ਘਰ ਅਤੇ ਹੋਰ ਇਮਾਰਤਾਂ ਸੀਲ ਕਰਨ ਪਹੁੰਚੀ ਟੀਮ ਨੂੰ ਪਿੰਡ ਵਾਸੀਆਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ

ਪਿੰਡ ਵਾਸੀਆਂ ਲਈ ਦਿੱਕਤ ਖੜੀ ਕਰਨ ਦੀ ਥਾਂ ਸਰਲ ਨੀਤੀ ਲਾਗੂ ਕਰੇ ‘ਆਪ’ ਸਰਕਾਰ: ਪਰਵਿੰਦਰ ਸੋਹਾਣਾ

ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ’ਚ ਸ਼ਹਿਰੀ ਬਿਲਡਿੰਗ ਬਾਇਲਾਜ਼ ਲਾਗੂ ਕਰਨਾ ਬਿਲਕੁਲ ਗਲਤ:

ਨਬਜ਼-ਏ-ਪੰਜਾਬ, ਮੁਹਾਲੀ, 5 ਫਰਵਰੀ:
ਮੁਹਾਲੀ ਨਗਰ ਨਿਗਮ ਵੱਲੋਂ ਇਤਿਹਾਸਕ ਨਗਰ ਸੋਹਾਣਾ ਵਿੱਚ ਘਰਾਂ ਸਮੇਤ ਹੋਰ ਉੱਚੀਆਂ ਇਮਾਰਤਾਂ ਨੂੰ ਸੀਲ ਕਰਨ ਦੀ ਕਾਰਵਾਈ ਕਰਨ ਆਏ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਅਸਿਸਟੈਂਟ ਕਮਿਸ਼ਨਰ ਜਗਜੀਤ ਸਿੰਘ ਤੇ ਹੋਰ ਅਧਿਕਾਰੀਆਂ ਵਿਰੁੱਧ ਸਖ਼ਤ ਨਾਰਾਜ਼ਗੀ ਜਤਾਈ। ਪਿੰਡ ਵਾਸੀਆਂ ਨੇ ਦਲੀਲ ਦਿੱਤੀ ਕਿ ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਵਿੱਚ ਸ਼ਹਿਰੀ ਬਿਲਡਿੰਗ ਬਾਇਲਾਜ਼ ਲਾਗੂ ਕਰਨਾ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਪਿੰਡ ਸਦੀਆਂ ਪਹਿਲਾਂ ਵਸੇ ਹੋਏ ਹਨ। ਲੋਕਾਂ ਨੇ ਆਪਣੀ ਸੁਵਿਧਾ ਮੁਤਾਬਕ ਆਪਣੇ ਘਰ ਬਣਾਏ ਹੋਏ ਹਨ। ਗਲੀਆਂ ਵੀ ਬਹੁਤ ਤੰਗ ਅਤੇ ਟੇਢੀਆਂ-ਮੇਢੀਆਂ ਹਨ। ਲਿਹਾਜ਼ਾ ਪਿੰਡਾਂ ਵਿੱਚ ਇਹ ਨਿਯਮ ਲਾਗੂ ਨਹੀਂ ਕੀਤੇ ਜਾ ਸਕਦੇ।
ਅਕਾਲੀ ਆਗੂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਿੰਡ ਵਾਸੀਆਂ ਦੀ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਸਰਲ ਨੀਤੀ ਲਾਗੂ ਕੀਤੀ ਜਾਵੇ ਤਾਂ ਜੋ ਲੋਕ ਬਿਨਾਂ ਕਿਸੇ ਦਿੱਕਤ ਦੇ ਆਪਣੇ ਘਰਾਂ ਅਤੇ ਬਿਲਡਿੰਗਾਂ ਲਈ ਨਕਸ਼ੇ ਪਾਸ ਕਰਵਾ ਸਕਣ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਪੁਰਾਣੇ ਘਰ ਵੀ ਇਸ ਨੀਤੀ ਤੋਂ ਪ੍ਰਭਾਵਿਤ ਹਨ ਅਤੇ ਲੋਕਾਂ ’ਤੇ ਉਜਾੜੇ ਦੀ ਤਲਵਾਰ ਲਮਕ ਰਹੀ ਹੈ। ਲੋਕਾਂ ਦੇ ਭਾਰੀ ਵਿਰੋਧ ਕਾਰਨ ਨਿਗਮ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਮੀਟਿੰਗ ਲਈ ਸੱਦਾ ਦਿੱਤਾ। ਬਾਅਦ ਦੁਪਹਿਰ ਪਿੰਡ ਵਾਸੀਆਂ ਅਤੇ ਨਿਗਮ ਕਮਿਸ਼ਨਰ ਵਿਚਾਲੇ ਮੁਲਾਕਾਤ ਹੋਈ, ਜਿਸ ਵਿੱਚ ਲੋਕਾਂ ਨੇ ਇਸ ਸਬੰਧੀ ਤੱਥਾਂ ਦੇ ਆਧਾਰਿਤ ਪੱਖ ਰੱਖਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨਗਰ ਨਿਗਮ ਨੇ ਕਾਰਵਾਈ ਨਾ ਰੋਕੀ ਤਾਂ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਕੌਂਸਲਰ ਹਰਜੀਤ ਸਿੰਘ ਭੋਲੂ, ਨੰਬਰਦਾਰ ਹਰਵਿੰਦਰ ਸਿੰਘ, ਪਰਮਜੀਤ ਸਿੰਘ ਬੈਦਵਾਨ, ਭਾਗ ਸਿੰਘ, ਭੁਪਿੰਦਰ ਸਿੰਘ, ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਉਧਰ, ਕੌਂਸਲਰ ਹਰਜਿੰਦਰ ਕੌਰ ਬੈਦਵਾਨ ਅਤੇ ਹਰਜੀਤ ਸਿੰਘ ਭੋਲੂ ਨੇ ਜ਼ੋਰ ਦੇ ਕੇ ਆਖਿਆ ਕਿ ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਲਈ ਵੱਖਰੇ ਬਾਇਲਾਜ ਬਣਾਏ ਜਾਣ ਅਤੇ ਇਨ੍ਹਾਂ ਪਿੰਡਾਂ ’ਤੇ ਜ਼ਬਰਦਸਤੀ ਸ਼ਹਿਰੀ ਬਿਲਡਿੰਗ ਬਾਇਲਾਜ ਨਾ ਥੋਪੇ ਜਾਣ। ਉਨ੍ਹਾਂ ਕਿਹਾ ਕਿ ਜਦੋਂ ਸੋਹਾਣਾ ਪਿੰਡ ਨੂੰ ਨਿਗਮ ਅਧੀਨ ਲਿਆ ਜਾ ਰਿਹਾ ਸੀ ਤਾਂ ਉਦੋਂ ਵੀ ਪਿੰਡ ਵਾਸੀਆਂ ਨੇ ਇਤਰਾਜ਼ ਦਰਜ ਕਰਵਾਏ ਸਨ ਪਰ ਹੁਣ ਸਰਕਾਰ ਧੱਕਾ ਕਰ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਪਸ਼ੂ ਪਾਲਣ ਮੰਤਰੀ ਵੱਲੋਂ ਫਰਵਰੀ ਦੇ ਅੰਤ ਤੱਕ ਪਸ਼ੂ-ਧਨ ਗਣਨਾ ਮੁਕੰਮਲ ਕਰਨ ਦੇ ਆਦੇਸ਼

ਪਸ਼ੂ ਪਾਲਣ ਮੰਤਰੀ ਵੱਲੋਂ ਫਰਵਰੀ ਦੇ ਅੰਤ ਤੱਕ ਪਸ਼ੂ-ਧਨ ਗਣਨਾ ਮੁਕੰਮਲ ਕਰਨ ਦੇ ਆਦੇਸ਼ ਗੁਰਮੀਤ ਖੁੱਡੀਆਂ ਨੇ ਵਿਭ…