ਸਿੱਧੂ ਭਰਾਵਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਕਾਫ਼ੀ ਅੌਖੇ ਨੇ ਕਾਂਗਰਸੀ ਕੌਂਸਲਰ ਤੇ ਸੀਨੀਅਰ ਆਗੂ

ਵਫ਼ਾਦਾਰੀਆਂ ਬਦਲੀਆਂ: ਸਿੱਧੂ ਭਰਾਵਾਂ ਨੇ ਭਾਜਪਾ ’ਚ ਸ਼ਾਮਲ ਹੋਣ ਤੋਂ ਪਹਿਲਾਂ ਕੋਈ ਰਾਇ ਨਹੀਂ ਕੀਤੀ:

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੂਨ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਬੀਤੇ ਕੱਲ੍ਹ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਸ਼ਹਿਰ ਦੇ ਕੌਂਸਲਰ ਅਤੇ ਸੀਨੀਅਰ ਆਗੂ ਕਾਫ਼ੀ ਅੌਖੇ ਹਨ। ਹਰ ਅੌਖੇ ਸਮੇਂ ਸਿੱਧੂ ਪਰਿਵਾਰ ਨਾਲ ਖੜੇ ਰਹਿਣ ਵਾਲੇ ਸਮਰਥਕਾਂ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਉਨ੍ਹਾਂ ਨੇ ਕਿਸੇ ਨਾਲ ਰਾਇ ਨਹੀਂ ਕੀਤੀ ਅਤੇ ਚੁੱਪ-ਚੁਪੀਤੇ ਦੋਵੇਂ ਭਰਾ ਪਾਰਟੀ ਛੱਡ ਕੇ ਚਲਦੇ ਬਣੇ ਹਨ। ਸਿੱਧੂ ਭਰਾਵਾਂ ਦੇ ਇਸ ਫ਼ੈਸਲੇ ਤੋਂ ਬਾਅਦ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਸੀਨੀਅਰ ਆਗੂਆਂ ਅਤੇ ਕੌਂਸਲਰਾਂ ਨੇ ਇੱਕ ਝੰਡੇ ਹੇਠ ਇਕੱਠੇ ਹੋਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਬੀਤੀ ਰਾਤ ਅਤੇ ਅੱਜ ਦਿਨ ਭਰ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਿਹਾ। ਉਧਰ, ਸਿੱਧੂ ਭਰਾਵਾਂ ਨੇ ਵੀ ਅੱਜ ਸਾਥੀ ਕੌਂਸਲਰਾਂ ਨਾਲ ਤਾਲਮੇਲ ਕਰਕੇ ਆਪਣੇ ਨਾਲ ਤੋਰਨ ਦੀ ਕੋਸ਼ਿਸ਼ ਕੀਤੀ ਪਰ ਜ਼ਿਆਦਾਤਰ ਆਗੂਆਂ ਨੇ ਉਨ੍ਹਾਂ ਨੂੰ ਭਾਜਪਾ ਵਿੱਚ ਜਾਣ ਤੋਂ ਕੋਰਾ ਜਵਾਬ ਹੀ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਕਈ ਆਗੂ ਭਾਜਪਾ ਨਾਲੋਂ ਆਮ ਆਦਮੀ ਪਾਰਟੀ ਨਾਲ ਜੁੜਨ ਨੂੰ ਪਹਿਲ ਦੇ ਸਕਦੇ ਹਨ। ਉਧਰ, ਐਤਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮੁਹਾਲੀ ਵਿੱਚ ਜ਼ਿਲ੍ਹਾ ਪ੍ਰਧਾਨ ਰਿਸਵ ਜੈਨ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਪਹਿਲਾਂ ਵਾਂਗ ਕੰਮ ਕਰਨ ਲਈ ਪ੍ਰੇਰਦਿਆਂ ਬਣਦਾ ਮਾਣ ਸਨਮਾਨ ਦੇਣ ਦੀ ਗੱਲ ਕਹੀ। ਇਸ ਮੌਕੇ ਕਈ ਕਾਂਗਰਸੀ ਕੌਂਸਲਰ ਅਤੇ ਜੈਨ ਪਰਿਵਾਰ ਦੇ ਸਮਰਥਕ ਮੌਜੂਦ ਸਨ।
ਮੁਹਾਲੀ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ ਅਤੇ ਰਾਜ ਰਾਣੀ ਜੈਨ ਨੇ ਕਿਹਾ ਕਿ ਕਾਂਗਰਸ ਦੀ ਬਦੌਤਰ ਸਿੱਧੂ ਤਿੰਨ ਵਾਰ ਵਿਧਾਇਕ ਬਣੇ ਅਤੇ ਪਿਛਲੀ ਕਾਂਗਰਸ ਸਮੇਂ ਉਹ ਸਿਹਤ ਤੇ ਪਰਿਵਾਰ ਭਲਾਈ, ਕਿਰਤ ਅਤੇ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਰਹੇ। ਕਹਿਣ ਤੋਂ ਭਾਵ ਉਨ੍ਹਾਂ ਨੇ ਸਾਢੇ ਚਾਰ ਸਾਲ ਸਤਾ ਦਾ ਪੂਰਾ ਨਿੱਘ ਮਾਣਿਆ ਹੈ ਅਤੇ ਹੁਣ ਜਦੋਂ ਪਾਰਟੀ ਨਾਲ ਖੜੇ ਰਹਿਣ ਦੀ ਲੋੜ ਸੀ ਤਾਂ ਉਹ ਪਿੱਠ ਦਿਖਾ ਕੇ ਭੱਜ ਗਏ। ਬੀਤੇ ਕੱਲ੍ਹ ਦੋਵੇਂ ਭਰਾਵਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਸਿਰੋਪਾਓ ਪੁਆ ਲਏ ਹਨ।
ਸ੍ਰੀ ਜੈਨ ਨੇ ਕਿਹਾ ਕਿ ਸਿੱਧੂ ਭਰਾਵਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਕਿਸੇ ਨੂੰ ਕੰਨੋ-ਕੰਨੀ ਭਿਣਕ ਤੱਕ ਨਹੀਂ ਪੈਣ ਦਿੱਤੀ। ਸਿੱਧੂਆਂ ਨਾਲ ਸ਼ਰਾਬ ਦੇ ਕਾਰੋਬਾਰ ਵਿੱਚ ਭਾਈਵਾਲ ਰਹੇ ਜੈਨ ਨੇ ਕਿਹਾ ਕਿ ਉਹ ਸੰਨ 1995 ਵਿੱਚ ਕਾਂਗਰਸ ਨਾਲ ਜੁੜੇ ਸਨ ਅਤੇ ਅੱਜ ਵੀ ਪਾਰਟੀ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਸਿੱਧੂ ਭਰਾਵਾਂ ਨੇ ਆਪਣੇ ਇਸ ਫ਼ੈਸਲੇ ਬਾਰੇ ਕਿਸੇ ਨਾਲ ਕੋਈ ਰਾਇ ਨਹੀਂ ਕੀਤੀ।
ਸੀਨੀਅਰ ਯੂਥ ਕਾਂਗਰਸ ਆਗੂ ਅਤੇ ਕੌਂਸਲਰ ਨਰਪਿੰਦਰ ਸਿੰਘ ਰੰਗ ਨੇ ਕਿਹਾ ਕਿ ਸਿੱਧੂ ਭਰਾਵਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਸਮੇਤ ਹੋਰ ਕਿਸੇ ਸਮਰਥਕ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ। ਉਨ੍ਹਾਂ ਨੇ ਬਿਨਾਂ ਦੱਸੇ ਪਾਰਟੀ ਛੱਡੀ ਹੈ। ਉਹ ਸਿੱਧੂਆਂ ਦੇ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹਨ। ਕਾਂਗਰਸ ਦੇ ਸ਼ਹਿਰੀ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਭਾਜਪਾ ਵਿੱਚ ਜਾਣਾ ਸਿੱਧੂ ਭਰਾਵਾਂ ਦਾ ਨਿੱਜੀ ਅਤੇ ਹੈਰਾਨੀ ਜਨਕ ਫ਼ੈਸਲਾ ਹੈ। ਇਸ ਨਾਲ ਵਫ਼ਾਦਾਰ ਵਰਕਰਾਂ ਦੇ ਮਨ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਕੌਂਸਲਰ ਭਾਜਪਾ ਵਿੱਚ ਸ਼ਾਮਲ ਨਹੀਂ ਹੋਇਆ ਹੈ। ਉਹ ਸਾਰੇ ਅੱਜ ਵੀ ਕਾਂਗਰਸ ਨਾਲ ਚਟਾਨ ਵਾਂਗ ਖੜੇ ਹਨ।
ਮੁਲਾਜ਼ਮ ਆਗੂ ਤੇ ਕੌਂਸਲਰ ਸੁੱਚਾ ਸਿੰਘ ਕਲੌੜ ਨੇ ਕਿਹਾ ਕਿ ਉਹ ਕਾਂਗਰਸ ਨਾਲ ਖੜੇ ਹਨ। ਉਂਜ ਅੱਜ ਮੇਅਰ ਜੀਤੀ ਸਿੱਧੂ ਨੇ ਉਨ੍ਹਾਂ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੇ ਕਹਿ ਦਿੱਤਾ ਕਿ ਉਹ ਡਲਹੌਜੀ ਗਏ ਹੋਏ ਹਨ ਅਤੇ ਸੋਮਵਾਰ ਨੂੰ ਵਾਪਸ ਆਉਣਗੇ। ਸਿੱਧੂ ਦੇ ਇੱਕ ਹੋਰ ਕੱਟੜ ਸਮਰਥਕ ਨੇ ਕਿਹਾ ਕਿ ਫਿਲਹਾਲ ਕਾਂਗਰਸ ਨਾਲ ਖੜੇ ਹਨ। ਜੇਕਰ ਭਾਜਪਾ ਵਿੱਚ ਚਲੇ ਵੀ ਜਾਂਦੇ ਹਨ ਤਾਂ ਪਿੰਡਾਂ ਵਿੱਚ ਭਾਜਪਾ ਨੂੰ ਕੋਈ ਪਸੰਦ ਨਹੀਂ ਕਰਦਾ ਅਤੇ ਨਾ ਹੀ ਕਿਸੇ ਨੇ ਸਾਡੇ ਕਹਿਣ ਨਾਲ ਭਾਜਪਾ ਨੂੰ ਵੋਟ ਪਾਉਣਗੀ। ਖੇਤੀ ਕਾਲੇ ਕਾਨੂੰਨਾਂ ਦੇ ਮੁੱਦੇ ’ਤੇ ਸੰਘਰਸ਼ ਦੌਰਾਨ ਕਿਸਾਨਾਂ ਦੀ ਮੌਤ ਨੂੰ ਲੋਕ ਹਾਲੇ ਵੀ ਭੁੱਲੇ ਨਹੀਂ ਹਨ ਅਤੇ ਭਾਜਪਾ ਨਾਲ ਨਾਰਾਜ਼ਗੀ ਅੱਜ ਵੀ ਜਿਊਂ ਦੀ ਤਿਊਂ ਬਰਕਰਾਰ ਹੈ।
ਇਸੇ ਦੌਰਾਨ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਜੀਤੀ ਸਿੱਧੂ ਐਤਵਾਰ ਨੂੰ ਮੁਹਾਲੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਦੇ ਘਰ ਪਹੁੰਚੇ ਅਤੇ ਮੌਜੂਦਾ ਹਾਲਾਤਾਂ ਬਾਰੇ ਚਰਚਾ ਕੀਤੀ। ਸੋਮਲ ਨੇ ਸਿੱਧੂ ਭਰਾਵਾਂ ਦੇ ਉਨ੍ਹਾਂ ਦੇ ਘਰ ਆਉਣ ਦੀ ਪੁਸ਼ਟੀ ਕੀਤੀ। ਉਨ੍ਹਾਂ (ਸੋਮਲ) ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਮੁਹਾਲੀ ਦੇ ਵਿਕਾਸ ਦੇ ਮੁੱਦੇ ’ਤੇ ਉਹ ਮੇਅਰ ਜੀਤੀ ਸਿੱਧੂ ਨੂੰ ਸਹਿਯੋਗ ਦੇਣਗੇ, ਜਿੱਥੇ ਕੋਈ ਗੱਲ ਗਲਤ ਲੱਗੇਗੀ, ਉਸ ਦਾ ਵਿਰੋਧ ਵੀ ਦਰਜ ਕਰਵਾਉਣਗੇ। ਇਸ ਤੋਂ ਪਹਿਲਾਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਵੀ ਸੋਮਲ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਉਧਰ, ਦੂਜੇ ਪਾਸੇ ਸੰਪਰਕ ਕਰਨ ’ਤੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਭਾਵੇਂ ਸਾਰੇ ਕਾਂਗਰਸੀ ਕੌਂਸਲਰ ਉਨ੍ਹਾਂ ਨਾਲ ਭਾਜਪਾ ਵਿੱਚ ਸ਼ਾਮਲ ਨਹੀਂ ਹੋਏ ਹਨ ਪ੍ਰੰਤੂ ਸ਼ਹਿਰ ਦੇ ਵਿਕਾਸ ਦੇ ਮੁੱਦੇ ’ਤੇ ਅੱਜ ਵੀ ਸਾਰੇ ਕਾਂਗਰਸੀ ਕੌਂਸਲਰ ਉਨ੍ਹਾਂ ਦੇ ਨਾਲ ਖੜੇ ਹਨ। ਸਾਥੀ ਕੌਂਸਲਰਾਂ ਦੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਨਾ ਹੋਣ ਬਾਰੇ ਪੁੱਛੇ ਜਾਣ ’ਤੇ ਜੀਤੀ ਸਿੱਧੂ ਨੇ ਕਿਹਾ ਕਿ ਹਰੇਕ ਵਿਅਕਤੀ ਦੀ ਆਪੋ ਆਪਣੀ ਸੋਚ ਹੈ ਅਤੇ ਕਿਸੇ ਨੂੰ ਧੱਕੇ ਨਾਲ ਦੂਜੀ ਪਾਰਟੀ ਸ਼ਾਮਲ ਨਹੀਂ ਕਰਵਾਇਆ ਜਾ ਸਕਦਾ ਹੈ। ਉਂਜ ਉਨ੍ਹਾਂ ਏਨਾ ਜ਼ਰੂਰ ਕਿਹਾ ਕਿ ਜਦੋਂ ਲੋਕ ਕੰਮ ਦੇਖਣਗੇ ਜਿਵੇਂ ਜਲਦੀ ਹੀ ਮੁਹਾਲੀ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਲੋਕਾਂ ਨੂੰ ਲੱਗੇਗਾ ਕਿ ਭਾਜਪਾ ਹੀ ਵਿਕਾਸ ਕਰਵਾ ਸਕਦੀ ਹੈ ਤਾਂ ਉਹ ਵੀ ਨਾਲ ਤੁਰ ਪੈਣਗੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…