ਸਿੱਧੂ ਭਰਾਵਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਮੁਹਾਲੀ ਵਿੱਚ ਸਿਆਸੀ ਸਮੀਕਰਨ ਬਦਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੂਨ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਤੇ ਮੁਹਾਲੀ ਦੇ ਸਾਬਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਆਪਣੀ ਚੁੱਪੀ ਤੋੜਦੇ ਹੋਏ ਸਨਿੱਚਰਵਾਰ ਨੂੰ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨਾਲ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੀ ਭਾਜਪਾ ਵਿੱਚ ਹੋ ਗਏ ਹਨ ਅਤੇ ਕਾਂਗਰਸ ਦੇ 37 ਕੌਂਸਲਰਾਂ ਅਤੇ ਹੋਰਨਾਂ ਸਮਰਥਕਾਂ ਦੇ ਵੀ ਭਾਜਪਾ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ ਹੈ। ਜੇਕਰ ਅਜਿਹਾ ਹੋਇਆ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇੱਕ ਤਰ੍ਹਾਂ ਨਾਲ ਮੁਹਾਲੀ ’ਚੋਂ ਕਾਂਗਰਸ ਦਾ ਲਗਪਗ ਫਸਾਇਆ ਹੋ ਗਿਆ ਹੈ। ਉਂਜ ਕਈ ਕਾਂਗਰਸੀ ਕੌਂਸਲਰਾਂ ਅਤੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਅੱਜ ਵੀ ਕਾਂਗਰਸ ਨਾਲ ਚਟਾਨ ਨਾਲ ਖੜੇ ਹਨ। ਕੁੱਝ ਵੀ ਹੋਵੇ ਪਰ ਸਿੱਧੂ ਭਰਾਵਾਂ ਅਤੇ ਹੋਰ ਸੀਨੀਅਰ ਕਾਂਗਰਸ ਆਗੂਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਮੁਹਾਲੀ ਵਿੱਚ ਨਵੇਂ ਸਿਆਸੀ ਸਮੀਕਰਨ ਬਦਲ ਗਏ ਹਨ।
ਹਾਲਾਂਕਿ ਵਿਧਾਨ ਸਭਾ ਚੋਣਾਂ ਦੌਰਾਨ ਵੀ ਸਿੱਧੂ ਦੇ ਭਾਜਪਾ ਜਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਵਿੱਚ ਚਰਚੇ ਪੂਰੇ ਜ਼ੋਰਾਂ ’ਤੇ ਸੀ ਪ੍ਰੰਤੂ ਉਦੋਂ ਉਨ੍ਹਾਂ ਨੇ ਕਾਂਗਰਸ ਦੀ ਟਿਕਟ ’ਤੇ ਹੀ ਚੋਣ ਲੜਨ ਨੂੰ ਤਰਜ਼ੀਹ ਦਿੱਤੀ ਗਈ। ਪ੍ਰੰਤੂ ਪੰਜਾਬ ’ਚੋਂ ਕਾਂਗਰਸ ਦੀ ਨਮੋਸ਼ੀ ਭਰੀ ਹਾਰ ਕਾਰਨ ਉਹ ਅੰਦਰੋਂ ਕਾਫ਼ੀ ਟੁੱਟ ਚੁੱਕੇ ਸਨ। ਉਂਜ ਕੈਪਟਨ ਨੂੰ ਮੁੱਖ ਮੰਤਰੀ ਤੋਂ ਲਾਂਭੇ ਕਰਨ ਮਗਰੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਚੰਨੀ ਵਜ਼ਾਰਤ ’ਚੋਂ ਸਿੱਧੂ ਨੂੰ ਆਊਟ ਕਰ ਦਿੱਤਾ ਗਿਆ ਸੀ।
ਸੂਤਰਾਂ ਅਨੁਸਾਰ ਕਾਂਗਰਸ ਸਰਕਾਰ ਸਮੇਂ ਸਿਹਤ ਵਿਭਾਗ ਵਿੱਚ ਹੋਏ ਕਥਿਤ ਘਪਲਿਆਂ ਕਾਰਨ ਸਿੱਧੂ ਸਮੇਤ ਕਈ ਹੋਰ ਦਾਗੀ ਮੰਤਰੀਆਂ ਨੂੰ ਦੁਬਾਰਾ ਕੈਬਨਿਟ ਵਿੱਚ ਨਹੀਂ ਲਿਆ ਗਿਆ ਸੀ। ਉਸ ਸਮੇਂ ਵੀ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਸੀ ਕਿ ਉਹ (ਸਿੱਧੂ) ਹੁਣ ਕਾਂਗਰਸ ਵਿੱਚ ਨਹੀਂ ਰਹਿਣਗੇ। ਹੁਣ ਪੰਜਾਬ ਦੀ ਆਪ ਸਰਕਾਰ ਵੱਲੋਂ ਸੂਬੇ ਵਿੱਚ ਸ਼ਾਮਲਾਤ\ਪੰਚਾਇਤੀ ਜ਼ਮੀਨਾਂ ਨੂੰ ਖਾਲੀ ਕਰਵਾਉਣ ਲਈ ਸ਼ੁਰੂ ਕੀਤੀ ਮੁਹਿੰਮ ਤੋਂ ਵੀ ਸਿੱਧੂ ਕਾਫ਼ੀ ਘਬਰਾਏ ਹੋਏ ਜਾਪਦੇ ਸਨ। ਸਿੱਧੂ ’ਤੇ ਸ਼ਾਮਲਾਤ ਜ਼ਮੀਨਾਂ ਦੱਬਣ ਦੇ ਵੀ ਦੋਸ਼ ਲਗਦੇ ਰਹੇ ਹਨ। ਪਿਛਲੇ ਦਿਨੀਂ ਆਪ ਆਗੂਆਂ ਨੇ ਪੰਚਾਇਤ ਮੰਤਰੀ ਨੂੰ ਮਿਲ ਕੇ ਸਿੱਧੂ ਖ਼ਿਲਾਫ਼ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ। ਸੂਤਰ ਦੱਸਦੇ ਹਨ ਕਿ ਆਪ ਦੇ ਵਿਧਾਇਕ ਕੁਲਵੰਤ ਸਿੰਘ ਨੇ ਵੀ ਇੱਕ ਪੱਤਰ ਮੁੱਖ ਮੰਤਰੀ ਨੂੰ ਲਿਖਿਆ ਹੈ। ਇਸ ਤੋਂ ਪਹਿਲਾਂ ਸਿਹਤ ਮੰਤਰੀ ਹੁੰਦਿਆਂ ਸਿੱਧੂ ਦੇ ਘਰ ਦਾ ਘਿਰਾਓ ਕਰਨ ਸਮੇਤ ਧਰਨੇ ਮੁਜ਼ਾਹਰੇ ਹੁੰਦੇ ਰਹੇ ਹਨ। ਪਰ ਹੁਣ ਤੱਕ ਕਿਸੇ ਵੀ ਮਾਮਲੇ ਦੀ ਜਾਂਚ ਨਹੀਂ ਹੋਈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਮਾਮਲੇ ਵਿੱਚ ਕਸੂਰਵਾਰ ਹੀ ਠਹਿਰਾਇਆ ਗਿਆ। ਇਹ ਦੋਸ਼ ਸਿਆਸੀ ਵਿਰੋਧੀਆਂ ਵੱਲੋਂ ਹੀ ਲਗਾਏ ਜਾਂਦੇ ਰਹੇ ਹਨ।
(ਬਾਕਸ ਆਈਟਮ)
ਮੁਹਾਲੀ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੇ ਹੂੰਝਾਫੇਰ ਜਿੱਤ ਹਾਸਲ ਕੀਤੀ ਸੀ ਜਦੋਂਕਿ ਅਕਾਲੀ ਦਲ ਅਤੇ ਭਾਜਪਾ ਦਾ ਮੁਕੰਮਲ ਫਸਾਇਆ ਹੋ ਗਿਆ ਸੀ। ਕੁਲਵੰਤ ਸਿੰਘ ਵੀ ਨਿਗਮ ਦੀ ਚੋਣ ਹਾਰ ਗਏ ਸੀ ਪ੍ਰੰਤੂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਮੁਹਾਲੀ ਤੋਂ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜੇ ਸਾਬਕਾ ਮੇਅਰ ਅਤੇ ਉੱਘੇ ਕਾਰੋਬਾਰੀ ਕੁਲਵੰਤ ਸਿੰਘ ਚੋਣ ਜਿੱਤ ਗਏ ਸੀ। ਉਨ੍ਹਾਂ ਨੇ ਬਲਬੀਰ ਸਿੱਧੂ ਨੂੰ ਕਰੀਬ 34 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਸਿੱਧੂ ਪਿਛਲੇ ਡੇਢ ਦਹਾਕੇ ਤੋਂ ਲਗਾਤਾਰ ਚੋਣ ਜਿੱਤਦੇ ਆ ਰਹੇ ਸੀ। ਅਕਾਲੀ ਦਲ, ਅਤੇ ਭਾਜਪਾ ਅਤੇ ਕਿਸਾਨ ਯੂਨੀਅਨ ਦੇ ਉਮੀਦਵਾਰ ਵੀ ਚੋਣ ਹਾਰ ਗਏ ਸੀ।
(ਬਾਕਸ ਆਈਟਮ)
ਭਾਜਪਾ ਲੀਡਰਸ਼ਿਪ ਅੱਜ ਬਲਬੀਰ ਸਿੱਧੂ ਅਤੇ ਉਨ੍ਹਾਂ ਦੇ ਛੋਟੇ ਭਰਾ ਤੇ ਮੇਅਰ ਜੀਤੀ ਸਿੱਧੂ ਦਾ ਪਾਰਟੀ ਵਿੱਚ ਸ਼ਾਮਲ ਹੋਣ ਲਈ ਨਿੱਘਾ ਸਵਾਗਤ ਕਰ ਰਹੀ ਹੈ ਜਦੋਂਕਿ ਪਿਛਲੇ ਦਿਨੀਂ ਭਾਜਪਾ ਪੰਜਾਬ ਦੇ ਸੂਬਾ ਕਾਰਜਕਾਰਨੀ ਦੇ ਮੈਂਬਰ ਸੰਜੀਵ ਵਸ਼ਿਸ਼ਟ ਨੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਬਰਖ਼ਾਸਤ ਅਤੇ ਗ੍ਰਿਫ਼ਤਾਰ ਕੀਤੇ ਗਏ ਆਪ ਦੇ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਾਂਗਰਸ ਵਜ਼ਾਰਤ ਸਮੇਂ ਸਿਹਤ ਵਿਭਾਗ ਵਿੱਚ ਹੋਏ ਪੀਪੀਈ ਕਿੱਟਾਂ, ਦਵਾਈਆਂ ਦੀ ਖ਼ਰੀਦੋ-ਫ਼ਰੋਖ਼ਤ ਸਮੇਤ ਹੋਰਨਾਂ ਕਥਿਤ ਘਪਲਿਆਂ ਸਬੰਧੀ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਖ਼ਿਲਾਫ਼ ਵੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਸੀ। ਹੁਣ ਦੇਖਣਾ ਹੋਵੇਗਾ ਕਿ ਸਥਾਨਕ ਭਾਜਪਾ ਆਗੂ ਆਪਣੇ ਪਹਿਲੇ ਬਿਆਨ ’ਤੇ ਕਾਇਮ ਰਹਿੰਦੇ ਹਨ ਜਾਂ ਨਹੀਂ?

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …