nabaz-e-punjab.com

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਤੇ ਸ਼ਿਵ ਬਟਾਲਵੀ ਦਾ ਜਨਮ ਦਿਨ ਸਰਕਾਰੀ ਤੌਰ ’ਤੇ ਮਨਾਏਗੀ ਸੂਬਾ ਸਰਕਾਰ

ਸੂਬਾ ਸਰਕਾਰ ਪੰਜਾਬ ਦੀ ਅਮੀਰ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਫੂਲਤ ਕਰਨ ਵਚਨਬੱਧੂ: ਨਵਜੋਤ ਸਿੱਧੂ

ਬਟਾਲਾ ਸ਼ਹਿਰ ਦੇ ਵਿਕਾਸ ’ਤੇ ਖਰਚੇ ਜਾਣਗੇ 42 ਕਰੋੜ ਰੁਪਏ

ਨਬਜ਼-ਏ-ਪੰਜਾਬ ਬਿਊਰੋ, ਬਟਾਲਾ, 28 ਅਗਸਤ:
ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ‘ਚ 10 ਪ੍ਰਮੁੱਖ ਉਤਸ਼ਵ ਸਰਕਾਰੀ ਤੌਰ ‘ਤੇ ਵੱਡੇ ਪੱਧਰ ‘ਤੇ ਮਨਾਏ ਜਾਇਆ ਕਰਨਗੇ। ਇਹ ਪ੍ਰਗਟਾਵਾ ਸ. ਸਿੱਧੂ ਨੇ ਅੱਜ ਬਟਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਨਤਮਸਤਕ ਹੋਣ ਤੋਂ ਪਹਿਲਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ, ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਸ. ਸ਼ਿਵਦੁਲਾਰ ਸਿੰਘ, ਐਸ.ਡੀ.ਐਮ. ਬਟਾਲਾ ਸ੍ਰੀ ਰੋਹਿਤ ਗੁਪਤਾ, ਅਭਿਨਵ ਸੇਖੜੀ ਵੀ ਮੌਜੂਦ ਸਨ।
ਸ੍ਰੀ ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਗਲੇ ਸਾਲ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸਰਕਾਰੀ ਤੌਰ ‘ਤੇ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬਟਾਲਾ ਵਿੱਚ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਦਿਨ, ਬਾਬਾ ਫਰੀਦ ਪੁਰਬ ਫਰੀਦਕੋਟ, ਕਪੂਰਥਲਾ ਵਿਰਾਸਤੀ ਉਤਸਵ, ਡੀਫੈਂਸ ਲਿਟਰੇਰੀ ਫੈਸਟੀਵਲ ਚੰਡੀਗੜ੍ਹ, ਅੰਮ੍ਰਿਤਸਰ ਵਿਰਾਸਤੀ ਮੇਲਾ, ਸੂਫੀ ਫੈਸਟੀਵਲ ਅੰਮ੍ਰਿਤਸਰ, ਹਰਵੱਲਭ ਸੰਗੀਤ ਸੰਮੇਲਨ ਜਲੰਧਰ, ਕਿਲ੍ਹਾ ਰਾਏਪੁਰ ਖੇਡਾਂ ਲੁਧਿਆਣਾ ਅਤੇ ਪਟਿਆਲਾ ਵਿਰਾਸਤੀ ਮੇਲਾ ਤੇ ਕਰਾਫਟ ਮੇਲਾ ਵੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਤੌਰ ਮਨਾਏ ਜਾਣਗੇ। ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਬਟਾਲਾ ਲਈ ਮਾਣ ਵਾਲੀ ਗੱਲ ਹੈ ਕਿ ਸਰਕਾਰ ਵੱਲੋਂ 10 ਵਿੱਚੋਂ 2 ਉਤਸਵ ਬਟਾਲਾ ਵਿਖੇ ਮਨਾਏ ਜਾਣਗੇ। ਸ. ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਹ ਫੈਸਲਾ ਪੰਜਾਬ ਦੀ ਅਮੀਰ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਫੂਲਤ ਕਰਨ ‘ਚ ਸਹਾਈ ਹੋਵੇਗਾ।
ਸ੍ਰੀ ਸਿੱਧੂ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਸੁਲਤਾਨਪੁਰ ਲੋਧੀ ਵਿਖੇ ਬਹੁਤ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਸਾਲ 2018 ‘ਚ ਵਿਆਹ ਪੁਰਬ ਮੌਕੇ ਗੁਰੂ ਨਾਨਕ ਸਾਹਿਬ ਦੇ 550 ਪ੍ਰਕਾਸ਼ ਦਿਹਾੜੇ ਅਤੇ ਵਿਆਹ ਪੁਰਬ ਨੂੰ ਸਮਰਪਿਤ ਕੌਫੀਟੇਬਲ ਬੁੱਕ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਹਰ ਸਾਲ ਵਿਆਹ ਪੁਰਬ ਅਤੇ ਸ਼ਿਵ ਬਟਾਲਵੀ ਦੀ ਯਾਦ ‘ਚ ਹੋਣ ਵਾਲੇ ਸਮਾਗਮਾਂ ‘ਚ ਖੁਦ ਭਾਗ ਲੈਣ ਬਟਾਲਾ ਆਇਆ ਕਰਨਗੇ। ਉਨ੍ਹਾਂ ਦੱਸਿਆ ਕਿ ਬਟਾਲਾ ਸ਼ਹਿਰ ਦੇ ਵਿਕਾਸ ਲਈ ਸੂਬਾ ਸਰਕਾਰ ਨੇ 42 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਜਿਸ ਨਾਲ ਬਟਾਲਾ ਸ਼ਹਿਰ ਦਾ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਜੋ ਵਾਅਦਾ ਕਰਦੇ ਹਨ ਉਸ ਨੂੰ ਪੂਰਾ ਵੀ ਕਰਦੇ ਹਨ। ਇਸ ਤੋਂ ਬਾਅਦ ਸ੍ਰੀ ਸਿੱਧੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੱਢੇ ਜਾ ਰਹੇ ਨਗਰ ਕੀਤਰਨ ‘ਚ ਮੱਥਾ ਟੇਕਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸਾਬਕਾ ਮੰਤਰੀ ਅਸ਼ਵਨੀ ਸੇਖੜੀ ਅਤੇ ਅਭਿਨਵ ਸੇਖੜੀ ਨੂੰ ਸਿਰਪਾਓ ਦੀ ਬਖ਼ਸ਼ਿਸ਼ ਦਿੱਤੀ ਗਈ।
(ਬਾਕਸ ਆਈਟਮ)
ਅਸ਼ਵਨੀ ਸੇਖੜੀ ਵੱਲੋਂ ਬਟਾਲਾ ਨੂੰ ਨਗਰ ਨਿਗਮ ਦਾ ਦਰਜਾ ਦੇਣ ਦੀ ਮੰਗ
ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ ਨੇ ਅੱਜ ਬਟਾਲਾ ਪੁਹੰਚੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਕੋਲ ਮੰਗ ਰੱਖੀ ਕਿ ਬਟਾਲਾ ਨਗਰ ਕੌਂਸਲ ਨੂੰ ਨਗਰ ਨਿਗਮ ਦਾ ਦਰਜਾ ਦਿੱਤਾ ਜਾਵੇ। ਸ੍ਰੀ ਸੇਖੜੀ ਨੇ ਕਿਹਾ ਕਿ ਬਟਾਲਾ ਸ਼ਹਿਰ ਜੋ ਕਿ ਸੂਬੇ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ ਅਤੇ ਇਹ ਧਾਰਮਿਕ ਤੇ ਇਤਿਹਸਾਕ ਤੌਰ ‘ਤੇ ਵੀ ਆਪਣਾ ਵਿਸ਼ੇਸ਼ ਸਥਾਨ ਰੱਖਦਾ ਹੈ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਨਗਰ ਨਿਗਮ ਬਣਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਇਸ ਲਈ ਇਸਨੂੰ ਨਗਰ ਨਿਗਮ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਬਣਨ ਨਾਲ ਬਟਾਲਾ ਸ਼ਹਿਰ ਦੀ ਤਰੱਕੀ ਦਾ ਨਵਾਂ ਰਾਹ ਖੁੱਲ ਜਾਵੇਗਾ, ਇਸ ਲਈ ਸਰਕਾਰ ਨੂੰ ਇਸ ਮੰਗ ਨੂੰ ਪਹਿਲ ਦੇ ਅਧਾਰ ‘ਤੇ ਮੰਨਣਾ ਚਾਹੀਦਾ ਹੈ। ਸ੍ਰੀ ਸੇਖੜੀ ਦੀ ਇਸ ਮੰਗ ਦਾ ਸਮਰਥਨ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧ ਨੇ ਕਿਹਾ ਕਿ ਬਟਾਲਾ ਨਗਰ ਕੌਂਸਲ ਇਸ ਸਬੰਧੀ ਲਿਖਤੀ ਤੌਰ ‘ਤੇ ਲਿਖ ਕੇ ਸਰਕਾਰ ਨੂੰ ਭੇਜ ਦੇਵੇ, ਉਹ ਬਟਾਲਾ ਵਾਸੀਆਂ ਦੀ ਇਸ ਮੰਗ ਨੂੰ ਸਰਕਾਰ ਕੋਲ ਜਰੂਰ ਉਠਾਉਣਗੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…