ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ ਦੀ ਸੂਬਾ ਪੱਧਰੀ ਜਥੇਬੰਦਕ ਕਨਵੈਨਸ਼ਨ ਸਫਲਤਾ ਪੂਰਵਕ ਸਮਾਪਤ

ਪੈਨਸ਼ਨਰਜ਼-ਮੁਲਾਜ਼ਮ ਸਾਂਝੇ ਫਰੰਟ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਚੰਡੀਗੜ੍ਹ ਮਹਾਂ ਰੈਲੀ 14 ਅਕਤੂਬਰ ਨੂੰ

ਨਬਜ਼-ਏ-ਪੰਜਾਬ, ਮੁਹਾਲੀ, 24 ਸਤੰਬਰ:
ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ ਵੱਲੋਂ ਪੈਨਸ਼ਨਰਜ਼ ਭਵਨ ਲੁਧਿਆਣਾ ਵਿਖੇ ਜਥੇਬੰਦਕ ਕੰਨਵੈਨਸ਼ਨ ਕੀਤੀ ਗਈ। ਜਿਸ ਵਿੱਚ ਸਾਰੇ ਪੰਜਾਬ ਵਿੱਚੋਂ ਵੱਖ-ਵੱਖ ਸਮੂਹ ਯੂਨਿਟਾਂ ਦੇ 294 ਡੈਲੀਗੇਟ ਸ਼ਾਮਲ ਹੋਏ। ਕਨਵੈੱਨਸ਼ਨ ਦੇ ਸ਼ੁਰੂ ਵਿੱਚ ਵਿੱਛੜ ਗਏ ਆਗੂਆਂ ਮਹਾਂਸੰਘ ਦੇ ਬਾਨੀ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ, ਪੈਨਸ਼ਨਰਜ ਜੁਆਇੰਟ ਫਰੰਟ ਦੇ ਕਨਵੀਨਰ ਠਾਕਰ ਸਿੰਘ, ਦੇਸ਼ ਦੀ ਸੁਰੱਖਿਆ ਕਰਦੇ ਸ਼ਹੀਦ ਹੋਏ ਸੈਨਾ ਦੇ ਜਵਾਨ ਅਤੇ ਮਹਾਂਸੰਘ ਦੇ ਵੱਖ ਵੱਖ ਯੂਨਿਟਾਂ ਦੇ ਆਗੂਆਂ ਅਤੇ ਮੈਂਬਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ।
ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ ਦੇ ਜਨਰਲ ਸਕੱਤਰ ਅਤੇ ਟਰੇਡ ਯੂਨੀਅਨ ਲਹਿਰ ਦੇ ਬਾਬਾ ਬੋਹੜ ਰਣਬੀਰ ਸਿੰਘ ਢਿੱਲੋਂ ਵੱਲੋਂ ਕਨਵੈੱਨਸ਼ਨ ਦਾ ਰਸਮੀ ਉਦਘਾਟਨ ਕੀਤਾ ਗਿਆ। ਵਰਕਿੰਗ ਜਨਰਲ ਸਕੱਤਰ ਬੀਐੱਸ ਸੈਣੀ ਨੇ ਇਸ ਕੰਨਵੈਨਸ਼ਨ ਦਾ ਉਦੇਸ਼ ਸਪਸ਼ਟ ਕਰਦੇ ਹੋਏ ਵਿਸਥਾਰਪੂਰਬਕ ਅਜੰਡਾ ਪੇਸ਼ ਕੀਤਾ।
ਸੂਬਾ ਪ੍ਰਧਾਨ ਡਾ. ਐਨਕੇ ਕਲਸੀ ਨੇ ਕਨਵੈੱਨਸ਼ਨ ਵਿੱਚ ਸ਼ਾਮਲ ਹੋਣ ਲਈ ਵੱਖ-ਵੱਖ ਯੂਨਿਟਾਂ ਅਤੇ ਭਰਾਤਰੀ/ਸਹਿਯੋਗੀ ਜਥੇਬੰਦੀਆਂ ਦੀ ਸਮੂਹ ਸੂਝਵਾਨ ਲੀਡਰਸ਼ਿਪ ਦਾ ਸਵਾਗਤ ਕੀਤਾ ਅਤੇ ਪੈਨਸ਼ਨਰਾਂ ਦੀ ਪਿਛਲੇ 8 ਸਾਲਾਂ ਤੋਂ ਲਮਕਾਅ ਅਵਸਥਾ ਵਿੱਚ ਪਈਆਂ ਮੰਗਾਂ ਦਾ ਵਿਸਤਾਰ ਪੂਰਵਕ ਵੇਰਵਾ ਦਿੰਦੇ ਹੋਏ ਪੰਜਾਬ ਸਰਕਾਰ ਦੇ ਨਕਾਰਾਤਮਿਕ ਵਤੀਰੇ ਅਤੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਂਇੰਟ ਫਰੰਟ ਅਤੇ ਪੰਜਾਬ ਮੁਲਾਜ਼ਮ-ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਕੀਤੇ ਜਾ ਰਹੇ ਸੰਘਰਸ਼ਾਂ ਦੀ ਵਿਸਥਾਰ ਸਹਿਤ ਰਿਪੋਰਟਿੰਗ ਕੀਤੀ ਅਤੇ ਮਹਾਂਸੰਘ ਵਿੱਚ ਸ਼ਾਮਲ ਹੋਏ ਨਵੇਂ ਯੂਨਿਟਾਂ ਦੀ ਲੀਡਰਸ਼ਿਪ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ।
ਸਾਥੀ ਰਣਬੀਰ ਸਿੰਘ ਢਿੱਲੋਂ ਨੂੰ ਉਨ੍ਹਾਂ ਵੱਲੋਂ ਟਰੇਡ ਯੂਨੀਅਨ/ਪੈਨਸ਼ਨਰਜ਼ ਮਹਾਂਸੰਘ ਪ੍ਰਤੀ ਨਿਭਾਈਆਂ ਅਣਥੱਕ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਸਮੂਹ ਯੂਨਿਟਾਂ ਦੀ ਲੀਡਰਸ਼ਿਪ ਵੱਲੋਂ ਆਪੋ-ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਆਪਣੀ ਜ਼ਿੰਦਗੀ ਦੇ ਆਖ਼ਰੀ ਪੜਾਅ ਵਿੱਚ ਗੁਜ਼ਰਦੇ ਹੋਏ ਲਾਚਾਰ ਅਤੇ ਬੇਸਹਾਰਾ ਪੈਨਸ਼ਨਰਾਂ ਦੀਆਂ ਸੰਵਿਧਾਨਕ ਮੰਗਾਂ ਨਾ ਮੰਨ ਕੇ ਸਰਕਾਰ ਬਜ਼ੁਰਗ ਪੈਨਸ਼ਨਰਾਂ ਨਾਲ ਧ੍ਰੋਹ ਕਮਾ ਰਹੀ ਹੈ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਆਪਣੀ ਪੈਨਸ਼ਨ ਅਤੇ ਡੀਏ ਦੇ ਬਕਾਏ ਦੀ ਉਡੀਕ ਵਿੱਚ ਕਰੀਬ 35000 ਪੈਨਸ਼ਨਰਜ਼ ਸਵਰਗਵਾਸ ਹੋ ਗਏ ਹਨ, ਪਰੰਤੂ ਪੰਜਾਬ ਸਰਕਾਰ ਆਪਣੀ ਜ਼ਿੱਦ ਕਾਰਨ ਮੰਗਾਂ ਮੰਨਣ ਲਈ ਟੱਸ ਤੋਂ ਮੱਸ ਨਹੀਂ ਹੋ ਰਹੀ। ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਕਿ ਪੈਨਸ਼ਨਰਾਂ ਦੀ ਸਰੀਰਕ ਅਤੇ ਵਿੱਤੀ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਮਿਤੀ 01.01.2016 ਤੋਂ ਪਹਿਲਾਂ ਦੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ 2.59 ਦੇ ਗੁਣਾਂਕ ਨਾਲ ਤੁਰੰਤ ਸੋਧੀਆਂ ਜਾਣ, ਨੋਸ਼ਨਲ ਅਧਾਰ ਤੇ ਪੈਨਸ਼ਨਾਂ ਸੋਧਣ ਸਬੰਧੀ ਲੋੜੀਂਦਾ ਸਪਸ਼ਟੀਕਰਨ ਜਾਰੀ ਕੀਤਾ ਜਾਵੇ, ਮਿਤੀ 01.01.2016 ਤੋਂ 30.06.2021 ਤੱਕ ਦਾ ਬਕਾਇਆ ਯਕਮੁਸ਼ਤ ਅਦਾ ਕੀਤਾ ਜਾਵੇ, ਡੀ.ਏ. ਦੀਆਂ ਕਿਸ਼ਤਾਂ ਦਾ 202 ਮਹੀਨਿਆਂ ਦਾ ਬਕਾਇਆ ਦਿੱਤਾ ਜਾਵੇ, ਕੈਸ਼ਲੈਸ ਹੈਲਥ ਸਕੀਮ ਲਾਗੂ ਕੀਤੀ ਜਾਵੇ ਅਤੇ ਬਾਕੀ ਸੰਵਿਧਾਨ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਸਰਕਾਰ ਨੂੰ ਇਹ ਵੀ ਚਿਤਾਵਨੀ ਦਿੱਤੀ ਗਈ ਕਿ ਹੁਣ ਪੈਨਸ਼ਨਰਾਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ।
ਜੇਕਰ ਹੁਣ ਵੀ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਂਇੰਟ ਫ਼ਰੰਟ ਅਤੇ ਪੰਜਾਬ ਮੁਲਾਜ਼ਮ-ਪੈਨਸ਼ਨਰਜ਼ ਸਾਂਝਾਂ ਫ਼ਰੰਟ ਨਾਲ ਤਾਲ ਮੇਲ ਕਰਕੇ ਸਰਕਾਰ ਨਾਲ ਆਰ-ਪਾਰ ਦਾ ਸੰਘਰਸ਼ ਕੀਤਾ ਜਾਵੇਗਾ ਅਤੇ 14 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਮਹਾ ਰੋਸ ਰੈਲੀ ਵਿੱਚ ਵੱਧ-ਚੜ ਕੇ ਸ਼ਮੂਲੀਅਤ ਕੀਤੀ ਜਾਵੇਗੀ। ਪੰਜਾਬ ਸਰਕਾਰ ਵਿਰੁੱਧ ਇਕ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਹੜਤਾਲ ਨੂੰ ਦਬਾਉਣ ਲਈ ਲਗਾਏ ਐਸਮਾ ਕਾਨੂੰਨ ਦੀ ਨਿਖੇਧੀ ਕੀਤੀ ਗਈ ਅਤੇ ਇਹ ਕਾਨੂਨ ਵਾਪਸ ਲੈਣ ਦੀ ਮੰਗ ਕੀਤੀ ਗਈ।
ਕੰਨਵੈਨਸ਼ਨ ਦੇ ਅਖੀਰ ਵਿੱਚ ਪ੍ਰਧਾਨਗੀ ਮੰਡਲ ਵੱਲੋਂ ਸਾਥੀ ਹਰਪ੍ਰੀਤ ਇੰਦਰ ਸਿੰਘ ਨੇ ਕਨਵੈੱਨਸ਼ਨ ਦੀ ਕਾਮਯਾਬੀ ਲਈ ਸਵਾਗਤੀ ਕਮੇਟੀ ਪੈਨਸ਼ਨਰਜ਼ ਇਨਫਰਮੇਸ਼ਨ ਸੈਂਟਰ ਦੇ ਚੇਅਰਮੈਨ ਦਲੀਪ ਸਿੰਘ, ਲੁਧਿਆਣਾ ਯੂਨਿਟਾਂ ਦੇ ਸਾਥੀ ਸੁਸ਼ੀਲ ਕੁਮਾਰ, ਡਾ. ਮਹਿੰਦਰ ਕੁਮਾਰ ਸ਼ਾਰਦਾ, ਪਵਿੱਤਰ ਸਿੰਘ, ਲਖਬੀਰ ਸਿੰਘ ਭੱਟੀ ਅਤੇ ਸਮੂਹ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਡੈਲੀਗੇਟ/ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਪਰੋਕਤ ਤੋਂ ਇਲਾਵਾ ਦਲੀਪ ਸਿੰਘ ਚੇਅਰਮੈਨ, ਡਾ. ਲੇਖ ਰਾਜ ਪਠਾਨਕੋਟ, ਜੇਪੀ ਸਿੰਘ ਅੌਲਖ ਅੰਮ੍ਰਿਤਸਰ, ਸੁਸ਼ੀਲ ਕੁਮਾਰ, ਜਰਨੈਲ ਸਿੰਘ ਸਿੱਧੂ, ਜਸਵੰਤ ਸਿੰਘ ਬਨਭੌਰੀ, ਅਵਤਾਰ ਸਿੰਘ ਲੌਦੀ ਮਾਜਰਾ, ਗੁਰਨਾਮ ਸਿੰਘ ਅੌਲਖ, ਜਗਦੀਸ਼ ਚੰਦਰ ਸ਼ਰਮਾ, ਰਾਮ ਸਿੰਘ ਕਾਲੜਾ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …