
ਅਧਿਆਪਕ ਜਥੇਬੰਦੀ ਡੀਟੀਐੱਫ਼ ਨੇ ਸਿੱਖਿਆ ਬੋਰਡ ਦੇ ਚੇਅਰਮੈਨ ਨਾਲ ਕੀਤੀ ਮੁਲਾਕਾਤ
ਬੋਰਡ ਮੁਖੀ ਪ੍ਰੋ. ਯੋਗਰਾਜ ਨੇ ਬਾਕੀ ਰਹਿੰਦੀ ਪੁਸਤਕਾਂ ਜਲਦੀ ਸਕੂਲਾਂ ’ਚ ਭੇਜਣ ਦਾ ਦਿੱਤਾ ਭਰੋਸਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੁਲਾਈ:
ਪੰਜਾਬ ਦੇ ਜ਼ਿਆਦਾਤਰ ਸਰਕਾਰੀ ਸਕੂਲਾਂ ਵਿੱਚ ਅਜੇ ਤਾਈਂ ਵਿਦਿਆਰਥੀਆਂ ਨੂੰ ਪੂਰੀਆਂ ਕਿਤਾਬਾਂ ਨਹੀਂ ਮਿਲੀਆਂ ਹਨ। ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ਼) ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਅਗਵਾਈ ਹੇਠ ਵਫ਼ਦ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨਾਲ ਮੁਲਾਕਾਤ ਕਰਕੇ ਇਹ ਮੁੱਦਾ ਜ਼ੋਰਾਂ-ਸ਼ੋਰਾਂ ਨਾਲ ਚੁੱਕਿਆ ਹੈ। ਡੀਟੀਐਫ਼ ਦੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਅਧਿਆਪਕ ਜਥੇਬੰਦੀ ਦੇ ਵਫ਼ਦ ਨੇ ਚਾਲੂ ਵਿੱਦਿਅਕ ਸੈਸ਼ਨ ਦੇ ਕਰੀਬ ਸਾਢੇ ਤਿੰਨ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਵਿਦਿਆਰਥੀਆਂ ਕੋਲ ਪੂਰੀਆਂ ਪੁਸਤਕਾਂ ਨਹੀਂ ਪਹੁੰਚ ਸਕੀਆਂ। ਜਥੇਬੰਦੀ ਦੇ ਇਸ ਇਤਰਾਜ਼ ’ਤੇ ਬੋਰਡ ਮੁਖੀ ਨੇ ਕਾਗਜ਼ ਖ਼ਰੀਦਣ ਵਿੱਚ ਹੋਈ ਦੇਰੀ ਨੂੰ ਇਸ ਦਾ ਕਾਰਨ ਦੱਸਦੇ ਹੋਏ ਬਾਕੀ ਪੁਸਤਕਾਂ ਜਲਦੀ ਵਿਦਿਆਰਥੀਆਂ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਜਥੇਬੰਦੀ ਦੀ ਮੰਗ ਅਨੁਸਾਰ ਚੇਅਰਮੈਨ ਨੇ ਭਵਿੱਖ ਵਿੱਚ ਵਿੱਦਿਅਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੀਆਂ ਪੁਸਤਕਾਂ ਸਕੂਲਾਂ ਵਿੱਚ ਪੁੱਜਦੀਆਂ ਕਰਨ ਦੀ ਗੱਲ ਵੀ ਕਹੀ।
ਆਗੂਆਂ ਨੇ ਬੋਰਡ ਮੈਨੇਜਮੈਂਟ ਦੇ ਧਿਆਨ ਵਿੱਚ ਲਿਆਂਦਾ ਕਿ ਪਹਿਲੀ ਜਮਾਤ ਦੀ ਅੰਗਰੇਜ਼ੀ ਦੀ ਪੁਸਤਕ, ਤੀਜੀ ਅਤੇ ਚੌਥੀ ਜਮਾਤ ਦੀ ਮਾਤ ਭਾਸ਼ਾ ਪੰਜਾਬੀ ਦੀ ਪੁਸਤਕ, ਨੌਵੀਂ ਦੀ ਹਿੰਦੀ ਅਤੇ ਅੰਗਰੇਜ਼ੀ ਵਿਆਕਰਨ, ਗਣਿਤ, ਪੰਜਾਬੀ ਵੰਨਗੀ, ਦਸਵੀਂ ਜਮਾਤ ਦੀ ਅੰਗਰੇਜ਼ੀ ਅਤੇ ਵਿਗਿਆਨ, ਬਾਰ੍ਹਵੀਂ ਜਮਾਤ ਦੀ ਪੰਜਾਬੀ, ਕੰਪਿਊਟਰ ਸਿੱਖਿਆ ਅਤੇ ਵਾਤਾਵਰਨ ਸਿੱਖਿਆ ਵਿਸ਼ਿਆਂ ਦੀਆਂ ਪਾਠ-ਪੁਸਤਕਾਂ ਅਜੇ ਤਾਈਂ ਵਿਦਿਆਰਥੀਆਂ ਤੱਕ ਨਹੀਂ ਪਹੁੰਚੀਆਂ ਹਨ। ਇਸ ਤੋਂ ਇਲਾਵਾ ਕਈ ਪੁਸਤਕਾਂ ਲੋੜੀਂਦੀ ਗਿਣਤੀ ਅਨੁਸਾਰ ਸਕੂਲਾਂ ਤੱਕ ਨਹੀਂ ਪਹੁੰਚ ਸਕੀਆਂ ਹਨ। ਗਣਿਤ, ਵਿਗਿਆਨ, ਮਾਤ ਭਾਸ਼ਾ ਅਤੇ ਹੋਰ ਮਹੱਤਵਪੂਰਨ ਵਿਸ਼ਿਆਂ ਦੀ ਪੁਸਤਕਾਂ ਤੋਂ ਬਿਨਾਂ ਵਿਦਿਆਰਥੀਆਂ ਲਈ ਇਨ੍ਹਾਂ ਵਿਸ਼ਿਆਂ ਦੀ ਪੜ੍ਹਾਈ ਕਰਨਾ ਚੁਨੌਤੀ ਬਣਿਆ ਹੋਇਆ ਹੈ ਅਤੇ ਅਧਿਆਪਕਾਂ ਨੂੰ ਵੀ ਇਨ੍ਹਾਂ ਵਿਸ਼ਿਆਂ ਦਾ ਘਰ ਦਾ ਕੰਮ ਦੇਣ ਵਿੱਚ ਸਮੱਸਿਆ ਆ ਰਹੀ ਹੈ।
ਇਸ ਮੌਕੇ ਡੀਟੀਐੱਫ਼ ਦੇ ਮੀਤ ਪ੍ਰਧਾਨ ਗੁਰਪਿਆਰ ਸਿੰਘ ਕੋਟਲੀ, ਸੁਖਦੇਵ ਡਾਨਸੀਵਾਲ, ਹੰਸ ਰਾਜ ਗੜ੍ਹਸ਼ੰਕਰ, ਗਿਆਨ ਚੰਦ ਰੂਪਨਗਰ, ਹਰਿੰਦਰ ਸਿੰਘ ਪਟਿਆਲਾ, ਹਰਿੰਦਰਜੀਤ ਸਿੰਘ, ਡੀਐਮਐਫ਼ ਆਗੂ ਸੁਖਵਿੰਦਰ ਸਿੰਘ ਲੀਲ, ਰਾਜਵਿੰਦਰ ਧਨੋਆ, ਡਾ. ਮਨਿੰਦਰਪਾਲ, ਨਵਲਦੀਪ ਸ਼ਰਮਾ, ਸੁਖਦੇਵ ਸਿੰਘ ਰਾਜਪੁਰਾ, ਵਿਕਰਮ ਅਲੂਣਾ, ਰਣਧੀਰ ਖੇੜੀਮਾਨੀਆਂ ਅਤੇ ਬੇਅੰਤ ਸਿੰਘ ਵੀ ਮੌਜੂਦ ਸਨ।