
ਮਾਰਕੀਟ ਦੇ ਦੁਕਾਨਦਾਰਾਂ ਨੇ ਮੇਅਰ ਅੱਗੇ ਸਮੱਸਿਆਵਾਂ ਦਾ ਪਟਾਰਾ ਖੋਲ੍ਹਿਆ, ਕਾਰਵਾਈ ਦਾ ਭਰੋਸਾ
ਮੇਅਰ ਨੇ ਫੇਜ਼-9 ਮਾਰਕੀਟ ਦਾ ਦੌਰਾ ਕਰਕੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ
ਨਬਜ਼-ਏ-ਪੰਜਾਬ, ਮੁਹਾਲੀ, 30 ਜੂਨ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਅੱਜ ਸਥਾਨਕ ਕੌਂਸਲਰ ਕਮਲਪ੍ਰੀਤ ਸਿੰਘ ਬੰਨੀ ਅਤੇ ਸਮਾਜ ਸੇਵੀ ਇੰਦਰਜੀਤ ਸਿੰਘ ਢਿੱਲੋਂ ਦੇ ਸੱਦੇ ’ਤੇ ਇੱਥੋਂ ਦੇ ਫੇਜ਼-9 ਦੀ ਮਾਰਕੀਟ ਦਾ ਦੌਰਾ ਕਰਕੇ ਦੁਕਾਨਦਾਰਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਮਾਰਕੀਟ ਦੇ ਪ੍ਰਧਾਨ ਮਨੋਜ ਕੁਮਾਰ ਅਤੇ ਹੋਰ ਦੁਕਾਨਦਾਰਾਂ ਨੇ ਮੇਅਰ ਅੱਗੇ ਸਮੱਸਿਆਵਾਂ ਦਾ ਪਟਾਰਾ ਖੋਲ੍ਹ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਮਾਰਕੀਟ ਵਿੱਚ ਸਫ਼ਾਈ ਵਿਵਸਥਾ ਦਾ ਬੂਰਾ ਹਾਲ ਹੈ। ਮਾਰਕੀਟ ਨੇੜਿਓਂ ਲੰਘਦੀ ਸੜਕ ’ਤੇ ਕਾਫ਼ੀ ਖੱਡੇ ਪਏ ਹੋਏ ਹਨ। ਮਾਰਕੀਟ ਵਿੱਚ ਖੰਭੇ ਤਾਂ ਲਗਾ ਦਿੱਤੇ ਹਨ ਕਾਫ਼ੀ ਸਮੇਂ ਤੋਂ ਸਟਰੀਟ ਲਾਈਟਾਂ ਨਹੀਂ ਜਗਦੀਆਂ। ਉਨ੍ਹਾਂ ਜਨਤਕ ਖ਼ਜ਼ਾਨਾ ਬਣਾਉਣ ਦੀ ਵੀ ਮੰਗ ਕੀਤੀ ਅਤੇ ਬਾਕੀ ਮਾਰਕੀਟਾਂ ਵਾਂਗ ਇੱਥੇ ਵੀ ਲਾਲ ਪੱਥਰ ਲਗਾਉਣ ਦੀ ਮੰਗ ਰੱਖੀ।
ਇਸ ਮੌਕੇ ਕੌਂਸਲਰ ਕਮਲਪ੍ਰੀਤ ਸਿੰਘ ਬੰਨੀ ਅਤੇ ਇੰਦਰਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਗਮਾਡਾ ਵੱਲੋਂ ਸੜਕ ਚੌੜੀ ਕਰਨ ਦੌਰਾਨ ਵੱਡੇ ਟੋਏ ਪੈ ਗਏ ਹਨ। ਜਿਸ ਕਾਰਨ ਕਦੇ ਵੀ ਵੱਡਾ ਹਾਦਸਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸੜਕ ’ਤੇ ਖੱਡੇ ਭਰਵਾਏ ਜਾਣ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਮੌਕੇ ’ਤੇ ਹੀ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਦੁਕਾਨਦਾਰਾਂ ਨੂੰ ਉਪਰੋਕਤ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜ ਕਰਵਾਉਣ ਲਈ ਵਚਨਬੱਧ ਹੈ। ਮੌਜੂਦਾ ਸਮੇਂ ਵਿੱਚ ਚੱਲ ਰਹੇ ਕਾਰਜਾਂ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕੀਤਾ ਜਾਵੇਗਾ ਅਤੇ ਦੁਕਾਨਦਾਰਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਹਰਿੰਦਰਜੀਤ ਸਿੰਘ, ਰਜਿੰਦਰ ਕੁਮਾਰ, ਨੀਰਜ ਕੁਮਾਰ, ਜ਼ਹੀਰ ਖਾਨ, ਰਣਜੀਤ ਪੁਰੀ, ਡਿੰਪੀ, ਅਮਿਤ ਕੁਮਾਰ, ਲਲਿਤ ਕੁਮਾਰ, ਸਾਹਿਲ, ਗੁਰਿੰਦਰ ਸਿੰਘ, ਸਿਮਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਜਸਬੀਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।