
ਐਸਜੀਪੀਸੀ ਨੂੰ ਇੱਕ ਪਾਰਟੀ ਤੇ ਪਰਿਵਾਰ ਦੇ ਚੁੰਗਲ ’ਚੋਂ ਨਿਕਲ ਕੇ ਪੰਥ ਦੀ ਜਥੇਬੰਦੀ ਬਣਨ ਦੀ ਲੋੜ
ਕੌਮ ਦੇ ਸਾਂਝੇ ਮਸਲਿਆਂ ’ਤੇ ਇੱਕਜੁੱਟ ਹੋਣ ਬੁੱਧੀਜੀਵੀ ਤੇ ਪੰਥਕ ਧਿਰਾਂ: ਬੱਬੀ ਬਾਦਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਪਰੈਲ:
ਪੰਥ ਤੇ ਕੌਮ ਦੀ ਚੜ੍ਹਦੀ ਕਲਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪਾਰਟੀ ਤੇ ਇਕ ਪਰਿਵਾਰ ਦੇ ਚੁੰਗਲ ’ਚੋਂ ਬਾਹਰ ਨਿਕਲ ਕੇ ਸਮੁੱਚੇ ਪੰਥ ਦੀ ਅਗਵਾਈ ਕਰਨ ਦੀ ਸਖ਼ਤ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਖਾਲਸਾ ਸਾਜਨਾ ਦਿਵਸ ਦੇ ਮੌਕੇ ਵੱਖ-ਵੱਖ ਗੁਰੂਘਰਾਂ ਵਿੱਚ ਨਤਮਸਤਕ ਹੋਣ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕੌਮ ਦੇ ਸਾਂਝੇ ਮਸਲਿਆਂ ਦੇ ਸਥਾਈ ਹੱਲ ਲਈ ਪੰਥਕ ਧਿਰਾਂ ਅਤੇ ਬੁੱਧੀਜੀਵੀਆਂ ਨੂੰ ਇੱਕਜੱੁਟ ਹੋਣ ਦੀ ਅਪੀਲ ਵੀ ਕੀਤੀ।
ਆਪ ਆਗੂ ਨੇ ਕਿਹਾ ਕਿ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਸ਼੍ਰੋਮਣੀ ਕਮੇਟੀ ਸਮੁੱਚੇ ਪੰਥ ਨੂੰ ਸੇਧ ਦੇਣ ਵਾਲੀ ਜਮਾਤ ਹੈ। ਇਸ ਲਈ ਐਸਜੀਪੀਸੀ ਨੂੰ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਮਾਣੇ ਸਿੱਖ ਵਜੋਂ ਗੁਰਬਾਣੀ ਦੇ ਪਸਾਰ ਤੇ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਸੀ ਪਰ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਨੇ ਇੱਕ ਪਰਿਵਾਰ ਦੇ ਦਬਾਅ ਹੇਠ ਸਰਕਾਰ ਦੀ ਇਸ ਮੰਗ ਨੂੰ ਠੁਕਰਾ ਦਿੱਤਾ ਹੈ। ਉਨ੍ਹਾਂ ਨੇ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਪੰਥ ਦੀ ਸਿਰਮੌਰ ਸੰਸਥਾ ਨੂੰ ਕਠਪੁਤਲੀ ਵਾਂਗ ਵਰਤ ਰਹੇ ਸਿਆਸੀ ਲੋਕਾਂ ਦਾ ਵਿਰੋਧ ਕਰਨ ਦਾ ਇਹ ਢੁਕਵਾਂ ਸਮਾਂ ਹੈ।
ਇਸ ਮੌਕੇ ਹਰਜੀਤ ਸਿੰਘ, ਜਰਨੈਲ ਸਿੰਘ ਹੇਮਕੁੰਟ, ਗੱਜਣ ਸਿੰਘ, ਕਰਨੈਲ ਸਿੰਘ, ਕਰਤਾਰ ਸਿੰਘ, ਕੁਲਦੀਪ ਸਿੰਘ, ਲਖਬੀਰ ਸਿੰਘ, ਹਰਪਾਲ ਸਿੰਘ, ਚੰਨਣ ਸਿੰਘ, ਰਣਜੀਤ ਸਿੰਘ, ਰਘਬੀਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਹਰਚਰਨ ਸਿੰਘ, ਤਰਨਪ੍ਰੀਤ ਸਿੰਘ, ਬਲਵਿੰਦਰ ਸਿੰਘ ਬਿੰਦਰ, ਸੁਖਬੀਰ ਸਿੰਘ ਭਾਟੀਆ, ਅਮਰੀਕ ਸਿੰਘ, ਕੁਲਵਿੰਦਰ ਸਿੰਘ ਵੀ ਹਾਜ਼ਰ ਸਨ।