ਸੰਘਰਸ਼ਸ਼ੀਲ ਮੁਲਾਜ਼ਮਾਂ ਨੂੰ ਇਨਸਾਫ਼ ਦਿਵਾਉਣ ਲਈ ਅਧਿਆਪਕਾਂ ਵੱਲੋਂ ਡੀਪੀਆਈ ਦਫ਼ਤਰ ਦਾ ਘਿਰਾਓ

ਅਧਿਆਪਕਾਂ ਦੇ ਸੰਘਰਸ਼ ਅੱਗੇ ਝੁਕਿਆ ਸਿੱਖਿਆ ਵਿਭਾਗ, ਅਧਿਆਪਕਾਂ ਨੂੰ ਪੱਕੇ ਕਰਨ ਦੇ ਹੁਕਮ ਜਾਰੀ

ਪੰਜਾਬ ਸਰਕਾਰ ਦੀ ਪ੍ਰਵਾਨਗੀ ਦੇ ਬਾਵਜੂਦ ਕਾਫ਼ੀ ਚਿਰ ਤੋਂ ਲਮਕ ਰਿਹਾ ਸੀ ਅਧਿਆਪਕਾਂ ਨੂੰ ਪੱਕੇ ਕਰਨ ਦਾ ਮਾਮਲਾ

ਅਧਿਆਪਕਾਂ ਨੂੰ ਪੱਕੇ ਕਰਨ ਦਾ ਸਰਕਾਰੀ ਪੱਤਰ ਜਾਰੀ ਹੋਣ ਉਪਰੰਤ ਡੀਟੀਐੱਫ਼ ਨੇ ਜੇਤੂ ਰੈਲੀ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੁਲਾਈ:
ਅਪਰੈਲ 2018 ਤੋਂ ਰੈਗੂਲਰ ਕੀਤੇ 8886 ਅਧਿਆਪਕਾਂ ’ਚੋਂ ਪੱਖਪਾਤੀ ਢੰਗ ਨਾਲ ਸੰਘਰਸ਼ਸ਼ੀਲ ਆਗੂ ਹਰਿੰਦਰ ਸਿੰਘ ਪਟਿਆਲਾ ਅਤੇ ਮੈਡਮ ਨਵਲਦੀਪ ਸ਼ਰਮਾ ਨੂੰ ਪੱਕਾ ਕਰਨ ਦੇ ਆਰਡਰ ਰੋਕੇ ਜਾਣ ਕਾਰਨ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐਫ਼) ਦੀ ਅਗਵਾਈ ਹੇਠ ਅਧਿਆਪਕਾਂ ਨੇ ਡੀਪੀਆਈ (ਸੈਕੰਡਰੀ) ਦੇ ਦਫ਼ਤਰ ਦਾ ਘਿਰਾਓ ਕੀਤਾ। ਸੈਂਕੜੇ ਅਧਿਆਪਕ ਪੁਲੀਸ ਨੂੰ ਝਕਾਨੀ ਦੇ ਕੇ ਸਿੱਖਿਆ ਭਵਨ ਦੇ ਅੰਦਰ ਦਾਖ਼ਲ ਹੋ ਗਏ ਅਤੇ ਚੌਥੀ ਮੰਜ਼ਲ ’ਤੇ ਸਥਿਤ ਡੀਪੀਆਈ (ਸ) ਦੇ ਦਫ਼ਤਰ ਮੂਹਰੇ ਧਰਨਾ ਲਗਾ ਕੇ ਬੈਠ ਗਏ। ਉਧਰ, ਅਧਿਆਪਕਾਂ ਦੇ ਰੋਹ ਨੂੰ ਦੇਖਦੇ ਹੋਏ ਮੁਹਾਲੀ ਪ੍ਰਸ਼ਾਸਨ ਨੇ ਜਥੇਬੰਦੀ ਦੇ ਆਗੂਆਂ ਦੀ ਡੀਪੀਆਈ (ਸ) ਕੁਲਜੀਤ ਪਾਲ ਸਿੰਘ ਨਾਲ ਮੁਲਾਕਾਤ ਕਰਵਾਈ ਅਤੇ ਆਪਸੀ ਗੱਲਬਾਤ ਤੋਂ ਬਾਅਦ ਦੋਵਾਂ ਅਧਿਆਪਕਾਂ ਨੂੰ ਪੱਕਾ ਕਰਨ ਦੇ ਹੁਕਮ ਜਾਰੀ ਕੀਤੇ ਗਏ। ਇਸ ਮਗਰੋਂ ਅਧਿਆਪਕਾਂ ਨੇ ਧਰਨਾ ਖ਼ਤਮ ਕਰਕੇ ਜੇਤੂ ਰੈਲੀ ਕੀਤੀ।
ਇਸ ਤੋਂ ਪਹਿਲਾਂ ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਬੀਤੀ 15 ਜੂਨ ਨੂੰ ਅਧਿਆਪਕਾਂ ਦੇ ਵਫ਼ਦ ਤਤਕਾਲੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਮੀਟਿੰਗ ਹੋਈ ਸੀ ਅਤੇ ਮੰਤਰੀ ਨੇ 30 ਜੂਨ ਤੱਕ ਦੋਵਾਂ ਅਧਿਆਪਕਾਂ ਦੇ ਰੈਗੂਲਰ ਆਰਡਰ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ ਪਰ ਸਿੱਖਿਆ ਵਿਭਾਗ ਦੀ ਢਿੱਲ-ਮੱਠ ਕਾਰਨ ਅਧਿਆਪਕਾਂ ਦੀ ਉਡੀਕ ਲੰਮੀ ਹੁੰਦੀ ਜਾ ਰਹੀ ਸੀ। ਜਿਸ ਕਾਰਨ ਜਥੇਬੰਦੀ ਨੂੰ ਇਹ ਕਦਮ ਚੱੁਕਣਾ ਪਿਆ। ਪੀੜਤ ਅਧਿਆਪਕ ਹਰਿੰਦਰ ਸਿੰਘ ਨੂੰ ਪਿਛਲੇ 16 ਮਹੀਨੇ ਤੋਂ ਤਨਖ਼ਾਹ ਨਾ ਦੇ ਕੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਤਾਜ਼ਾ ਹੁਕਮਾਂ ਵਿੱਚ ਨਿਯੁਕਤੀ ਦੀ ਮਿਤੀ ਸਬੰਧੀ ਕੀਤੇ ਪੱਖਪਾਤ ਬਾਰੇ ਇਤਰਾਜ਼ ਪ੍ਰਗਟਾਉਣ ’ਤੇ ਇਸ ਮਸਲੇ ਸਮੇਤ ਹੋਰ ਵਿਭਾਗੀ ਮੰਗਾਂ ਬਾਰੇ ਡੀਪੀਆਈ ਵੱਲੋਂ ਜਥੇਬੰਦੀ ਨਾਲ 2 ਅਗਸਤ ਦੀ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਨੇ ਮੀਟਿੰਗ ਕਰਕੇ ਅਧਿਆਪਕਾਂ ਦੀਆਂ ਮੰਗਾਂ ਹੱਲ ਨਹੀਂ ਕੀਤੀਆਂ ਤਾਂ ਮੁੜ ਸੰਘਰਸ਼ ਵਿੱਢਿਆ ਜਾਵੇਗਾ।
ਜਥੇਬੰਦੀ ਦੇ ਸੂਬਾ ਆਗੂਆਂ ਜਗਪਾਲ ਸਿੰਘ ਬੰਗੀ, ਰਾਜੀਵ ਬਰਨਾਲਾ, ਬੇਅੰਤ ਸਿੰਘ ਫੂਲੇਵਾਲਾ, ਗੁਰਪਿਆਰ ਸਿੰਘ ਕੋਟਲੀ, ਰਘਵੀਰ ਸਿੰਘ ਭਵਾਨੀਗੜ੍ਹ, ਜਸਵਿੰਦਰ ਅੌਜਲਾ, ਹਰਜਿੰਦਰ ਵਡਾਲਾ ਬਾਂਗਰ, ਕੁਲਵਿੰਦਰ ਜੋਸ਼ਨ, ਪ੍ਰੈੱਸ ਸਕੱਤਰ ਪਵਨ ਕੁਮਾਰ, ਨਛੱਤਰ ਸਿੰਘ ਤਰਨਤਾਰਨ, ਤਜਿੰਦਰ ਸਿੰਘ ਅਤੇ ਸੁਖਦੇਵ ਡਾਨਸੀਵਾਲ ਨੇ ਸ਼ਹੀਦ ਊਧਮ ਸਿੰਘ ਦੀ ਜੁਝਾਰੂ ਵਿਰਾਸਤ ਨੂੰ ਸਿਜਦਾ ਕਰਦਿਆਂ 31 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕੇਂਦਰ ਦੀ ਫਾਸ਼ੀਵਾਦੀ ਹਕੂਮਤ ਖ਼ਿਲਾਫ਼ ਰੇਲ ਰੋਕੋ ਅੰਦੋਲਨ ਦਾ ਹਿੱਸਾ ਬਣਨ, ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 7 ਜੁਲਾਈ ਨੂੰ ਜਲੰਧਰ ਵਿੱਚ ਕੀਤੀ ਜਾ ਰਹੀ ਸੂਬਾ ਕਨਵੈਨਸ਼ਨ ਵਿੱਚ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੀ ਅਗਵਾਈ ਹੇਠ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ।

ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਜਨਰਲ ਸਕੱਤਰ ਹਰਦੀਪ ਟੋਡਰਪੁਰ ਸਮੇਤ ਡੀਟੀਐਫ਼ ਦੇ ਸੂਬਾ ਆਗੂਆਂ ਮਹਿੰਦਰ ਸਿੰਘ ਕੌੜਿਆਂਵਾਲੀ, ਅਤਿੰਦਰ ਘੱਗਾ, ਪਰਮਿੰਦਰ ਮਾਨਸਾ, ਮੇਘਰਾਜ, ਲਖਵਿੰਦਰ ਸਿੰਘ, ਸੁਖਵਿੰਦਰ ਗਿਰ, ਮੁਲਖ ਰਾਜ, ਪ੍ਰਮਾਤਮਾ ਸਿੰਘ, ਸੁਖਦੀਪ ਤਪਾ, ਨਿਰਮਲ ਚੁਹਾਣਕੇ, ਬਲਵਿੰਦਰ ਕੌਰ ਅਤੇ ਪ੍ਰਤਾਪ ਸਿੰਘ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …