ਮਨੀਪੁਰ ਘਟਨਾ ਲਈ ਕੇਂਦਰ ਤੇ ਰਾਜ ਸਰਕਾਰ ਦੀ ਚੁੱਪੀ ਲੋਕਤੰਤਰ ਲਈ ਵੱਡਾ ਖ਼ਤਰਾ

ਨਬਜ਼-ਏ-ਪੰਜਾਬ, ਮੁਹਾਲੀ, 23 ਜੁਲਾਈ:
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ ਦੀ ਅਗਵਾਈ ਵਿੱਚ ਹੋਈ। ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ, ਪ੍ਰੈਸ ਸਕੱਤਰ ਐਨਡੀ ਤਿਵਾੜੀ ਨੇ ਕਿਹਾ ਕਿ ਮਨੀਪੁਰ ਵਿੱਚ ਲਗਾਤਾਰ ਵਾਪਰ ਰਹੀਆਂ ਹਿੰਸਕ ਘਟਨਾਵਾਂ ਵਿੱਚ ਜਿਸ ਪ੍ਰਕਾਰ ਦੇਸ਼ ਅਤੇ ਰਾਜ ਦੀ ਸੱਤਾਧਾਰੀ ਧਿਰ ਚੁੱਪ ਧਾਰੀ ਬੈਠੀ ਹੈ, ਉਹ ਦੇਸ਼ ਦੇ ਲੋਕਤੰਤਰੀ ਢਾਂਚੇ ਲਈ ਖ਼ਤਰਨਾਕ ਹੈ ਅਤੇ ਜੀਟੀਯੂ ਮਨੀਪੁਰ ਵਿੱਚ ਅੌਰਤਾਂ ਨਾਲ ਹੋ ਰਹੀ ਵਧੀਕੀਆਂ ਖ਼ਿਲਾਫ਼ ਨਿਖੇਧੀ ਮਤਾ ਪਾਸ ਕਰਦੀ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰਦੀ ਹੈ।
ਵਿੱਤ ਸਕੱਤਰ ਸੋਮ ਸਿੰਘ, ਸੀਨੀਅਰ ਮੀਤ ਪ੍ਰਧਾਨ ਬਿਕਰਮਜੀਤ ਸਿੰਘ, ਕੰਵਲਜੀਤ ਸੰਗੋਵਾਲ, ਜਤਿੰਦਰ ਸਿੰਘ ਸੋਨੀ , ਪ੍ਰਗਟ ਸਿੰਘ ਜੰਬਰ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ 2020 ਅਤੇ ਅਧਿਆਪਨ ਵਰਗ ਵਿੱਚ ਆ ਰਹੀਆਂ ਮੁਸ਼ਕਲਾਂ ਸਬੰਧੀ ਸਕੂਲ ਟੀਚਰਜ਼ ਫੈਡਰੇਸ਼ਨ ਆਫ਼ ਇੰਡੀਆ ਦੀ ਅਗਵਾਈ ਵਿੱਚ ਸੀਕਰ (ਰਾਜਸਥਾਨ) ਵਿੱਚ ਤਿੰਨ ਰੋਜ਼ਾ ਸਕੂਲ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਿਕ) ਦਾ ਵਫ਼ਦ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗਾ ਤਾਂ ਜੋ ਦੇਸ਼ ਭਰ ਵਿੱਚ ਅਧਿਆਪਕ/ਅਧਿਆਪਨ ਲਈ ਜੋ ਸਿੱਖਿਆ ਮਾਰੂ ਨੀਤੀਆਂ ਚਲ ਰਹੀਆਂ, ਉਨ੍ਹਾਂ ’ਤੇ ਵਿਚਾਰ ਚਰਚਾ ਕਰਕੇ ਇਨ੍ਹਾਂ ਨੀਤੀਆਂ ਦੇ ਖ਼ਿਲਾਫ਼ ਸਮਾਜ ਨੂੰ ਜਾਗਰੂਕ ਕਰਕੇ ਲੋਕ ਲਹਿਰ ਉਸਾਰੀ ਜਾ ਸਕੇ।
ਇਸ ਮੌਕੇ ਮਾਸਟਰ ਕਾਡਰ/ਪ੍ਰਾਇਮਰੀ ਕਾਡਰ ਦੀਆਂ ਸੀਨੀਆਰਤਾ ਸੂਚੀਆਂ ਨੂੰ ਠੀਕ ਕਰਨ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ ਅਤੇ ਉੱਚ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਇਸ ਸੀਨੀਆਰਤਾ ਕਾਰਜ ਨੂੰ ਸਿਰੇ ਚੜਾਉਣ ਲਈ ਅਤੇ ਸਹੀ ਤਰਤੀਬਵਾਰ ਪਰਮੋਸ਼ਨ ਚੈਨਲ ਬਹਾਲ ਕਰਨ ’ਤੇ ਪੂਰਾ ਪਹਿਰਾ ਦਿੱਤਾ ਜਾਵੇਗਾ। ਜਗਤਾਰ ਸਿੰਘ, ਸੁੱਚਾ ਸਿੰਘ ਚਹਿਲ, ਗੁਰਮੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਮਿਡ-ਡੇਅ-ਮੀਲ ਦੀ ਵਰਤੋਂ ਲਈ ਐਲੂਮੀਨੀਅਮ ਦੇ ਬਰਤਨ ਬੰਦ ਕਰਨ ਤੋਂ ਪਹਿਲਾਂ ਸਟੀਲ ਜਾਂ ਸਿਹਤ ਲਈ ਠੀਕ ਹੋਰ ਭਾਂਡੇ ਖ਼ਰੀਦਣ ਲਈ ਸਰਕਾਰ ਫੰਡ ਦਾ ਪ੍ਰਬੰਧ ਕਰੇ ਤਾਂ ਜੋ ਸਕੂਲ ਜਲਦ ਤੋਂ ਜਲਦ ਇਹ ਬਰਤਨ ਖ਼ਰੀਦ ਕੇ ਮਿਡ-ਡੇਅ-ਮੀਲ ਦਾ ਕਾਰਜ ਸਹੀ ਤਰਤੀਬ ਨਾਲ ਚਲਾ ਸਕਣ।
ਰਣਜੀਤ ਸਿੰਘ ਰਬਾਬੀ, ਰੇਸ਼ਮ ਸਿੰਘ, ਰਸ਼ਪਿੰਦਰ ਪਾਲ ਸੋਨੂੰ ਨੇ ਕਿਹਾ ਕਿ ਇਕ ਪਾਸੇ ਸਿੱਖਿਆ ਮੰਤਰੀ ਕਹਿ ਰਹੇ ਹਨ ਕਿ ਅਧਿਆਪਕਾਂ ਤੋਂ ਗ਼ੈਰ ਵਿੱਦਿਅਕ ਕਾਰਜ ਨਹੀਂ ਲਏ ਜਾਣਗੇ ਅਤੇ ਅਧਿਆਪਕ ਵਰਗ ਸਿੱਖਿਆ ਉੱਤੇ ਹੀ ਫੋਕਸ ਕਰੇਗਾ ਤਾਂ ਜੋ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਲਈ ਇਕ ਵਿਲੱਖਣ ਸੂਬਾ ਬਣ ਸਕੇ ਪਰ ਦੂਜੇ ਪਾਸੇ 80 ਫੀਸਦੀ ਅਧਿਆਪਕ ਬੀਐਲਓ ਦੀਆਂ ਡਿਊਟੀਆਂ ਜੋ ਕਿ ਇੱਕ ਮਹੀਨੇ ਲਈ ਘਰੋਂ ਘਰੀ ਸਰਵੇਖਣ ਕਰਨ ਤੇ ਲੱਗੀਆਂ ਹਨ ਵਿੱਚ ਉਲਝਿਆ ਪਿਆ ਹੈ ਅਤੇ ਦੂਜੇ ਪਾਸੇ ਪੀਐਮ ਬੀਮਾ ਯੋਜਨਾ ਅਧੀਨ ਸਕੂਲਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਬੀਮੇ ਕਰਵਾਉਣ ਦੇ ਟੀਚੇ ਦਿੱਤੇ ਜਾ ਰਹੇ ਹਨ। ਇਸ ਲਈ ਜਥੇਬੰਦੀ ਮੰਗ ਕਰਦੀ ਹੈ ਕਿ ਅਧਿਆਪਕਾਂ ਨੂੰ ਗ਼ੈਰ ਵਿੱਦਿਅਕ ਕਾਰਜ ਬੀਐਲਓ ਡਿਊਟੀ ਤੋਂ ਤੁਰੰਤ ਰਿਲੀਵ ਕੀਤਾ ਜਾਵੇ ਅਤੇ ਬੀਮ ਨੀਤੀਆਂ ਕਰਵਾਉਣ ਦਾ ਕੰਮ ਅਧਿਆਪਕ ਵਰਗ ਤੋਂ ਨਾ ਕਰਵਾਇਆ ਜਾਵੇ। ਇਸ ਮੌਕੇ ਨਵਦੀਪ ਸਿੰਘ, ਸੰਜੇ ਕੁਮਾਰ ਆਦਿ ਅਧਿਆਪਕ ਆਗੂ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …