ਪੰਜਾਬ ਦੇ ਹੱਕਾਂ ਲਈ ਡਟੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਸੱਤਾ ਦੀ ਪ੍ਰਵਾਹ ਨਹੀਂ ਕੀਤੀ: ਸੁਖਬੀਰ ਬਾਦਲ

ਆਪਣੀਆਂ ਜੜ੍ਹਾਂ ਮਜ਼ਬੂਤ ਬਣਾਉਣ ਲਈ ਸੁਖਬੀਰ ਵੱਲੋਂ ਆਨੇ ਬਹਾਨੇ ਵਰਕਰਾਂ ਨਾਲ ਮੇਲ-ਜੋਲ ਸ਼ੁਰੂ

ਅਕਾਲੀ ਦਲ ਦਾ ਹਰ ਛੋਟਾ ਤੇ ਵੱਡਾ ਵਰਕਰ ਮੇਰੇ ਘਰ ਦਾ ਮੈਂਬਰ, ਦੁੱਖ ਸੁੱਖ ’ਚ ਸ਼ਾਮਲ ਹੋਣਾ ਮੇਰਾ ਫ਼ਰਜ਼: ਬਾਦਲ

ਨਬਜ਼-ਏ-ਪੰਜਾਬ, ਮੁਹਾਲੀ, 3 ਜੁਲਾਈ:
ਸ਼੍ਰੋਮਣੀ ਅਕਾਲੀ ਦਲ ਵਿੱਚ ਚੌਧਰ ਦੀ ਭੁੱਖ ਨੂੰ ਲੈ ਕੇ ਛਿੜੇ ਵਿਵਾਦ ਨੂੰ ਠੱਲ੍ਹਣ ਅਤੇ ਆਪਣੀਆਂ ਜੜ੍ਹਾਂ ਮਜ਼ਬੂਤ ਬਣਾਉਣ ਲਈ ਸੁਖਬੀਰ ਸਿੰਘ ਬਾਦਲ ਨੇ ਆਨੇ ਬਹਾਨੇ ਅਕਾਲੀ ਵਰਕਰਾਂ ਨਾਲ ਮੇਲ-ਜੋਲ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਚੋਣਾਂ ਤੋਂ ਪਹਿਲਾਂ ‘ਪੰਜਾਬ ਬਚਾਓ ਯਾਤਰਾ’ ਦੌਰਾਨ ਉਹ ਸਾਰੇ ਹਲਕਿਆਂ ਵਿੱਚ ਗਏ ਸਨ ਪ੍ਰੰਤੂ ਹੁਣ ਕੁੱਝ ਸੀਨੀਅਰ ਆਗੂਆਂ ਦੇ ਬਾਗੀ ਹੋਣ ਤੋਂ ਬਾਅਦ ਪੈਦਾ ਹੋਏ ਵੱਡੇ ਸੰਕਟ ’ਚੋਂ ਉੱਭਰ ਲਈ ਸੁਖਬੀਰ ਨੇ ਵਰਕਰਾਂ ਦੀ ਨਬਜ਼ ਟਟੋਲਣੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਛੋਟੇ ਤੋਂ ਛੋਟੇ ਵਰਕਰ ਦੇ ਘਰ ਜਾ ਰਹੇ ਹਨ।
ਸੁਖਬੀਰ ਬਾਦਲ ਅੱਜ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਨਾਲ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਆਗੂ ਜਸਵੀਰ ਸਿੰਘ ਜੱਸਾ ਦੇ ਪਿੰਡ ਭਾਗੋਮਾਜਰਾ ਪਹੁੰਚੇ ਅਤੇ ਉਨ੍ਹਾਂ ਦੀ ਮਾਤਾ ਕੁਲਦੀਪ ਕੌਰ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ। ਇੰਜ ਹੀ ਉਨ੍ਹਾਂ ਨੇ ਪਿੰਡ ਸੋਹਾਣਾ ਵਿਖੇ ਕੌਮਾਂਤਰੀ ਕਬੱਡੀ ਖਿਡਾਰੀ ਪੰਮਾ ਸੋਹਾਣਾ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਵੰਡਾਇਆ। ਪੰਮਾ ਸੋਹਾਣਾ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ। ਸੁਖਬੀਰ ਨੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਮਨ ਪੂਨੀਆ ਦੇ ਪਿੰਡ ਮਾਣਕਮਾਜਰਾ ਵਿੱਚ ਫੇਰੀ ਪਾਈ ਅਤੇ ਯੂਥ ਆਗੂ ਦੀ ਦਾਦੀ ਸ਼ਮਸ਼ੇਰ ਕੌਰ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਤਿੰਨੇ ਪਰਿਵਾਰਾਂ ਨਾਲ ਹਮਦਰਦੀ ਜਾਹਰ ਕੀਤੀ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦਾ ਹਰ ਛੋਟਾ ਤੇ ਵੱਡਾ ਆਗੂ ਅਤੇ ਵਰਕਰ ਉਸ ਦੇ ਪਰਿਵਾਰ ਦਾ ਮੈਂਬਰ ਹੈ। ਲਿਹਾਜ਼ਾ ਆਪਣੇ ਪਰਿਵਾਰਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਮਿਹਨਤੀ ਵਰਕਰਾਂ ਦਾ ਸਨਮਾਨ ਕੀਤਾ ਹੈ ਅਤੇ ਭਵਿੱਖ ਵਿੱਚ ਬਣਦਾ ਮਾਣ ਸਨਮਾਨ ਮਿਲਦਾ ਰਹੇਗਾ। ਅਕਾਲੀ ਦਲ ਵਿੱਚ ਛਿੜੇ ਵਿਵਾਦ ਬਾਰੇ ਉਨ੍ਹਾਂ ਨੇ ਵਰਕਰਾਂ ਨੂੰ ਸਿਰਫ਼ ਏਨਾ ਹੀ ਕਿਹਾ ਕਿ ਉਹ ਤੜਕੇ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ। ਪਰਿਵਾਰਾਂ ਅਤੇ ਪਾਰਟੀਆਂ ਵਿੱਚ ਅਜਿਹੇ ਮਸਲੇ ਚੱਲਦੇ ਹੀ ਰਹਿੰਦੇ ਹਨ।

ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਹੈ, ਜਿਸ ਨੇ ਕਦੇ ਵੀ ਸੂਬੇ ਦੇ ਹਿੱਤਾਂ ਨੂੰ ਪਾਸੇ ਰੱਖ ਕੇ ਕੋਈ ਸਮਝੌਤਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਖੇਤਰੀ ਪਾਰਟੀਆਂ ਹੀ ਆਪਣੇ ਸੂਬੇ ਦੇ ਹੱਕਾਂ ਲਈ ਡਟਦੀਆਂ ਹਨ ਜਦੋਂਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਹਮੇਸ਼ਾ ਹੀ ਲੁੱਟ ਖਸੁੱਟ ਕੀਤੀ ਅਤੇ ਸੂਬਿਆਂ ਦੇ ਹੱਕਾਂ ’ਤੇ ਡੱਕੇ ਮਾਰਨ ਲਈ ਖੇਤਰੀ ਪਾਰਟੀਆਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ਾਂ ਰਚੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਨ੍ਹਾਂ ਸਾਜ਼ਿਸ਼ਾਂ ਅਤੇ ਲੂੰਬੜ ਚਾਲਾਂ ਵਿੱਚ ਨਹੀਂ ਫਸੇਗਾ ਅਤੇ ਉਨ੍ਹਾਂ ਨੇ ਪੰਜਾਬ ਦੇ ਹੱਕਾਂ ਲਈ ਕਦੇ ਸੱਤਾ ਦੀ ਵੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਪਾਰਟੀ ਆਗੂਆਂ ਅਤੇ ਸਰਗਰਮ ਵਰਕਰਾਂ ਨੂੰ ਅਕਾਲੀ ਦਲ ਦੀ ਮਜ਼ਬੂਤੀ ਲਈ ਡੱਟ ਕੇ ਕੰਮ ਕਰਨ ਪ੍ਰੇਰਿਆ।

ਇਸ ਮੌਕੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ, ਜਸਵੀਰ ਸਿੰਘ ਜੱਸਾ ਭਾਗੋਮਾਜਰਾ, ਸੁਖਵਿੰਦਰ ਸਿੰਘ ਛਿੰਦੀ, ਅਮਨ ਪੂਨੀਆ, ਨੰਬਰਦਾਰ ਹਰਵਿੰਦਰ ਸਿੰਘ ਸੋਹਾਣਾ, ਕਰਮਜੀਤ ਸਿੰਘ, ਅਜੈਪਾਲ ਸਿੰਘ ਮਿੱਠੂਖੇੜਾ, ਕੈਪਟਨ ਰਮਨਦੀਪ ਸਿੰਘ ਬਾਵਾ ਅਤੇ ਹੋਰ ਆਗੂ ਤੇ ਵਰਕਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਵਫ਼ਾਦਾਰ ਵਰਕਰਾਂ ਦੇ ਮਾਣ-ਸਨਮਾਨ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਸੁਖਬੀਰ ਬਾਦਲ

ਵਫ਼ਾਦਾਰ ਵਰਕਰਾਂ ਦੇ ਮਾਣ-ਸਨਮਾਨ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਸੁਖਬੀਰ ਬਾਦਲ ਮੁਹਾਲੀ ਦੇ ਅਕਾਲੀ ਆ…