
ਸਿੱਖ ਅਜਾਇਬਘਰ ਦਾ ਵਫ਼ਦ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਮਿਲਿਆ
ਮੁੱਖ ਮੰਤਰੀ ਨੇ ਅਣਡਿੱਠ ਕੀਤੀ ਬੁੱਤਸਾਜ ਦੀ ਅਪੀਲ, ਹੁਣ ਅਨਮੋਲ ਗਗਨ ਮਾਨ ਤੋਂ ਮੰਗਿਆ ਸਮਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੂਨ:
ਮੁਹਾਲੀ ਦਾ ਸਿੱਖ ਅਜਾਇਬ ਘਰ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੈ। ਹੁਣ ਤੱਕ ਸਿੱਖ ਅਜਾਇਬਘਰ ਲਈ ਨਾ ਪੱਕੀ ਜ਼ਮੀਨ ਅਲਾਟ ਹੋਈ ਅਤੇ ਨਾ ਹੀ ਨਵੀਂ ਇਮਾਰਤ ਦੀ ਉਸਾਰੀ ਲਈ ਕਿਸੇ ਨੇ ਫ਼ੰਡ ਦਿੱਤਾ। ਇਹੀ ਨਹੀਂ ਬੁੱਤਬਾਜ ਵੱਲੋਂ ਇੱਥੇ ਸਥਾਪਿਤ ਕੀਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਘੁੰਡ ਚੁਕਾਈ ਦੀ ਉਡੀਕ ਲਗਾਤਾਰ ਲੰਮੀ ਹੁੰਦੀ ਜਾ ਰਹੀ ਹੈ। ਬੁੱਤਸਾਜ ਪਰਵਿੰਦਰ ਸਿੰਘ ਅਤੇ ਸਿੱਖ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਦੇ ਸੰਸਥਾਪਕ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ ਅੱਜ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ।
ਉਨ੍ਹਾਂ ਨੇ ਮੰਤਰੀ ਨੂੰ ਦੱਸਿਆ ਕਿ ਬੀਤੀ 7 ਅਪਰੈਲ ਨੂੰ ਸਿੱਖ ਅਜਾਇਬਘਰ ਵਿੱਚ ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ ਅਤੇ ਉਹ ਉਨ੍ਹਾਂ (ਮੰਤਰੀ) ਤੋਂ ਇਸ ਦਾ ਉਦਘਾਟਨ ਕਰਵਾਉਣਾ ਚਾਹੁੰਦੇ ਹਨ।
ਪ੍ਰਿੰਸੀਪਲ ਗੋਸਲ ਨੇ ਮੰਤਰੀ ਨੂੰ ਦੱਸਿਆ ਕਿ ਪਰਵਿੰਦਰ ਸਿੰਘ ਉੱਚ ਕੋਟੀ ਦੇ ਬੁੱਤਸਾਜ ਹਨ, ਜੋ ਪਿਛਲੇ ਕਾਫ਼ੀ ਸਮੇਂ ਤੋਂ ਸਿੰਘ ਸ਼ਹੀਦਾਂ, ਸਿੱਖ ਇਤਿਹਾਸ ਨਾਲ ਸਬੰਧਤ ਮਹਾਨ ਸ਼ਖ਼ਸੀਅਤਾਂ ਅਤੇ ਦੇਸ਼ ਕੌਮ ਦੇ ਸ਼ਹੀਦਾਂ ਦੇ ਬੁੱਤ ਤਿਆਰ ਕਰਕੇ ਮੁਹਾਲੀ ਦੀ ਜੂਹ ਵਿੱਚ ਸਿੱਖ ਅਜਾਇਬਘਰ ਬਣਾਇਆ ਗਿਆ ਹੈ। ਇੱਥੇ ਆਲੀਸ਼ਾਨ ਇਮਾਰਤ ਬਣਾਉਣ ਲਈ ਨਕਸ਼ਾ ਵੀ ਤਿਆਰ ਕਰ ਲਿਆ ਗਿਆ ਹੈ ਪ੍ਰੰਤੂ ਫ਼ੰਡਾਂ ਦੀ ਘਾਟ ਦੇ ਚੱਲਦਿਆਂ ਸਿੱਖ ਅਜਾਇਬਘਰ ਦੀ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ। ਬੁੱਤਬਾਜ ਮੁਤਾਬਕ ਮੰਤਰੀ ਨੇ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਵਫ਼ਦ ਨਾਲ ਗੱਲਬਾਤ ਕੀਤੀ ਅਤੇ ਜਲਦੀ ਹੀ ਸਿੱਖ ਅਜਾਇਬ ਘਰ ਵਿੱਚ ਫੇਰੀ ਦਾ ਪ੍ਰੋਗਰਾਮ ਉਲੀਕ ਕੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਘੁੰਡ ਚੁਕਾਈ ਕਰਨ ਦਾ ਭਰੋਸਾ ਦਿੱਤਾ।
ਬੁੱਤਸਾਜ ਪਰਵਿੰਦਰ ਸਿੰਘ ਨੇ ਦੱਸਿਆ ਕਿ 6 ਮਹੀਨੇ ਦੀ ਸਖ਼ਤ ਮਿਹਨਤ ਨਾਲ ਸ਼ਹੀਦ ਭਗਤ ਸਿੰਘ ਦਾ ਬੱੁਤ ਤਿਆਰ ਕੀਤਾ ਗਿਆ ਹੈ। ਜਿਸ ਨੂੰ ਕੱਪੜੇ ਨਾਲ ਢੱਕ ਕੇ ਸਥਾਪਿਤ ਕਰ ਦਿੱਤਾ ਹੈ ਅਤੇ ਇਸ ਬੁੱਤ ਦੇ ਰਸਮੀ ਉਦਘਾਟਨ ਲਈ ਹੁਣ ਮੰਤਰੀ ਤੋਂ ਸਮਾਂ ਮੰਗਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਅਪਰੈਲ ਦੇ ਪਹਿਲੇ ਹਫ਼ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਘੁੰਡ ਚੁਕਾਈ ਕਰਨ ਦੀ ਗੁਹਾਰ ਲਗਾਈ ਗਈ ਸੀ ਲੇਕਿਨ ਹੁਣ ਤੱਕ ਉਨ੍ਹਾਂ ਨੇ ਬੁੱਤਸਾਜ ਨੂੰ ਢੁਕਵਾਂ ਸਮਾਂ ਨਹੀਂ ਦਿੱਤਾ।