ਐਸਐਸਪੀ ਨੇ ਸ਼ਹਿਰ ਵਿੱਚ ਪੁਲੀਸ ਗਸ਼ਤ ਲਈ 16 ਵਾਹਨਾਂ ਨੂੰ ਦਿਖਾਈ ਹਰੀ ਝੰਡੀ

ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਦੇ ਆਲੇ ਦੁਆਲੇ ਪੁਲੀਸ ਗਸ਼ਤ ਤੇਜ਼ ਕੀਤੀ ਜਾਵੇਗੀ: ਐਸਐਸਪੀ

24 ਘੰਟੇ ਵਿਸ਼ੇਸ਼ ਪੁਆਇੰਟਾਂ ’ਤੇ ਸ਼ਿਫ਼ਟਾਂ ਵਿੱਚ ਤਾਇਨਾਤ ਰਹਿਣਗੇ ਮਹਿਲਾ ਤੇ ਪੁਰਸ਼ ਮੁਲਾਜ਼ਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਪਰੈਲ:
ਮੁਹਾਲੀ ਦੇ ਐਸਐਸਪੀ ਵਿਵੇਕ ਸੀਲ ਸੋਨੀ ਨੇ ਅੱਜ ਸ਼ਹਿਰ ਵਿੱਚ ਸਟਰੀਟ ਕਰਾਈਮ ਨੂੰ ਠੱਲ੍ਹ ਪਾਉਣ ਦੇ ਮੰਤਵ ਨਾਲ ਅੱਜ 16 ਪੁਲੀਸ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜਿਨ੍ਹਾਂ ਵਿੱਚ 10 ਮੋਟਰ ਸਾਈਕਲਾਂ ’ਤੇ ਪੁਰਸ਼ ਮੁਲਾਜ਼ਮ ਅਤੇ 6 ਐਕਟਿਵਾ ਉੱਤੇ ਮਹਿਲਾ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮਹਿਲਾ ਪੁਲੀਸ ਮੁਲਾਜ਼ਮ ਸਬੰਧਤ ਸਰਕਲ ਦੇ ਡੀਐਸਪੀ ਅਤੇ ਥਾਣਾ ਮੁਖੀ ਦੀ ਨਿਗਰਾਨੀ ਹੇਠ ਸ਼ਹਿਰ ਵਿੱਚ ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਨੇੜੇ ਗਸ਼ਤ ਕਰਨਗੇ ਅਤੇ ਲੜਕੀਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਵਿੱਚ ਸਹਾਈ ਹੋਣਗੇ।
ਐਸਐਸਪੀ ਨੇ ਦੱਸਿਆ ਕਿ ਮੁਹਾਲੀ ਵਿਚਲੇ ਸਕੂਲਾਂ/ਕਾਲਜਾਂ ਵਾਲੇ ਖੇਤਰ ਨੂੰ 6 ਬੀਟਾਂ ਵਿੱਚ ਵੰਡਿਆ ਗਿਆ ਹੈ। ਹਰੇਕ ਬੀਟ ਵਿੱਚ 4/4 ਵਿਸ਼ੇਸ਼ ਪੁਆਇੰਟ ਬਣਾਏ ਗਏ ਹਨ ਅਤੇ ਇਨ੍ਹਾਂ ਥਾਵਾਂ ’ਤੇ ਮਹਿਲਾ ਪੁਲੀਸ ਮੁਲਾਜ਼ਮ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਤਾਇਨਾਤ ਰਹਿਣਗੇ। ਇਨ੍ਹਾਂ ਮੁਲਾਜ਼ਮਾਂ ਨੂੰ ਇਸ ਡਿਊਟੀ ਲਈ ਵਾਇਰਲੈੱਸ ਸੈੱਟ ਅਤੇ ਬੈਟਨ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਸ਼ਹਿਰ ਵਿੱਚ ਪੈਂਦੇ ਦੋ ਦਰਜਨ ਤੋਂ ਵੱਧ ਮਹੱਤਵਪੂਰਨ ਸਿੱਖਿਆ ਅਦਾਰਿਆਂ ਨੂੰ ਕਵਰ ਕੀਤਾ ਜਾਵੇਗਾ। ਇਸ ਮੁਹਿੰਮ ਦੀ ਕਾਰਗੁਜ਼ਾਰੀ ਸਬੰਧੀ ਅੱਜ ਸਵੇਰੇ 10.30 ਵਜੇ ਮੁਹਾਲੀ ਦੇ ਸਕੂਲਾਂ-ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਇੱਕ ਵੀਡੀਓ ਕਾਨਫਰੰਸ ਕੀਤੀ ਗਈ ਹੈ, ਜਿਨ੍ਹਾਂ ਨੇ ਪੁਲੀਸ ਦੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ।
ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਸ਼ਹਿਰ ਵਿੱਚ ਪੀਸੀਆਰ ਡਿਊਟੀ ਲਈ 10 ਹੋਰ ਮੋਟਰ ਸਾਈਕਲਾਂ ਸਮੇਤ 40 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਹਰੇਕ ਮੋਟਰ ਸਾਈਕਲ ’ਤੇ 2 ਮੁਲਾਜ਼ਮ ਡਿਊਟੀ ਦੇਣਗੇ। ਇਨ੍ਹਾਂ ਪੀਸੀਆਰ ਦੇ ਮੁਲਾਜ਼ਮਾਂ ਨੂੰ ਬੀਟ ਵਾਈਜ਼ ਡਿਊਟੀ ਸੌਂਪੀ ਗਈ ਹੈ। ਇਸ ਸਬੰਧੀ ਮੁਹਾਲੀ ਨੂੰ 10 ਸੈਕਟਰ ਵਿੱਚ ਵੰਡਿਆ ਗਿਆ ਹੈ ਅਤੇ 60 ਵਿਸ਼ੇਸ਼ ਪੁਆਇੰਟ ਬਣਾਏ ਗਏ ਹਨ। ਜਿੱਥੇ ਪੁਲੀਸ ਮੁਲਾਜ਼ਮ ਸ਼ਿਫ਼ਟਾਂ ਵਿੱਚ 24 ਘੰਟੇ ਤਾਇਨਾਤ ਰਹਿਣਗੇ। ਪਹਿਲੀ ਸ਼ਿਫ਼ਟ ਸਵੇਰੇ 8 ਤੋਂ ਦੇਰ ਸ਼ਾਮ 8 ਵਜੇ ਤੱਕ ਅਤੇ ਦੂਜੀ ਸ਼ਿਫ਼ਟ ਸ਼ਾਮ 8 ਵਜੇ ਤੋਂ ਸਵੇਰੇ 8 ਵਜੇ ਤੱਕ ਹੋਵੇਗੀ। ਇਹ ਮੁਲਾਜ਼ਮ ਆਪੋ-ਆਪਣੀ ਬੀਟ ਵਿੱਚ ਟਰੈਫ਼ਿਕ ਰੈਗੂਲੇਟ ਕਰਵਾਉਣ ਤੋਂ ਇਲਾਵਾ ਹਰ ਤਰ੍ਹਾਂ ਦੇ ਕਰਾਇਮ ਨੂੰ ਕੰਟਰੋਲ ਕਰਨ ਬਾਰੇ ਵੀ ਡਿਊਟੀ ਨਿਭਾਉਣਗੇ।

Load More Related Articles

Check Also

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ ਭਗਤ ਆਸਾ ਰਾਮ ਜੀ ਦ…