪਕਾਂ ’ਤੇ ਇਹ ਫ਼ੈਸਲਾ ਵੀ ਲਾਗੂ ਨਹੀਂ ਕੀਤਾ ਗਿਆ। ਪੰਜਾਬ ਦੇ ਸਮੁੱਚੇ ਆਈਈਆਰਟੀ ਅਤੇ ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਅਧਿਆਪਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ।