
ਦਿਹਾਤੀ ਖੇਤਰਾਂ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਸੂਬਾ ਸਰਕਾਰ ਦੀ ਮੋਬਾਈਲ ਮੈਡੀਕਲ ਯੂਨਿਟ ਸੇਵਾ
ਚਾਲੂ ਮਾਲੀ ਸਾਲ ਦੌਰਾਨ ਮੋਬਾਈਲ ਯੂਨਿਟ ਰਾਹੀਂ ਹੁਣ ਤੱਕ 8460 ਮਰੀਜ਼ਾਂ ਦਾ ਕੀਤਾ ਚੈੱਕਅਪ
ਮੋਬਾਈਲ ਯੂਨਿਟ ਵਿੱਚ ਮੁਫ਼ਤ ਈਸੀਜੀ, ਲੈਬ ਟੈਸਟ ਦੀ ਸੁਵਿਧਾ ਉਪਲਬਧ, 2492 ਮਰੀਜ਼ਾਂ ਦੇ ਲੈਬ ਕੀਤੇ ਮੁਫ਼ਤ ਟੈਸਟ
ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਕਤੂਬਰ:
ਪੰਜਾਬ ਦੇ ਲੋਕਾਂ ਨੂੰ ਮਿਆਰੀ ਅਤੇ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੈਪਟਨ ਸਰਕਾਰ ਦੇ ਵਿਆਪਕ ਉਪਰਾਲੇ ਸਦਕਾ ਪਿੰਡਾਂ ਅਤੇ ਸਲੱਮ ਏਰੀਆ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਗੱਲ ਦਾ ਖੁਲਾਸਾ ਕਰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਸਰਕਾਰ ਦੇ ਇਸ ਉਦੇਸ਼ ਦੀ ਪੂਰਤੀ ਲਈ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਮੋਬਾਈਲ ਮੈਡੀਕਲ ਯੂਨਿਟ ਸ਼ੁਰੂ ਕੀਤਾ ਗਿਆ ਹੈ। ਜਿਸ ਰਾਹੀਂ ਪਿੰਡਾਂ, ਕਲੋਨੀਆਂ ਅਤੇ ਹੋਰ ਝੁੱਗੀ ਝੌਪੜੀਆਂ ਵਿੱਚ ਰਹਿੰਦੇ ਗ਼ਰੀਬ ਲੋਕਾਂ ਦੇ ਘਰਾਂ ਦੀ ਕੁੰਡੀ ਖੜਕਾ ਲੋੜਵੰਦ ਮਰੀਜ਼ਾਂ ਨੂੰ ਬੁਨਿਆਦੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆ ਜਾ ਰਹੀਆਂ ਹਨ।
ਡੀਸੀ ਨੇ ਦੱਸਿਆ ਕਿ ਮੋਬਾਈਲ ਮੈਡੀਕਲ ਯੂਨਿਟ ਰਾਹੀਂ ਇਸ ਸਾਲ ਹੁਣ ਤੱਕ 8460 ਮਰੀਜ਼ਾਂ ਦਾ ਚੈਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ 124 ਮਰੀਜ਼ਾਂ ਦੀ ਈਸੀਜੀ, 317 ਮਰੀਜ਼ਾਂ ਦੇ ਐਕਸਰੇ ਅਤੇ 2492 ਲੈਬ ਟੈਸਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਰਹਿੰਦੇ ਬਜ਼ੁਰਗ, ਅੰਗਹੀਣ, ਬੱਚੇ ਅਤੇ ਹੋਰ ਲੋੜਵੰਦ ਵਿਅਕਤੀ ਜੋ ਕਿ ਕਿਸੇ ਕਾਰਨ ਹਸਪਤਾਲ ਵਿੱਚ ਦਵਾਈ ਲੈਣ ਨਹੀਂ ਪਹੁੰਚ ਸਕਦੇ ਹਨ, ਉਨ੍ਹਾਂ ਨੂੰ ਮੈਡੀਕਲ ਸਹੂਲਤਾਂ ਦਾ ਲਾਭ ਲੈਣ ਲਈ ਇਹ ਬੱਸ ਲਾਹੇਵੰਦ ਸਾਬਿਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੈਡੀਕਲ ਬੱਸ ਰਾਹੀਂ ਮਰੀਜ਼ਾਂ ਨੂੰ ਰੋਗ ਮੁਕਤ ਕਰਨ ਲਈ ਮੁਫ਼ਤ ਦਵਾਈ ਵੀ ਦਿੱਤੀ ਜਾਂਦੀ ਹੈ। ਸਿਹਤ ਵਿਭਾਗ ਜਿੱਥੇ ਸਾਰੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਂਦਾ ਹੈ, ਉੱਥੇ ਮੋਬਾਈਲ ਮੈਡੀਕਲ ਯੂਨਿਟ ਵੱਲੋਂ ਗਜ਼ਟਿਡ ਛੁੱਟੀਆਂ ਵਾਲੇ ਦਿਨਾਂ ਨੂੰ ਛੱਡ ਕੇ ਪੇਂਡੂ ਖੇਤਰ ਵਿੱਚ ਲੋਕਾਂ ਨੂੰ ਰੋਜ਼ਾਨਾ ਅਤੇ ਹਰੇਕ ਸਨਿੱਚਰਵਾਰ ਨੂੰ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਕੈਦੀਆਂ ਤੇ ਬੰਦੀਆਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।
ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦੱਸਿਆ ਕਿ ਮੋਬਾਈਲ ਮੈਡੀਕਲ ਯੂਨਿਟ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਵੱਲੋਂ ਐਤਵਾਰ ਅਤੇ ਹੋਰ ਗਜ਼ਟਿਡ ਛੁੱਟੀਆਂ ਨੂੰ ਛੱਡ ਕੇ ਰੋਜ਼ਾਨਾ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ 2 ਵੱਖ-ਵੱਖ ਪਿੰਡਾਂ ਅਤੇ ਸਲੱਮ ਬਸਤੀਆਂ ਵਿੱਚ ਜਾ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਯੂਨਿਟ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇ ਨਾਲ ਨਾਲ ਕਈ ਟੈਸਟ ਵੀ ਮੁਫ਼ਤ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਮੋਬਾਈਲ ਮੈਡੀਕਲ ਸੇਵਾ ਦਾ ਦਾਇਰਾ ਹੋਰ ਵਧਾਇਆ ਜਾਵੇਗਾ ਤਾਂ ਕੋਈ ਲੋੜਵੰਦ ਮੈਡੀਕਲ ਸਹੂਲਤਾਂ ਤੋਂ ਵਾਂਝਾ ਨਾ ਰਹਿ ਸਕੇ।