ਬਲੌਂਗੀ ਵਿੱਚ ਚੋਰੀਆਂ ਦਾ ਸਿਲਸਿਲਾ ਜਾਰੀ, ਚੋਰ ਸੀਸੀਟੀਵੀ ਕੈਮਰੇ ਹੀ ਤੋੜ ਕੇ ਲੈ ਗਏ

ਕਵਿਤਾ ਬਲੌਂਗੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਫਰਵਰੀ:
ਮੁਹਾਲੀ ਦੀ ਜੂਹ ਵਿੱਚ ਕਸਬਾ ਬਲੌਂਗੀ ਵਿੱਚ ਲਗਾਤਾਰ ਚੋਰੀਆਂ ਦਾ ਸਿਲਸਿਲਾ ਜਾਰੀ ਹੈ। ਜਿਸ ਕਾਰਨ ਸਥਾਨਕ ਵਸਨੀਕ ਕਾਫ਼ੀ ਭੈਅਭੀਤ ਹਨ। ਐਤਵਾਰ ਦੀ ਰਾਤ ਨੂੰ ਚੋਰਾਂ ਨੇ ਕਾਨੂੰਨੀ ਕਾਰਵਾਈ ਤੋਂ ਬਚਨ ਲਈ ਆਜ਼ਾਦ ਨਗਰ ਮਾਰਕੀਟ ਵਿੱਚ ਦੁਕਾਨਦਾਰਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਕੇ ਆਪਣੇ ਨਾਲ ਲੈ ਗਏ। ਇਸ ਤੋਂ ਪਹਿਲਾਂ ਥਾਣੇ ਦੇ ਪਿਛਲੇ ਪਾਸਿਓਂ ਘਰ ਦੇ ਬਾਹਰ ਖੜਾ ਥ੍ਰੀਵੀਲਰ ਚੋਰੀ ਹੋ ਗਿਆ ਸੀ ਅਤੇ ਪੀੜਤ ਪਰਿਵਾਰ ਨੂੰ ਖ਼ੁਦ ਹੀ ਲੱਭਣਾ ਪਿਆ। ਇੰਜ ਹੀ ਬੀਤੀ 12 ਫਰਵਰੀ ਨੂੰ ਮੋਬਾਈਲ ਫੋਨਾਂ ਦੀ ਦੁਕਾਨ ਸਮੇਤ ਚੋਰੀ ਦੀਆਂ ਕਈ ਹੋਰ ਵਾਰਦਾਤਾਂ ਵਾਪਰ ਚੁੱਕੀਆਂ ਹਨ ਪ੍ਰੰਤੂ ਪੁਲੀਸ ਕਰਮਚਾਰੀ, ਚੋਰਾਂ ਨੂੰ ਫੜਨ ਦੀ ਬਿਜਾਏ ਪੀੜਤ ਲੋਕਾਂ ਨੂੰ ਹੀ ਚੋਰਾਂ ਦੀ ਪੈੜ ਨੱਪਣ ਅਤੇ ਪਤਾ ਲਗਾਉਣ ਦੀ ਗੱਲ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲੈਂਦੇ ਹਨ। ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਅੱਜ ਬਲੌਂਗੀ ਥਾਣੇ ਦੇ ਬਾਹਰ ਇਕੱਠੇ ਹੋਏ ਪੀੜਤ ਦੁਕਾਨਦਾਰਾਂ ਆਫ਼ਤਾਬ ਬਲੌਂਗੀ, ਰਾਜੂ ਪ੍ਰਸਾਦ, ਸੋਭਾ ਕਾਂਤ ਯਾਦਵ, ਮੁੰਨੀ ਲਾਲ ਅਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਲੰਘੀ ਰਾਤ ਦੋ ਵਜੇ ਚੋਰ ਬਲੌਂਗੀ ਦੇ ਆਜ਼ਾਦ ਨਗਰ ਵਿੱਚ ਦੁਕਾਨਾਂ ਦੇ ਬਾਹਰ ਲੱਗੇ ਦੋ ਕੈਮਰੇ ਤੋੜ ਕੇ ਲੈ ਗਏ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣ ਤੋਂ ਪਤਾ ਚੱਲਿਆ ਕਿ ਜਦੋਂ ਚੋਰਾਂ ਨੇ ਕੈਮਰੇ ਤੋੜੇ ਤਾਂ ਉਸ ਸਮੇਂ ਸੜਕ ’ਤੇ ਵਾਹਨਾਂ ਦੀ ਆਵਾਜਾਈ ਹੋਣ ਕਾਰਨ ਉਹ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ। ਇਸ ਤੋਂ ਪਹਿਲਾਂ 12 ਫਰਵਰੀ ਨੂੰ ਰਾਤ ਸਮੇਂ ਆਜ਼ਾਦ ਨਗਰ ਵਿੱਚ ਹੀ ਮੋਬਾਈਲ ਫੋਨਾਂ ਦੀ ਦੁਕਾਨ ਦੇ ਤਾਲੇ ਤੋੜ ਕੇ ਮਹਿੰਗੇ ਮੋਬਾਈਲ ਫੋਨ ਅਤੇ ਨਗਦੀ ਚੋਰੀ ਕਰਕੇ ਲੈ ਗਏ ਸਨ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਪੀੜਤ ਵਿਅਕਤੀਆਂ ਨੇ ਦੱਸਿਆ ਕਿ ਅੱਜ ਜਦੋਂ ਉਹ ਚੋਰੀਆਂ ਸਬੰਧੀ ਸ਼ਿਕਾਇਤ ਦੇਣ ਬਲੌਂਗੀ ਥਾਣੇ ਪਹੁੰਚੇ ਤਾਂ ਪੁਲੀਸ ਕਰਮਚਾਰੀਆਂ ਦਾ ਕਹਿਣਾ ਸੀ ਕਿ ਜੇਕਰ ਕੈਮਰੇ ਵਿੱਚ ਦਿਖਾਈ ਦੇ ਰਹੇ ਚੋਰ ਦੀ ਪਛਾਣ ਹੋ ਜਾਵੇ ਜਾਂ ਉਹ ਕਿਤੇ ਘੁੰਮਦੇ ਫਿਰਦੇ ਨਜ਼ਰ ਆਉਣ ਤਾਂ ਉਹ ਫੜ ਕੇ ਪੁਲੀਸ ਹਵਾਲੇ ਕੀਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਰਾਤ ਸਮੇਂ ਪੁਲੀਸ ਗਸ਼ਤ ਵਧਾਈ ਜਾਵੇ।
ਇਸ ਸਬੰਧੀ ਬਲੌਂਗੀ ਥਾਣੇ ਦੇ ਐਸਐਚਓ ਪੈਰੀਵਿੰਕਲ ਗਰੇਵਾਲ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਪੁਲੀਸ ਵੱਲੋਂ ਸਮੇਂ ’ਤੇ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਅਪਰਾਧਿਕ ਘਟਨਾਵਾਂ ’ਤੇ ਕਾਬੂ ਕਰਨ ਲਈ ਦਿਨ ਰਾਤ ਕੰਮ ਕੀਤਾ ਜਾਂਦਾ ਹੈ। ਰਾਤ ਦੀ ਵਾਰਦਾਤ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਅਧਿਕਾਰੀ ਦੀ ਡਿਊਟੀ ਲਗਾਈ ਗਈ ਹੈ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…